ਕੰਮ ਨਹੀਂ, ‘ਚੰਮ’ ਨਾਲ ਚੱਲ ਰਹੀ ਕੈਪਟਨ ਸਰਕਾਰ

ਕੰਮ ਨਹੀਂ, ‘ਚੰਮ’ ਨਾਲ ਚੱਲ ਰਹੀ ਕੈਪਟਨ ਸਰਕਾਰ

ਪੰਜਾਬ ਵਿਚ ਕਹਿਣ ਨੂੰ ਤਾਂ ਸੱਤਾ ਬਦਲ ਗਈ ਹੈ। ਅਕਾਲੀ-ਭਾਜਪਾ ਦੀ ਥਾਂ ਕੈਪਟਨ ਸਰਕਾਰ ਹੈ। ਅਸਲ ਤਬਦੀਲੀ ਤਾਂ ਹੋਣੀ ਸੀ ਜੇ ਲੋਕਾਂ ਦੀ ਸੱਤਾ ਹੁੰਦੀ। ਆਮ ਆਦਮੀ ਪਾਰਟੀ ਦੇ ਤੀਜੀ ਧਿਰ ਵਜੋਂ ਉਭਰਨ ਨਾਲ ਪੰਜਾਬੀਆਂ ਨੇ ‘ਲੋਕ ਸੱਤਾ’ ਦਾ ਜੋ ਸੁਪਨਾ ਪਾਲਿਆ ਸੀ, ਉਹ ਵੀ ਟੁੱਟ ਚੁੱਕਾ ਹੈ। ਦਰਅਸਲ, ਸੱਤਾ ਹੁਣ ‘ਹਉਮੈ ਦੀ ਕੁਰਸੀ’ ਵਿਚ ਬਦਲ ਚੁੱਕੀ ਹੈ। ਰੰਗ ਵਟਾ ਵਟਾ ਕੇ ਹਾਕਮ ਆਉਂਦੇ ਹਨ ਜੋ ਕੰਮ ਨਾਲ ਨਹੀਂ, ਸਗੋਂ ਚੰਮ ਨਾਲ ਸਰਕਾਰਾਂ ਚਲਾਉਂਦੇ ਹਨ।
ਦਸ ਸਾਲ ਅਕਾਲੀ-ਭਾਜਪਾ ਸਰਕਾਰ ਨੇ ਰੱਜ ਕੇ ਲੁੱਟਿਆ ਵੀ ਤੇ ਕੁੱਟਿਆ ਵੀ। ਹੁਣ ਕਾਂਗਰਸ ਦੀ ਵਾਰੀ ਹੈ। ਪਰ ਗੱਲ ਸਿਰਫ਼ ਆਮ ਲੋਕਾਂ ਨੂੰ ਲੁੱਟਣ-ਕੁੱਟਣ ਤਕ ਸੀਮਤ ਨਹੀਂ ਰਹੀ। ‘ਸਿਰਫ਼ ਮੈਂ ਹੀ ਮੈਂ ਹਾਂ’ ਵਾਲੀ ਸਿਆਸਤ ਭਾਰੂ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀਆਂ ਚੋਣ ਮੁਹਿੰਮਾਂ ਦੌਰਾਨ ਬਾਦਲਾਂ ਨੂੰ ਜੇਲ੍ਹ ‘ਚ ਸੁੱਟਣ ਦੇ ਫੁੰਕਾਰੇ ਮਾਰੇ ਸਨ ਪਰ ਹਾਰ ਪੱਲੇ ਪਈ ਸੀ। ਇਸ ਵਾਰ ਆਪਣੀ ਪਿਛਲੀ ਗ਼ਲਤੀ ਤੋਂ ਸਬਕ ਲੈਂਦਿਆਂ, ਲੋਕਾਂ ਨੂੰ ਖ਼ੁਸ਼ਹਾਲੀ ਦੇਣ ਦੇ ਹੀ ਸੁਪਨੇ ਦਿਖਾਏ ਤੇ ਨਾਲ ਹੀ ਕਿਹਾ ਕਿ ਉਹ ਬਦਲੇ ਵਾਲੀ ਸਿਆਸਤ ਨਹੀਂ ਕਰਨਗੇ।
ਮਾਰਚ ਮਹੀਨੇ ‘ਚ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਵਜੋਂ ਕੁਰਸੀ ਸੰਭਾਲਣ ਬਾਅਦ ਕਈ ਕਮਿਸ਼ਨਾਂ ਅਤੇ ਕਮੇਟੀਆਂ ਦੀ ਨਿਯੁਕਤੀ, ਭਾਵੇਂ ਸਮੇਂ ਦੀ ਲੋੜ ਹੀ ਹੋਵੇ ਪਰ ਪਿਛਲੇ ਤਜਰਬੇ ਗਵਾਹ ਹਨ ਕਿ ਦਰਅਸਲ ਇਹ ਕਾਰਵਾਈਆਂ ਕੰਮ ਨੂੰ ਕਿਸੇ ਪਾਸੇ ਨਹੀਂ ਲਾਉਂਦੀਆਂ ਹੁੰਦੀਆਂ। ਹਾਂ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਖਰੀਦ, ਕਿਸਾਨਾਂ ਨੂੰ ਨਿਰਧਾਰਤ ਮੁੱਲ ਵਿੱਚ ਥੋੜ੍ਹਾ ਵੱਧ ਭਾਅ ਅਤੇ ਅਦਾਇਗੀ ਦੇ ਮਾਮਲੇ ਵਿੱਚ ਵੇਲੇ ਸਿਰ ਢੁਕਵੀਂ ਕਾਰਵਾਈ ਦੀ ਸਰਾਹਨਾ ਕਰਨੀ ਬਣਦੀ ਹੈ।
ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨੇ ਬਦਲੇ ਵਾਲੀ ਸਿਆਸਤ ਨੂੰ ਤਿਲਾਂਜਲੀ ਦਿੰਦਿਆਂ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਿਸ਼ਟਾਚਾਰ ਦਾ ਨਮੂਨਾ ਪੇਸ਼ ਕਰਦਿਆਂ ਰਿਹਾਇਸ਼ ਮੁਹੱਈਆ ਕਰਵਾਉਣ ਦਾ ਪ੍ਰਸਤਾਵ ਵੀ ਭੇਜਿਆ। ਸੁਖਬੀਰ ਬਾਦਲ ਨੂੰ ਬਲੁੰਗੜਾ ਕਹਿ ਕੇ ਬਲਾਉਣ ਵਾਲੇ ਸ਼ਬਦਾਂ ਤੋਂ ਗੁਰੇਜ਼ ਕੀਤਾ। ਉਧਰ ਅਕਾਲੀ ਸਰਕਾਰ ਦੇ ਸੱਤਾ ਵਿਚ ਹੁੰਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਹੌਲੀ ਹੌਲੀ ਕੇਸਾਂ ਵਿਚੋਂ ਬਰੀ ਕਰਨਾ ਸ਼ੁਰੂ ਕੀਤਾ। ਇਥੋਂ ਤਕ ਕਿ ਪਿਛਲੇ ਦਿਨੀਂ ਸੁਖਬੀਰ ਬਾਦਲ ਦੇ ਸਾਲੇ ਬਿਕਰਮ ਮਜੀਠੀਆ ਦੀ ਗੱਡੀ ‘ਤੇ ਜੁੱਤੀਆਂ ਤੱਕ ਸੁੱਟੀਆਂ ਗਈਆਂ ਪਰ ਬਾਦਲਾਂ ਵਲੋਂ ਕੋਈ ਪ੍ਰਤੀਕਰਮ ਨਹੀਂ ਆਇਆ। ਸਿਆਸੀ ਹਲਕਿਆਂ ਵਿਚ ਆਮ ਚਰਚਾ ਹੋ ਰਹੀ ਹੈ ਕਿ ਜੇਕਰ ਕਾਂਗਰਸੀ ਮਜੀਠੀਆ ਵਰਗੇ ਧੱਕੜ ਆਗੂ ਨੂੰ ਹੱਥ ਪਾ ਸਕਦੇ ਹਨ ਤਾਂ ਆਮ ਅਕਾਲੀ ਆਗੂਆਂ ਦੀ ਕੀ ਮਜ਼ਾਲ ਕਿ ਉਹ ਮੂੰਹ ਵੀ ਖੋਲ੍ਹਣ। ਕੈਪਟਨ ਤੇ ਬਾਦਲਾਂ ਨੇ ਭਾਵੇਂ ਇਕ-ਦੂਜੇ ‘ਤੇ ਵਾਰ ਕਰਨ ਦੀ ਸਿਆਸਤ ਤੋਂ ਟਾਲਾ ਵੱਟਣ ਦੀ ‘ਸਮਝਦਾਰੀ’ ਦਿਖਾਈ ਹੈ ਪਰ ਹੇਠਲੇ ਪੱਧਰ ‘ਤੇ ਲੀਡਰਾਂ ਦੀਆਂ ਵਾਗਾਂ ਖੁੱਲ੍ਹੀਆਂ ਛੱਡੀਆਂ ਹੋਈਆਂ ਹਨ।
ਦਸ ਸਾਲ ਅਕਾਲੀ ਜਥੇਦਾਰਾਂ ਨੇ ਅਤਿ ਕੀਤੀ। ਪਿੰਡਾਂ ਵਿਚ ਰੱਜ ਕੇ ਚੌਧਰਪੁਣਾ ਕੀਤਾ ਤੇ ਹੁਣ ਕਾਂਗਰਸੀਆਂ ਦੀ ਵਾਰੀ ਹੈ। ਕੈਪਟਨ ਦੇ ਸੱਤਾ ਸੰਭਾਲਦਿਆਂ ਹੀ ਮਹਿਜ਼ ਮਹੀਨੇ ਮਗਰੋਂ ਹੀ ਕਾਂਗਰਸੀਆਂ ਨੇ ਆਪਣਾ ‘ਰੰਗ’ ਦਿਖਾਉਣਾ ਸ਼ੁਰੂ ਕਰ ਦਿੱਤਾ। ਛੋਟੀਆਂ-ਮੋਟੀਆਂ ਘਟਨਾਵਾਂ ਤਾਂ ਬਹੁਤ ਵਾਪਰੀਆਂ ਪਰ ਗਿਣਵੀਆਂ-ਚੁਣਵੀਆਂ ‘ਤੇ ਜ਼ਰਾ ਨਜ਼ਰ ਮਾਰੋ। 26 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਚੀਤੇ ਚੇਤ ਸਿੰਘ ਪਿੰਡ ਵਿਚ ਅਕਾਲੀ ਸਰਪੰਚ ਗੁਰਪਿੰਦਰ ਸਿੰਘ ਦੀ ਹੱਤਿਆ ਕੀਤੀ ਗਈ। 30 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਛੇਹਰਟਾ ਵਿਚ ਕਾਂਗਰਸੀ ਨੇ ਗੋਲੀਆਂ ਚਲਾ ਕੇ ਔਰਤ ਨੂੰ ਜ਼ਖ਼ਮੀ ਕਰ ਦਿੱਤਾ। 2 ਮਈ ਨੂੰ ਗੁਰਦਾਸਪੁਰ ਦੇ ਗੋਤ ਪੋਖਰ ਵਿਚ ਕਾਂਗਰਸੀ ਸਰਪੰਚ ਨੇ ਹਵਲਦਾਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। 2 ਮਈ ਨੂੰ ਫ਼ਿਰੋਜ਼ਪੁਰ ਵਿਚ ਸਰਪੰਚੀ ਦੇ ਵਿਵਾਦ ਵਿਚ ਸਾਬਕਾ ਅਕਾਲੀ ਸਰਪੰਚ ਦੇ ਪਿਤਾ ਤੇ ਭਰਾ ਦੀ ਹੱਤਿਆ ਕਰ ਦਿੱਤੀ। ਤਾਜ਼ਾ ਘਟਨਾ 22 ਮਈ ਨੂੰ ਵਾਪਰੀ ਹੈ। ਪਿੰਡ ਬਿਜਲੀਵਾਲ ਵਿਚ ਚੋਣ ਰੰਜਿਸ਼ ਨੇ ਉਸ ਵੇਲੇ ਖ਼ੂਨੀ ਰੂਪ ਲੈ ਲਿਆ ਜਦੋਂ ਮਾਮੂਲੀ ਝਗੜੇ ਮਗਰੋਂ ਕਾਂਗਰਸੀ ਵਰਕਰ ਤੇ ਉਸ ਦੇ ਪਰਿਵਾਰਕ ਮੈਂਬਰ ਨੇ ਅਕਾਲੀ ਸਮਰਥਕ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਤੇ ਦੋ ਦਿਨ ਪਹਿਲਾਂ ਬਿਕਰਮ ਮਜੀਠੀਆ ਨੂੰ ਮਜੀਠਾ ਵਿਚ ਹੀ ਕਾਂਗਰਸੀਆਂ ਨੇ ਘੇਰ ਲਿਆ। ਉਨ੍ਹਾਂ ਨੇ ਨਾ ਸਿਰਫ਼ ਮਜੀਠੀਆ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਬਲਕਿ ਮਜੀਠੀਆ ਨੂੰ ਉਥੋਂ ਭਜਾਉਂਦੇ ਹੋਏ, ਉਸ ਦੀ ਗੱਡੀ ‘ਤੇ ਜੁੱਤੀਆਂ, ਪੱਥਰ ਤੱਕ ਸੁੱਟੇ।
ਨਵਜੋਤ ਸਿੰਘ ਸਿੱਧੂ ਬੇਸ਼ੱਕ ਜਨਤਕ ਮੀਟਿੰਗ ਵਿਚ ਵੱਡੇ-ਵੱਡੇ ਬਿਆਨ ਦੇ ਰਹੇ ਹਨ, ਬਾਦਲਾਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦੇ ਰਹੇ ਹਨ ਜਿਵੇਂ ਸਰਕਾਰ ਦਾ ਸਾਰਾ ਭਾਰ ਉਨ੍ਹਾਂ ਦੇ ਹੀ ਸਿਰ ‘ਤੇ ਹੋਵੇ ਪਰ ਕੈਪਟਨ ਅਮਰਿੰਦਰ ਸਿੰਘ ਚੁੱਪ ਹਨ। ਰੇਤ-ਬਜਰੀ ਦੀਆਂ ਕੀਮਤਾਂ ਸੱਤਾ ਬਦਲਦਿਆਂ ਹੀ ਹੋਰ ਵੀ ਵੱਧ ਗਈਆਂ ਹਨ। ਆਪਣੇ ਚਹੇਤਿਆਂ ਨੂੰ ਖ਼ੁਸ਼ ਕਰਨ ਲਈ ਪੁਲੀਸ ਤਬਾਦਲੇ ਹੋ ਰਹੇ ਹਨ। ਪੀ.ਸੀ.ਐਸ. ਅਧਿਕਾਰੀਆਂ ਨੂੰ ਵੀ ਮਨ-ਮਰਜ਼ੀ ਦੀਆਂ ਥਾਵਾਂ ‘ਤੇ ਬਦਲੀਆਂ ਕਰਾਉਣ ਦੀ ਖੁੱਲ੍ਹ ਦੇ ਦਿੱਤੀ ਹੈ। ਨਾ ਤਾਂ ਕਿਸਾਨਾਂ ਨੂੰ ਕੋਈ ਰਾਹਤ ਮਿਲੀ, ਨਾ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ। ਤਿੰਨ ਮਹੀਨਿਆਂ ਵਿਚ ਹੀ 50 ਤੋਂ ਵੱਧ ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ। ਮੁਲਾਜ਼ਮਾਂ ਨੂੰ ਕਈ ਕਈ ਮਹੀਨਿਆਂ ਦੀ ਤਨਖ਼ਾਹ ਹਾਲੇ ਤੱਕ ਨਹੀਂ ਮਿਲੀ। ਪਰ ਕੈਪਟਨ ਠੰਢੀਆਂ ਵਾਦੀਆਂ ਵਿਚ ਆਪਣੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਦਾ ਜਨਮ ਦਿਨ ਮਨਾਉਣ ਵਿਚ ਮਸ਼ਰੂਫ਼ ਹਨ। ਪੰਜਾਬ ਨੂੰ ਮੁੜ ਲੀਹ ‘ਤੇ ਕਿਵੇਂ ਲਿਆਉਣਾ ਹੈ-ਨਾ ਤਾਂ ਇਸ ਬਾਰੇ ਵਿਚਾਰਾਂ ਹੋ ਰਹੀਆਂ ਹਨ ਤੇ ਨਾ ਹੀ ਹੇਠਲੇ ਪੱਧਰ ‘ਤੇ ਵੱਧ ਰਹੀਆਂ ਆਪਸੀ ਦੁਸ਼ਮਣੀਆਂ ਨੂੰ ਠੱਲ੍ਹ ਪਾਉਣ ਲਈ ਕੋਈ ਨਿਰਦੇਸ਼ ਜਾਰੀ ਹੋ ਰਹੇ ਹਨ। ਬਾਦਲਾਂ ਦੀਆਂ ਬੱਸਾਂ ਨੂੰ ਅੱਡਿਆਂ ਵਿਚ ਡੱਕਣ ਵਾਲੇ ਕੈਪਟਨ ਅਮਰਿੰਦਰ ਸਿੰਘ ਖ਼ੁਦ ਤਾਂ ਇਨ੍ਹਾਂ ਬੱਸਾਂ ਨੂੰ ਹਰੀ ਝੰਡੀ ਦੇ ਰਹੇ ਹਨ ਪਰ ਬਾਦਲਾਂ ਤੇ ਕਾਂਗਰਸੀ ਆਗੂਆਂ ਦੀਆਂ ਬੱਸਾਂ ਦੇ ਕਰਿੰਦੇ ਆਪੋ-ਵਿਚੀਂ ਹਿੰਸਕ ਝੜਪਾਂ ਕਰ ਰਹੇ ਹਨ।
ਅਕਾਲੀਆਂ ਤੇ ਕਾਂਗਰਸੀਆਂ ਦੀ ਘਟੀਆ ਸਿਆਸਤ ਨੇ ਪਿੰਡਾਂ ਦੇ ਭਾਈਚਾਰੇ ਨੂੰ ਤਾਂ ਬੁਰੀ ਤਰ੍ਹਾਂ ਸੱਟ ਮਾਰੀ ਹੀ ਹੈ, ਨਾਲੋ-ਨਾਲ ਸਰਕਾਰੀ ਅਦਾਰਿਆਂ, ਨਿੱਜੀ ਕੰਪਨੀਆਂ ਦੀ ਅਜਾਰੇਦਾਰੀ, ਸਰਪੰਚੀ ਦੀ ਦੌੜ, ਚੌਧਰ ਦੀ ਭੁੱਖ, ਠੱਗੀਆਂ-ਠੋਰੀਆਂ ਵਿਚ ਹਿੱਸਾ ਖਾਣ ਦੀ ਹੋੜ, ਸਿਆਸੀ ਸ਼ਹਿ ‘ਤੇ ਪਲ ਰਹੇ ਗੈਂਗਸਟਰਾਂ ਦੀ ਗੁੰਡਾਗਰਦੀ ਨੇ ਪੰਜਾਬ ਦੀਆਂ ਫਿਜ਼ਾਵਾਂ ਵਿਚ ਨਫ਼ਰਤੀ ਜ਼ਹਿਰ ਘੋਲ ਦਿੱਤਾ ਹੈ। ਕੈਪਟਨ ਸਰਕਾਰ ਦੀ ਇਹ ਤਾਂ ਸ਼ੁਰੂਆਤ ਹੈ ਤੇ ਪੰਜ ਸਾਲ ਅੰਤ ਨੇੜੇ ਆਉਣ ਤਕ ਕੀ-ਕੁਝ ਵਾਪਰਨ ਵਾਲਾ ਹੈ, ਇਹਦਾ ਕਿਆਸ ਬਹੁਤ ਖ਼ਤਰਨਾਕ ਸਿੱਟੇ ਦੇਣ ਵਾਲਾ ਹੈ।
ਸੂਝਵਾਨ ਹਲਕਿਆਂ ਵਲੋਂ ਚੋਣਾਂ ਤੋਂ ਪਹਿਲਾਂ ਹੀ ਜੋ ਸ਼ੰਕੇ ਪ੍ਰਗਟਾਏ ਜਾ ਰਹੇ ਸਨ ਕਿ ਕਾਂਗਰਸ ਸਰਕਾਰ ਆਉਣ ਨਾਲ ਵੀ ਲੋਕਾਂ ਦਾ ਭਲਾ ਨਹੀਂ ਹੋਣਾ, ਸਰਕਾਰ ਦੇ ਕੰਮਕਾਜ਼ ਦੇ ਰੰਗ-ਢੰਗ ਨੂੰ ਵੇਖਦਿਆਂ ਉਹ ਸਹੀ ਸਾਬਤ ਹੁੰਦੇ ਜਾਪਦੇ ਨੇ। ਬੇਸ਼ੱਕ ਕੈਪਟਨ ਵਲੋਂ ਸੱਤਾ ਸੰਭਾਲੇ ਨੂੰ ਥੋੜ੍ਹਾ ਸਮਾਂ ਹੋਣ ਕਾਰਨ ਅਜੇ ਕੋਈ ਫਤਵਾ ਦੇਣਾ ਵਾਜਬ ਨਹੀਂ ਹੋਵੇਗਾ ਪਰ ਸਾਰੀਆਂ ਹੀ ਰਾਜਸੀ ਪਾਰਟੀਆਂ , ਆਗੂਆਂ ਅਤੇ ਅਫ਼ਸਰਸ਼ਾਹੀ ਦੇ ਕਿਰਦਾਰ ਦੇ ਮੱਦੇਨਜ਼ਰ, ਕੁਝ ਬਦਲਣ ਦੀਆਂ ਸੰਭਾਵਨਾਵਾਂ ਘੱਟ ਹੀ ਦਿਸਦੀਆਂ ਨੇ। ਇਸ ਲਈ ਪੰਜਾਬੀਆਂ ਨੂੰ ਹੀ ਇਸ ਖ਼ਿਲਾਫ਼ ਡਟਣਾ ਪਏਗਾ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਬੇਸ਼ੱਕ ਲੋਕਾਂ ਨੂੰ ਨਿਰਾਸ਼ ਕੀਤਾ ਹੈ ਪਰ ਤੀਜੀ ਧਿਰ ਦੀ ਉਮੀਦ ਹਾਲੇ ਵੀ ਕਾਇਮ ਹੈ।