‘ਟਿੱਬਿਆਂ ਦੇ ਬੋਹੜ’ ਨੂੰ ਅਲਵਿਦਾ…

‘ਟਿੱਬਿਆਂ ਦੇ ਬੋਹੜ’ ਨੂੰ ਅਲਵਿਦਾ…

ਨਿੱਜੀ ਯਾਦ: ਅਜਮੇਰ ਔਲਖ, ਪੰਜਾਬ ਬੁੱਕ ਸੈਂਟਰ ਵਾਲੇ ਅਵਤਾਰ ਪਾਲ ਨਾਲ, ਦਸੰਬਰ 2012 ‘ਚ ਸਾਡੀ ਧੀ ਅੰਬਰੀ ਪੁਖਰਾਜ਼ ਦੇ ਵਿਆਹ ਮੌਕੇ।
ਦਲਜੀਤ ਸਿੰਘ ਸਰਾ
ਸੱਚਾ ਸੁੱਚਾ, ਬੁਲੰਦ, ਝੂਠੀਮੂਠੀ ਦੀ ਸ਼ੋਹਰਤ/ਚੌਧਰ ਤੋਂ ਕੋਹਾਂ ਦੂਰ,  ਯਾਰਾਂ ਦਾ ਯਾਰ, ਕਮਾਲ ਦਾ ਅਧਿਆਪਕ, ਅਪਣਿਆਂ ਦਾ ਹੀ ਨਹੀਂ ਬੇਗਾਨਿਆਂ ਦਾ ਵੀ ਮਦਦਗਾਰ, ਹਰ ਇੱਕ ਦੇ ਦੁੱਖ ਸੁੱਖ ਦਾ ਭਾਈਵਾਲ, ਅਜਿਹੇ ਬੰਦੇ ਵਿਰਲੇ ਹੀ ਹੁੰਦੇ ਨੇ। ਅਜਮੇਰ ਸਿੰਘ ਔਲਖ ਅਜਿਹਾ ਹੀ ਸ਼ਾਨਦਾਰ ਬੰਦਾ ਸੀ। ਭਾਰਤ ਆਜ਼ਾਦ ਹੋਣ ਦੇ ਦਿਨੀਂ ਲੋਕ ਪੱਖੀ ਮੁਜ਼ਾਰਾ ਲਹਿਰ ਦੇ ਗੜ੍ਹ ਰਹੇ ਇਲਾਕੇ ਕਿਸ਼ਨਗੜ੍ਹ ਫਰਵਾਹੀਂ ਵਿੱਚ ਜੰਮਿਆ ਔਲਖ ਆਖ਼ਰੀ ਸਾਹ ਤੱਕ ਲੋਕਾਂ ਦੇ ਨਾਲ ਰਿਹਾ, ਲੋਕਾਂ ਲਈ ਲੜਦਾ, ਲੋਕ ਦੇ ਦੁੱਖ ਦਰਦ ਦੀ ਬਾਤ ਪਾਉਂਦਾ, ਲੋਕਾਂ ਦਾ ਅਟੁੱਟ ਅੰਗ। ਗਰੀਬ ਪਰਿਵਾਰ ਵਿੱਚ ਜੰਮੇ ਅਜਮੇਰ ਨੇ ਸੱਚੀਸੁੱਚੀ ਕਿਰਤ ਅਤੇ ਅਪਣੇ ਕਾਰਜ਼ਾਂ ਰਾਹੀਂ ਜਿਹੜੀ ਅਮੀਰੀ ਕਮਾਈ/ਹੰਢਾਈ ਉਹ ਉਸੇ ਦਾ ਹਾਸਲ ਸੀ। ਸਕੂਲੀ ਪੜ੍ਹਾਈ ਪੂਰੀ ਕਰਨ ਬਾਅਦ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਪੜ੍ਹਣ ਗਏ ਅਜਮੇਰ ਔਲਖ ਦੇ ‘ਅਸੂਲਾਂ ਦੀ ਲੜਾਈ’ ਦਾ ਪਹਿਲਾ ਪ੍ਰਗਟਾਵਾ ਉੱਥੇ ਹੀ ਹੋਇਆ ਅਤੇ ਅਪਣੇ ਬਚਪਨ ਦੇ ਯਾਰ ਹਾਕਮ ਸਮਾਓਂ, ਜੋ ਬਾਅਦ ਵਿੱਚ ਪੰਜਾਬ ਦੀ ਨਕਸਲਬਾੜੀ ਲਹਿਰ ਦੇ ‘ਜਥੇਦਾਰ’ ਵਜੋਂ ਉਭਰਿਆ,  ਸਮੇਤ ‘ਬੇਰੰਗ’ ਵਾਪਸ ਆਇਆ। ਫਿਰ ਮਹਿੰਦਰਾ ਕਾਲਜ ਵਿੱਚ ਪੜ੍ਹਦਿਆਂ ਪਟਿਆਲੇ ਦੇ ਮਸ਼ਹੂਰ ‘ਭੂਤਵਾੜੇ’ ਦੇ ਸ਼ਰਧਾਲੂ ਮੈਂਬਰ ਵਜੋਂ ਉਸਦੀ ਅਸਗਾਂਹਵਧੂ ਸੋਚ ਨੂੰ ਦੁਨੀਆਂ ਦੇ ਦਾਨਿਸ਼ਵਰਾਂ ਦੀਆਂ ਲਿਖਤਾਂ ਤੇ ਨਵੇਂ ਫਲਸਫ਼ੇ ਦੀ ਜਿਹੜੀ ਜਾਗ ਲੱਗੀ ਜਿਸਨੇ ਉਸਨੂੰ ਪੰਜਾਬ ਦੇ ਚੋਟੀ ਦੇ ਨਾਟਕਕਾਰ ਅਤੇ ਰੰਗਮੰਚ ਕਰਮੀ ਵਜੋਂ ਸਾਡੇ ਸਾਹਮਣੇ ਲਿਆਂਦਾ।  ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਵਿੱਚ ਅਧਿਆਪਕ ਲੱਗਣ ਬਾਅਦ ਯੁਵਕ ਮੇਲਿਆਂ ਲਈ ਸਕਿੱਟਾਂ ਤਿਆਰ ਕਰਨ ਦੀ ਜੁੰਮੇਵਾਰੀ ਦੌਰਾਨ ਅਜਮੇਰ ਔਲਖ ਦੀ ਨਾਟਕ ਕਲਾ ਨੂੰ ਉਭਰਣ ਦਾ ਮੌਕਾ ਮਿਲਿਆ। ਉਸਤੋਂ ਬਾਅਦ ਜੋ ਬੁਲੰਦੀਆਂ ਉਸਨੇ ਛੋਹੀਆਂ ਉਹ ਪੰਜਾਬ ਦੇ ਕਿਸੇ ਹੋਰ ਰੰਗਮੰਚ ਕਰਮੀ ਦੇ ਹਿੱਸੇ ਘੱਟ ਹੀ ਆਈਆਂ। ਉਸਨੇ ਮਾਲਵੇ ਦੇ ਲੋਕਾਂ, ਉਨ੍ਹਾਂ ਦੇ ਜੀਵਨ, ਸਭਿਆਚਾਰ ਅਤੇ ਭਾਸ਼ਾਈ ਪੱਖ ਨੂੰ ਜਿਸ ਕਦਰ ਉਸਦੇ ਅਸਲੀ ਰੂਪ ਵਿੱਚ ਪੇਸ਼ ਕੀਤਾ, ਉਸ ਮਾਮਲੇ ‘ਚ ਅਜਮੇਰ ਔਲਖ, ਨਾਵਲਕਾਰ ਗੁਰਦਿਆਲ ਸਿੰਘ (ਜੈਤੋ)  ਦਾ ਸਾਹਿਤਕ ਹਮਸਫ਼ਰ ਹੋ ਨਿਬੜਿਆ। ਜਿਨ੍ਹਾਂ ਵੇਲਿਆਂ ਵਿੱਚ ਛੋਟੇ ਜਿਹੇ ਅਤੇ ਬੇਹੱਦ ਪਛੜੇ ਮਾਨਸਾ ਸ਼ਹਿਰ ਵਿੱਚ ਰਹਿੰਦਿਆਂ ਨਾਟਕ ਲਿਖਣਾ ਤੇ ਖੇਡਣਾ ਦਾ ਦੂਰ ਦੀ ਗੱਲ ਸੋਚਣਾ ਵੀ ਅਜੀਬ ਲਗਦਾ ਸੀ, ਉਸਨੇ ਅਪਣੀਆਂ ਲਿਖਤਾਂ ਅਤੇ ਪੇਸ਼ਕਾਰੀਆਂ ਨਾਲ ਚੰਡੀਗੜ੍ਹ, ਪਟਿਆਲਾ, ਲੁਧਿਆਣਾ, ਜਲੰਧਰ ਹੀ ਨਹੀਂ ਦਿੱਲੀ ਦੇ ਧੁਨੰਤਰ ਸਮਝੇ ਅਤੇ ਕਹਾਉਂਦੇ ਪੰਜਾਬੀ ਵਿਦਵਾਨਾਂ, ਸਾਹਿਤਕਾਰਾਂ ਨੂੰ ਅਪਣੀ ਲੇਖਣੀ ਦੇ ਜ਼ਰੀਏ ਮੂੰਹ ਵਿੱਚ ਉਘਲਾਂ ਪਾ ਕੇ ਸੋਚਣ ਲਾ ਦਿੱਤਾ। ਇਸਦਾ ਪਹਿਲਾ ਪ੍ਰਗਟਾਵਾ ਮਾਰਚ 1979 ਦੀ ਇੱਕ ਸ਼ਾਮ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ‘ਬੇਗਾਨੇ ਬੋਹੜ ਦੀ ਛਾਂ’ ਨਾਟਕ ਦੀ ਕਲਾਤਮਕ ਪੇਸ਼ਕਾਰੀ ਬਾਅਦ ਸਮੁੱਚੇ ਹਾਲ ਵਿੱਚ ਤਾੜੀਆਂ ਦੀ ਗੜਗੜਾਹਟ ਰਾਹੀਂ ਹੋਇਆ। ਪੰਜਾਬ ਕਲਾ ਮੰਚ ਬੰਬਈ ਵਲੋਂ ਕਰਵਾਏ ਜਾਂਦੇ ਨਾਟਕ ਮੇਲੇ ‘ਚ ਅਜਮੇਰ ਔਲਖ ਨੂੰ ਜਦੋਂ ਨਾਟਕ ਖੇਡਣ ਦਾ ਸੱਦਾ ਪੁਜਿਆ ਤਾਂ ਉਸਦੇ ਪੇਂਡੂ ਜਿਹੇ ਕਲਾਕਾਰਾਂ ਸਮੇਤ ਖੁਦ ਅਜਮੇਰ ਜਕੋਤਕੀ ਜਿਹੀ ਵਿੱਚ ਅਪਣੀ ਨਾਟ ਮੰਡਲੀ ਨੂੰ ਲੈ ਕੇ ਪੁੱਜਾ। ਉਸ ਦਿਨ ਤਿੰਨ ਨਾਟਕ ਖੇਡੇ ਜਾਣੇ ਸੀ ਪਰ ਪ੍ਰਬੰਧਕਾਂ ਨੇ ਚੰਡੀਗੜ੍ਹ ਦੇ ਬਹੁਤੇ ਦਰਸ਼ਕਾਂ ਵਲੋਂ ਅਕਸਰ ਪਹਿਲਾ/ਦੂਜਾ ਨਾਟਕ ਵੇਖ ਕੇ ਉੱਠ ਜਾਣ ਦੇ ਸੁਭਾਅ ਨੂੰ ਵੇਖਦਿਆਂ ਅਪਣੇ ਚਹੇਤੇ ਨਾਟਕਕਾਰਾਂ ਨੂੰ ਪਹਿਲਾਂ ਪੇਸ਼ਕਾਰੀ ਦਾ ਮੌਕਾ ਦੇ ਦਿੱਤਾ। ਉਨ੍ਹਾਂ ਸੋਚਿਆ ਅਜਮੇਰ ਅਜੇ ਨਵਾਂ ਖਿਡਾਰੀ ਹੈ, ਜੇ ਘੱਟ ਦਰਸ਼ਕ ਹੋਏ ਤਾਂ ਵੀ ਕੀ। ਮੈਂ ਉਸ ਵੇਲੇ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕੀ ਸਟਾਫ਼ ਦਾ ਮੈਂਬਰ ਅਤੇ ਅਜਮੇਰ ਔਲਖ ਦਾ ਸਾਬਕਾ ਵਿਦਿਆਰਥੀ ਹੋਣ ਕਾਰਨ ਹੋਰਨਾਂ ਦਰਸ਼ਕਾਂ ਵਾਂਗ ਅੰਦਰੇ-ਅੰਦਰ ਪ੍ਰਬੰਧਕਾਂ ਦੀ ਚਾਲ ਤੋਂ ਨਾਰਾਜ਼ ਤਾਂ ਸੀ ਹੀ, ਮਨ ਵਿੱਚ ਤੌਖ਼ਲਾ ਵੀ ਕਿ ‘ਸਾਡੇ’ ਦੇ ਨਾਟਕ ਲਈ ਦਰਸ਼ਕ ਘੱਟ ਹੋਏ ਤਾਂ..। ਖ਼ੈਰ ਨਵੇਂ ਨਾਟਕਕਾਰ ਦੀ ਪਹਿਲੀ ਪੇਸ਼ਕਾਰੀ ਵੇਖਣ ਦੀ ਉਤਸੁਕਤਾ ਕਾਰਨ ਦਰਸ਼ਕ ਬੈਠੇ ਰਹੇ। ਇਸਤੋਂ ਬਾਅਦ ਤਾਂ ਨਾਟਕ ਸ਼ੁਰੂ ਹੋਣ ਦੀ ਦੇਰ ਸੀ ਕਿ ਦਰਸ਼ਕ ਜਿਵੇਂ ਕੀਲੇ ਗਏ। ਸ਼ੁਧ ਮਲਵਈ ਲਹਿਜੇ ਵਾਲੇ ਸੰਵਾਦਾਂ ਦੀ ਪੂਰੀ ਸਮਝ ਨਾ ਹੋਣ ਦੇ ਬਾਵਜੂਦ ਪਾਤਰਾਂ ਦੀਆਂ ਅਦਾਵਾਂ ਚੰਡੀਗੜ੍ਹੀਏ ਪੰਜਾਬੀਆਂ ਉੱਤੇ ਜਾਦੂਮਈ ਅਸਰ ਕਰ ਰਹੀਆਂ ਸਨ। ਨਾਟਕ ਦੇ ਆਖ਼ਰੀ ਸੀਨ ਬਾਅਦ ਸਮੁੱਚੇ ਹਾਲ ਵਿੱਚ ਸੱਨਾਟਾ੩ਅਤੇ ਫਿਰ ਪੂਰੇ ਹਾਲ ਵਿੱਚ ਖੜ੍ਹੇ ਹੋਏ ਦਰਸ਼ਕਾਂ ਦੀਆਂ ਤਾੜੀਆਂ ਦੀ ਅਕਾਸ਼ ਗੂੰਜਾਊ ਗੜਗੜਾਹਟ। ਟੈਗੋਰ ਥੀਏਟਰ ‘ਚ ਕਿਸੇ ਪੰਜਾਬੀ ਨਾਟਕ ਲਈ ਇਹ ਪਹਿਲਾ ‘ਇਨਾਮੀ’ ਹੁੰਗਾਰਾ ਸੀ। ਤਾੜੀਆਂ ਮੱਠੀਆਂ ਪੈਣ ਬਾਅਦ ਕੋਈ ਹਲਚਲ ਨਹੀਂ। ਜਿਵੇਂ ਮਾਹੌਲ ਦੀ ਪਾਕੀਜ਼ਗੀ ਨੂੰ ਤੋੜਣ ਦਾ ਕਿਸੇ ਦਾ ਹੌਂਸਲਾ ਨਾ ਹੋਵੇ। ਇਸੇ ਦੌਰਾਨ ਉਘੇ ਵਿਦਵਾਨ ਪ੍ਰੋਫੈਸਰ ਅਤਰ ਸਿੰਘ ਨੇ ਸਟੇਜ ਉੱਤੇ ਜਾ ਕੇ ਅਪਣੇ ‘ਹੋਣਹਾਰ ਵਿਦਿਆਰਥੀ’ ਨੂੰ ਜਦੋਂ ਮੰਚ ਉੱਤੇ ਸੱਦਿਆ ਤਾਂ ਸਾਂਭੀ ਨਾ ਜਾ ਰਹੀ ਖੁਸ਼ੀ ਅਤੇ ਵਿਰਸੇ ‘ਚ ਮਿਲੀ ਸੰਗ ‘ਚ ਲਿਪਟਿਆ ਔਲਖ ਮਸਾਂ ਹੀ ਦਰਸ਼ਕਾਂ ਦੇ ‘ਹੁੰਗਾਰੇ ਦਾ ਹਾਣੀ’ ਹੋ ਸਕਿਆ। ਉਸ ਪਹਿਲੀ ਵੱਡੀ ਪੇਸ਼ਕਾਰੀ ਨੇ ਲੇਖਕ ਔਲਖ, ਉਸਦੇ ਕਿਰਦਾਰਾਂ ਤੇ ਕਲਾਕਾਰਾਂ ਨੂੰ ਨਵੀਂ ਦੁਨੀਆਂ ਨਾਲ ਜੋੜਦਿਆਂ ਵਿਲੱਖਣ ਵਿਸ਼ਿਆਂ ਦੇ ਰਾਹ ਪਾਇਆ। ਉਸ ਪੇਸ਼ਕਾਰੀ ਦੀ ਰਿਪੋਰਟ ਅਪਣੇ ਅਖ਼ਬਾਰ ਲਈ ਲਿਖਦਿਆਂ ਮੈਂ ਜਿਹੜਾ ਹੈਡਿੰਗ ‘ਟਿਬਿਆਂ ਦਾ ਬੋਹੜ’ ਲਾਇਆ ਸੀ, ਅਜਮੇਰ ਔਲਖ ਉਸਤੋਂ ਕਿਤੇ ਜ਼ਿਆਦਾ ਫੈਲਰਿਆ ਅਤੇ ਧਰਤੀ ਨਾਲ ਜੁੜਿਆ ਹੋਇਆ ਸੀ। ਬੇਸ਼ੱਕ ਟਿੱਬਿਆਂ ਵਿੱਚ ਬੋਹੜ ਦਾ ਉਗਣਾ ਅਲੋਕਾਰ ਜਿਹੀ ਗੱਲ ਹੋਵੇ ਪਰ ਮਾਨਸਾ ਦੇ ਰੇਤਲੇ ਇਲਾਕੇ ਵਿੱਚ ਜੰਮੇ ਪਲੇ ਅਤੇ ਟਿਬਿਆਂ ਉੱਤੇ ਬਣੇ ਨਹਿਰੂ ਮੈਮੋਰੀਅਲ ਕਾਲਜ ਵਿੱਚ ਪੜਾਉਂਦਿਆਂ ਪੰਜਾਬੀ ਜ਼ੁਬਾਨ ਅਤੇ ਸੋਚ ਨੂੰ ਜਿਸ ਕਦਰ ਧੁੱਪਾਂ ਹਨੇਰੀਆਂ ਤੋਂ ਬਚਾ ਕੇ ਸਾਂਭਿਆ/ਸਿੰਜਿਆ,  , ਇਹ ਕਾਰਜ ਔਲਖ ਵਰਗਾ ਕੋਈ ‘ਵਿਲੱਖਣ ਬੋਹੜ’ ਹੀ ਕਰ ਸਕਦਾ ਹੈ। ਪੰਜਾਬੀ ਸਾਹਿਤਕ ਤੇ ਰੰਗਮੰਚ ਹਲਕਿਆਂ ‘ਚ ਅਜਮੇਰ ਔਲਖ ਦੇ ਸਦੀਵੀ ਵਿਛੋੜੇ ਨਾਲ ਉਦਾਸੀ ਛਾਈ ਹੋਈ ਹੈ। ਅਜਿਹੇ ਪਹੁੰਚੇ ਹੋਏ ਬੰਦੇ ਦੀ ਅਧਿਆਪਕ, ਵੱਡੇ ਭਰਾ ਅਤੇ ਦੋਸਤ ਵਜੋਂ ਨੇੜ੍ਹਤਾ ਮਿਲਣੀ ਧੰਨਭਾਗ ਹੀ ਕਹੇ ਜਾ ਸਕਦੇ। ਭਰਪੂਰ ਜਿੰਦਗੀ ਜਿਉਂ ਕੇ ਗਏ ਅਪਣੇ ਗੁਰੂਦੇਵ ਨੂੰ ਅਲਵਿਦਾ ਕਹਿੰਦਿਆਂ ਅਪਣਾ ਮਨ ਭਰ ਆਉਂਣੋਂ ਰੋਕਣਾ ਔਖਾ ਹੁੰਦਾ ਹੈ……..