ਬਾਬਿਆਂ ਦੇ ਸਿੰਗ ਫਸਗੇ, ਨਿਤਰੂ ਲੋਕਾਂ ਦਾ ਹਾਣੀ

ਬਾਬਿਆਂ ਦੇ ਸਿੰਗ ਫਸਗੇ, ਨਿਤਰੂ ਲੋਕਾਂ ਦਾ ਹਾਣੀ

ਦਲਜੀਤ ਸਿੰਘ ਸਰਾਂ

ਕੈਪਟਨ ਅਮਰਿੰਦਰ ਸਿੰਘ ਵਲੋਂ ਲੰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਣ ਦੇ ਐਲਾਨ ਨੇ ਰਾਜਸੀ ਪੰਡਤਾਂ ਨੂੰ ਅਚੰਭੇ ਵਿੱਚ ਪਾ ਦਿੱਤਾ ਹੈ। ਕਿਸੇ ਰਾਜ ਦੇ ਸਾਬਕਾ ਮੁੱਖ ਮੰਤਰੀ ਵਲੋਂ ਮੌਜੂਦਾ ਮੁੱਖ ਮੰਤਰੀ ਵਿਰੁੱਧ ਚੋਣ ਮੈਦਾਨ ਵਿੱਚ ਸਿੱਧੇ ਮੁਕਾਬਲੇ ਵਿੱਚ ਨਿਤਰਣ ਦਾ ਸ਼ਾਇਦ ਇਹ ਪਹਿਲਾ ਮੌਕਾ ਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਪਾਰਟੀ ਵਲੋਂ ਚੋਣਾਂ ਜਿੱਤਣ ਦੀ ਸੂਰਤ ਵਿੱਚ ਸੰਭਾਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਪੰਜਵੀਂ ਵਾਰ ਮੁੱਖ ਮੰਤਰੀ ਬਣਨ ਦਾ ਰਿਕਾਰਡ ਰੱਖਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਦੇ ਜੱਦੀ ਰਾਜਸੀ ਰਣ ਖੇਤਰ ਵਿੱਚ ਘੇਰਣ ਦਾ ਫੈਸਲਾ ਬਹੁਤ ਹੈਰਾਨਕੁਨ ਹੋਣ ਦੇ ਨਾਲ ਨਾਲ ਬੜੇ ਵੱਡੇ ਰਾਜਨੀਤਕ ਦਾਅ ਪੇਚ ਵਾਲਾ ਵੀ ਹੈ। ਪੰਜਾਬ ਦੇ ਦੋ ਬਹੁਤ ਹੀ ਕੱਦਾਵਰ ਸਿਆਸਤਦਾਨਾਂ ਦੀ ਆਖ਼ਰੀ ਉਮਰੇ ਇੱਕ ਦੂਜੇ ਨਾਲ ‘ਝੰਡੀ ਦੀ ਕੁਸ਼ਤੀ’ ਬਾਰੇ ਰਾਜਸੀ ਹਲਕਿਆਂ ਵਿੱਚ ਕੋਈ ਸੋਚ ਵੀ ਨਹੀਂ ਸੀ ਸਕਦਾ। ਹਾਂ ਦੋਵਾਂ ਰਵਇਤੀ ਵਿਰੋਧੀ ਪਾਰਟੀਆਂ ਦੇ ਮੋਹਰੀਆਂ ਵਲੋਂ ਇੱਕ ਦੂਜੇ ਉੱਤੇ ਸਿੱਧੇ ਅਤੇ ਨਿੱਜੀ ਸ਼ਬਦੀ ਹਮਲੇ ਭਾਵੇਂ ਜੱਗ ਜ਼ਾਹਰ ਸਨ ਪਰ ਇਹ ਗੱਲ ਤਾਂ ਕਿਸੇ ਦੇ ਚਿੱਤ-ਚੇਤੇ ਵਿੱਚ ਵੀ ਨਹੀਂ ਸੀ ਕਿ ਪਟਿਆਲਾ ਤੋਂ ਜੇਤੂ ਰਹਿਣ ਵਾਲਾ ‘ਮਹਾਰਾਜਾ’ ਰਾਜ ਭਾਗ ਦੇ ਜ਼ੋਰ ‘ਫਖ਼ਰ-ਏ-ਕੌਮ’ ਦਾ ਤਮਗ਼ਾ ਆਪਣੇ ਸਿਰ ਸਜਾਉਣ ਵਾਲੇ ਵੱਡੇ ਬਾਦਲ ਨੂੰ ਉਸ ਦੇ ‘ਜੱਦੀ ਹਲਕੇ’ ਵਿੱਚ ਆ ਲਲਕਾਰੇਗਾ। ਦੋਵਾਂ ਨਾਮੀ ਰਾਜਸੀ ਭਲਵਾਨਾਂ ਦੇ ਆਹਮੋ-ਸਾਹਮਣੇ ਰਾਜਸੀ ਅਖ਼ਾੜੇ ਵਿੱਚ ਉੱਤਰਨ ਨਾਲ ਪੰਜਾਬ ਵਿਧਾਨ ਸਭਾ ਦੇ 117 ਹਲਕਿਆਂ ਦੀ ਚੋਣ ਲਈ ਸਿਆਸੀ ਮੈਦਾਨ ਨਵੇਂ ਅਤੇ ਬੜੇ ਹੀ ਦਿਲਚਸਪ ਦੌਰ ਵਿੱਚ ਦਾਖ਼ਲ ਹੋ ਗਿਆ ਹੈ। ਇਸ ਬਾਰੇ ਵੀ ਕੋਈ ਸ਼ੱਕ ਨਹੀਂ ਕਿ ਜਿੱਥੇ ਕੈਪਟਨ ਨੇ ਅਪਣੇ ਰਾਜਸੀ ਜੀਵਨ ਦੀ ਇਸ ਆਖ਼ਰੀ ਚੋਣ ਲੜਾਈ ਲਈ ਸਭ ਕੁਝ ਦਾਅ ਉੱਤੇ ਲਾ ਦਿੱਤਾ ਹੈ, ਉੱਥੇ ਉਮਰ ਦੇ ਤਕਾਜ਼ੇ ਤੋਂ ਵੱਡੇ ਬਾਦਲ ਦੀ ਵੀ ਇਹ ਅੰਤਮ ਲੜਾਈ ਹੀ ਕਹੀ ਜਾ ਸਕਦੀ। ਭਾਵੇਂ ਪਰਿਵਾਰ ਮੋਹ ਲਈ ਪੰਜਾਬ ਦਾ ਸਭ ਕੁਝ ਦਾਅ ਉੱਤੇ ਲਾਉਣ ਵਾਲੇ ਬਾਦਲ ਨੇ ਆਪਣੀ ‘ਆਖ਼ਰੀ’ ਚੋਣ ਹੋਣ ਦਾ ਸਿੱਧੇ ਰੂਪ ਵਿੱਚ ਐਲਾਨ ਤਾਂ ਨਹੀਂ ਕੀਤਾ ਪਰ 90ਵਿਆਂ ਨੂੰ ਢੁੱਕੇ ਘਾਗ ਸਿਆਸਤਦਾਨ ਲਈ ਇਸ ਤੋਂ ਬਾਅਦ ਸ਼ਾਇਦ ਰਾਜਸੀ ਤਾਂ ਕੀ ਸਰੀਰਕ ਕਦਮ ਪੁਟਣੇ ਵੀ ਸੁਖ਼ਾਲੇ ਨਾ ਹੋਣ। ਦੂਜੇ ਪਾਸੇ ਦੋਵਾਂ ਆਗੂਆਂ ਦੇ ਰਾਜਸੀ ਵਿਰੋਧੀਆਂ ਵਲੋਂ ਇਸ ਇਤਿਹਾਸਕ ਰਾਜਸੀ ਭੇੜ ਨੂੰ ‘ਨੂਰੇ ਦੀ ਕੁਸ਼ਤੀ’ (ਆਪਸ ਵਿੱਚ ਰਲੇ ਹੋਣ) ਹੋਣ ਦੇ ਦੋਸ਼ ਲਾਏ ਜਾਣ ਦੇ ਬਾਵਜੂਦ ਆਮ ਲੋਕਾਂ ਅਤੇ ਰਾਜਸੀ ਦਰਸ਼ਕਾਂ ਦੀਆਂ ਨਜ਼ਰਾਂ ‘ਲੰਬੀ ਹਲਕੇ’ ਉੱਤੇ ਲੱਗ ਗਈਆਂ ਹਨ। ਵੱਖ ਵੱਖ ਥਾਵਾਂ ਤੋਂ ਮਿਲਦੀਆਂ ਕਨਸੋਆਂ ਮੁਤਾਬਕ ਨਿੱਤ ਨਵੇਂ ਵਿਵਾਦਾਂ ਵਿੱਚ ਘਿਰਣ ਜਾਂ ਘੇਰੇ ਜਾਣ ਦੇ ਬਾਵਜੂਦ ਪੰਜਾਬ ਦੇ ਆਮ ਲੋਕਾਂ ਵਿੱਚ ਹਰਮਨਪਿਆਰਤਾ ਦੇ ਝੰਡੇ ਗੱਡੀ ਆ ਰਹੀ ਆਮ ਆਦਮੀ ਪਾਰਟੀ, ਜਿਸ ਨੇ ਪੰਜਾਬ ਦੀਆਂ ਦੋਵਾਂ ਰਵਾਇਤੀ ਵਿਰੋਧੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਨੂੰ ਰਾਜਸੀ ਤੌਰ ਉੱਤੇ ਭਾਜੜਾਂ ਪਾਈਆਂ ਹਨ, ਨੇ ਆਪਣੇ ਦਿੱਲੀ ਵਿਧਾਇਕ ਜਰਨੈਲ ਸਿੰਘ ਨੂੰ ਲੰਬੀ ਹਲਕੇ ਵਿੱਚ ਉਤਾਰ ਕੇ ਬਾਦਲਾਂ ਦੀ ਚੜ੍ਹਤ ਨੂੰ ਵੱਡੀ ਚੁਣੌਤੀ ਦਿੱਤੀ ਹੋਈ ਸੀ। ਪੱਤਰਕਾਰ ਹੁੰਦਿਆਂ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸਿੱਖ ਵਿਰੋਧੀ ਦਿੱਲੀ ਦੰਗਿਆਂ ਦੇ ਮਾਮਲੇ ਤੋਂ ਉਸ ਵੇਲੇ ਦੇ ਕਾਂਗਰਸੀ ਗ੍ਰਹਿ ਮੰਤਰੀ ਪੀ ਚਿਦੰਬਰਮ ਵਲ ਜੁਤੀ ਵਗਾਹ ਮਾਰਨ ਵਾਲੇ ਜਰਨੈਲ ਸਿੰਘ ਨੇ ਸਿੱਖਾਂ ਦੇ ‘ਜਰਨੈਲ’ ਵਜੋਂ ਸਿੱਖ ਮਨਾਂ ਵਿੱਚ ਕਾਫ਼ੀ ਸਤਿਕਾਰ ਵਾਲੀ ਥਾਂ ਬਣਾਈ ਹੋਣ ਕਾਰਨ ਲੰਬੀ ਵਿਚ ਪਹਿਲਾਂ ਹੀ ਹੱਲਚੱਲ ਮਚਾਈ ਹੋਈ ਸੀ। ਅਮਰਿੰਦਰ ਸਿੰਘ ਦਾ ਦਾਖ਼ਲਾ ਬਾਦਲਾਂ ਤੇ ਆਮ ਆਦਮੀ ਪਾਰਟੀ ਲਈ ਨਵੀਂ ਆਫ਼ਤ ਵਜੋਂ ਉਭਰੇਗਾ।
ਲੰਬੀ ਵਿਧਾਨ ਸਭਾ ਹਲਕੇ ਦੇ ਨਾਲ ਨਾਲ ਫਿਰੋਜ਼ਪੁਰ ਜ਼ਿਲ੍ਹੇ ਦਾ ਜਲਾਲਾਬਾਦ ਵਿਧਾਨ ਸਭਾ ਹਲਕਾ ਵੀ ਦੇਸ਼-ਵਿਦੇਸ਼ ਵਿਚਲੇ ਪੰਜਾਬੀਆਂ ਦੀਆਂ ਨਜ਼ਰਾਂ ਦਾ ਕੇਂਦਰ ਬਿੰਦੂ ਬਣ ਗਿਆ ਹੈ। ਪੰਜਾਬ ਦੇ ਆਮ ਲੋਕਾਂ ਦਾ ‘ਬੇਤਾਜ ਬਾਦਸ਼ਾਹ’ ਬਣੇ ਆ ਰਹੇ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਨੇ ਜਿੱਥੇ ਪੰਜਾਬ ਦੇ ਰਾਜਸੀ ਅਖ਼ਾੜੇ ਵਿੱਚ ਰੌਣਕਾਂ ਲਾਈਆਂ ਹੋਈਆਂ ਹਨ, ਉੱਥੇ ਛੋਟੇ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਦੀ ਚੋਣ ਰਣਨੀਤੀ ਨੂੰ ਰੋਲ ਕੇ ਰੱਖਣ ਦਾ ਨਾਅਰਾ ਲੋਕਾਂ ਦੀ ਕਚਹਿਰੀ ਵਿੱਚ ਉਭਾਰਿਆ ਹੋਇਆ ਹੈ।
ਕਾਂਗਰਸ ਪਾਰਟੀ ਵਲੋਂ ਆਪਣੇ ਪਾਰਲੀਮੈਂਟ ਮੈਂਬਰ ਰਵਨੀਤ ਬਿੱਟੂ ਨੂੰ ਅਚਾਨਕ ਚੋਣ ਮੈਦਾਨ ਵਿੱਚ ਸਿੰਗਾਰ ਕੇ ਭੇਜਣ ਨਾਲ ਜਲਾਲਾਬਾਦ ਦੀ ਚੋਣ ਸਾਰੇ ਹੀ ਉਮੀਦਵਾਰਾਂ ਲਈ ਚੁਣੌਤੀਆਂ ਭਰੀ ਬਣਨ ਦੇ ਆਸਾਰ ਹਨ। ਸਿੱਧੇ ਮੁਕਾਬਲੇ ਵਿੱਚ ਛੋਟੇ ਬਾਦਲ ਲਈ ਭਗਵੰਤ ਮਾਨ ਵਲੋਂ ਖੜ੍ਹੀਆਂ ਕੀਤੀਆਂ ਮੁਸ਼ਕਲਾਂ ਸ਼ਾਇਦ ਤਿਕੋਣਾ ਮੁਕਾਬਲਾ ਬਣ ਜਾਣ ਕਾਰਨ ਕੁਝ ਘੱਟ ਜਾਣ।
ਹਾਂ ਪੰਜਾਬ ਕਾਂਗਰਸ ਦੇ ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ, ਜਿਸ ਨੇ 2014 ਵਿੱਚ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ, ਉਸੇ ਸਾਲ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਫਿਰ ਕੁਝ ਸਮਾਂ ਬਾਅਦ ਬਿਹਾਰ ਵਿਧਾਨ ਸਭਾ ਚੋਣਾਂ ਵੇਲੇ ਨਿਤੀਸ਼-ਲਾਲੂ ਅਤੇ ਕਾਂਗਰਸ ਵਾਲੇ ਮਹਾਂਗਠਜੋੜ ਦੀ ਬੇੜੀ ਬੰਨ੍ਹੇ ਲਾਈ, ਵਲੋਂ ਐਨ ਆਖ਼ਰੀ ਸਮੇਂ ਲੰਬੀ ਅਤੇ ਜਲਾਲਾਬਾਦ ਹਲਕਿਆਂ ਵਿਚ ਚਲਿਆ ‘ਧੋਬੀ ਪਟੜਾ’ ਦਾਅ ਬਾਦਲਾਂ ਲਈ ‘ਰਾਜਸੀ ਬਲਾ’ ਬਣ ਕੇ ਆਇਆ ਹੈ। ਨਾਲ ਹੀ ਰਾਜਸੀ ਤਿਕੜਮਬਾਜ਼ ਵਜੋਂ ਜਾਣੇ ਜਾਂਦੇ ਨਵਜੋਤ ਸਿੱਧੂ ਵਲੋਂ ਲੰਬੀਆਂ ਕਿਆਸਅਰਾਈਆਂ ਦੌਰਾਨ ਕਾਂਗਰਸ ਪਾਰਟੀ ਵਿੱਚ ਨਾਟਕੀ ਢੰਗ ਨਾਲ ਸ਼ਮੂਲੀਅਤ ਤੋਂ ਤੁਰੰਤ ਬਾਅਦ ‘ਭਾਗ ਬਾਦਲ ਭਾਗ’ ਦਾ ਤਰਾਨਾ ਗਾਉਣ ਨੇ ਬਾਦਲਕਿਆਂ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ। ਬਾਦਲ ਪਿਓ-ਪੁੱਤ ਤੋਂ ਕਿਤੇ ਵੱਧ ਨੂੰਹ ਹਰਸਿਮਰਤ ਕੌਰ ਬਾਦਲ ਦੇ ਬਿਆਨ ਉਨ੍ਹਾਂ ਬੁਥਖ਼ਲਾਹਟ ਦੇ ਨਾਲ ਰਾਜਸੀ ਬਚਗਾਣੇਪਣ ਦਾ ਪ੍ਰਗਟਾ ਹਨ।
ਸੱਤਾਧਾਰੀ ਸ਼੍ਰੋਮਣੀ ਅਕਾਲੀ ਪਾਰਟੀ ਦੇ ਨੀਤੀਘਾੜੇ, ਰਾਜਸੀ ਅਤੇ ਮੀਡੀਆ ਸਲਾਹਕਾਰ ਕਾਂਗਰਸ ਪਾਰਟੀ ਅਤੇ ਅਮਰਿੰਦਰ ਸਿੰਘ ਬਾਰੇ ਜੋ ਮਰਜ਼ੀ ਬਿਆਨ ਦਾਗੀ ਜਾਣ, ਪੰਜਾਬ ਦੇ ਹਿੱਤਾਂ ਅਤੇ ਸਿੱਖ ਮਸਲਿਆਂ ਬਾਰੇ ਸਦਾ ਸਪਸ਼ਟ ਅਤੇ ਡਟਵਾਂ ਸਟੈਂਡ ਲੈਣ ਵਾਲੇ ਕੈਪਟਨ ਨੇ ਬਾਦਲਾਂ ਨੂੰ ਉਨ੍ਹਾਂ ਦੇ ਘਰ ਦੇ ਵੇਹੜੇ ਵਿਚ ਵਖ਼ਤ ਪਾ ਦਿੱਤਾ ਹੈ। ਅਕਾਲੀ-ਭਾਜਪਾ ਸਰਕਾਰ ਵਲੋਂ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਦਾਅ ਉੱਤੇ ਲਾ ਕੇ ਕੀਤੇ ਵਿਕਾਸ ਕਾਰਜਾਂ ਦੇ ਜ਼ੋਰ ਚੋਣ ਮੈਦਾਨ ਵਿੱਚ ਹਮਲਾਵਰ ਰਣਨੀਤੀ ਅਪਣਾਉਣ ਵਾਲੀ ਰਾਜਸੀ ਧਿਰ ਦੇ ‘ਜਰਨੈਲ’ ਪ੍ਰਕਾਸ਼ ਸਿੰਘ ਬਾਦਲ ਵਲੋਂ ਅਮਰਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਨੂੰ ‘ਬਾਹਰੀ ਹਮਲਾਵਰ’ ਕਹਿਣਾ ਵੱਡੇ ਬਾਦਲ ਦੀ ਘਬਰਾਹਟ ਨੂੰ ਜੱਗ ਜ਼ਾਹਰ ਕਰਦਾ ਹੈ। ਸਾਰੇ ਵਰਤਾਰੇ ਨੂੰ ਲੰਬੀ ਹਲਕੇ ਤੋਂ ਬਾਹਰ ਜਾ ਕੇ ਵੇਖਿਆਂ ਪੰਜਾਬ ਦੀਆਂ ਦੇਵੇਂ ਬਹੁਤ ਪੁਰਾਣੀਆਂ ਰਾਜਸੀ ਪਾਰਟੀਆਂ ਦੇ ਆਮ ਉਮੀਦਵਾਰਾਂ ਲਈ ਹੀ ਨਹੀਂ ਬਲਕਿ ‘ਵੱਡੀਆਂ ਤੋਪਾਂ’ ਲਈ ਭਗਵੰਤ ਮਾਨ ਜਿਹੇ ਦੇਸੀ ਪਿਸਤੌਲਾਂ ਦਾ ਸਾਹਮਣਾ ਖ਼ਤਰਿਆਂ ਤੋਂ ਖਾਲ੍ਹੀ ਨਹੀਂ। ਪੰਜਾਬ ਵਿੱਚ ਕਾਫ਼ੀ ਸਮੇਂ ਤੋਂ ਠੰਢੀਆਂ ਜਿਹੀਆਂ ਚੱਲੀਆਂ ਆ ਰਹੀਆਂ ਰਾਜਸੀ ਸਰਗਰਮੀਆਂ ਨਾਮਜ਼ਦਗੀਆਂ ਦਾ ਸਿਲਸਿਲਾ ਸ਼ੁਰੂ ਹੋਣ ਦੇ ਨਾਲ ਹੀ ਸਿਖ਼ਰ ਵਲ ਵਧਣੀਆਂ ਸ਼ੁਰੂ ਹੋ ਗਈਆਂ ਹਨ।
ਬਾਦਲਾਂ ਵਿਰੁੱਧ ਲੋਕ ਰੋਹ ਹੁਣ ਬਹੁਤਾ ਲੁਕਿਆ ਛੁਪਿਆ ਨਹੀਂ ਰਿਹਾ। ਰਾਜਸੀ ਆਗੂਆਂ ਨੂੰ ਜੁੱਤੀਆਂ ਮਾਰਨ ਦਾ ਕੰਮ ਜੋ ਇਰਾਕ ਉੱਤੇ ਹਮਲਾ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਵਲ ਇੱਕ ਪੱਤਰਕਾਰ ਵਲੋਂ ਜੁੱਤੀ ਚਲਾਉਣ ਨਾਲ ਉਭਰ ਕੇ ਸਾਹਮਣੇ ਆਇਆ, ਲੰਬੀ ਹਲਕੇ ਵਿੱਚ ਆਪਣੇ ਨਿਸ਼ਾਨੇ ਨੂੰ ਪੂਰਾ ਕਰ ਲੈਣ ਦੇ ਅਮਲ ਨਾਲ ਨੇਪਰੇ ਚੜ੍ਹਿਆ। ਇਸ ਬਜ਼ੁਰਗ ਉਮਰੇ ਪ੍ਰਕਾਸ਼ ਸਿੰਘ ਬਾਦਲ ਜਿਹੇ ਸਿਆਸਤਦਾਨ ਵਿਰੁੱਧ ਕਿਸੇ ਵਲੋਂ ਅਜਿਹੀ ਕਾਰਵਾਈ ਕਰਨੀ ਭਾਵੇਂ ਸਦਾਚਾਰਕ ਪੱਖੋਂ ਬਹੁਤਿਆਂ ਨੂੰ ਠੀਕ ਨਾ ਲਗਦੀ ਹੋਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਕਈ ਘਟਨਾਵਾਂ ਬਾਰੇ ਮੀਸਣੀ ਚੁੱਪ ਧਾਰਨ ਵਾਲੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ‘ਜੁੱਤੀ ਦਾ ਨਿਸ਼ਾਨਾ’ ਬਣਾਉਣ ਵਾਲਾ ਗੁਰਬਚਨ ਸਿੰਘ ਸਿੱਖ ਹਲਕਿਆਂ ਵਿੱਚ ਜਿਹੜਾ ਸਤਿਕਾਰ ਹਾਸਲ ਕਰ ਗਿਆ ਹੈ, ਉੱਹ ‘ਫਖ਼ਰ-ਏ-ਕੌਮ’ ਦੇ ਖ਼ਿਤਾਬ ਤੋਂ ਕਿਤੇ ਵੱਡਾ ਹੈ। ਵੈਸੇ ਵੀ ਕਿਸੇ ਰਾਜਸੀ ਆਗੂ ਦੇ ‘ਸਾਫ਼ ਅਤੇ ਸਿੱਧੇ ਰੂਪ ਵਿੱਚ ਜੁੱਤੀ ਵੱਜਣ’ ਦੀ ਇਹ ਕਾਰਵਾਈ ਕਿਸੇ ਆਗੂ ਦੀ ਬੇਇੱਜ਼ਤੀ ਦਾ ਇਸ ਤੋਂ ਵੱਡਾ ਕੋਈ ਹੋਰ ਕੋਈ ਕਰਮ ਅੱਜ ਤੱਕ ਸਾਹਮਣੇ ਨਹੀਂ ਆਇਆ। ‘ਕੁੰਢੀਆਂ ਦੇ ਸਿੰਗ ਫਸਗੇ, ਨਿੱਤਰੂ ਵੜੇਂਵੇਂ ਖਾਣੀ’ ਦੀ ਪੰਜਾਬੀ ਕਹਾਵਤ ਲੰਬੀ ਵਿੱਚ ‘ਬਾਬਿਆਂ ਦੇ ਸਿੰਗ ਫਸਗੇ, ਨਿੱਤਰੂ ਲੋਕਾਂ ਦਾ ਹਾਣੀ’ ਵਜੋ  ਵੇਖੀ ਸਮਝੀ ਤੇ ਬਿਆਨੀ ਜਾ ਸਕਦੀ ਹੈ।
ਕੇਜ਼ਰੀਵਾਲ ਵਲੋਂ ‘ਦੋਸਤਾਨਾ ਮੈੱਚ ਬਾਦਲ ਨੂੰ ਜਿਤਾਉਣ ਲਈ ਕੈਪਟਨ ਵਲੋਂ ਲੰਬੀ ਤੋਂ ਚੋਣ ਲੜ੍ਹਣ’ ਵਾਲਾ ਬਿਆਨ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਦੀ ਬੜੀ ਛੋਟੀ ਜਿਹੀ ‘ਬੇਸਿਰ ਪੈਰ ਟਿਪਣੀ’ ਵਜੋਂ ਹੀ ਲਿਆ ਜਾਵੇਗਾ। ਹੋਰਨਾਂ ਸੀਟਾਂ ‘ਤੇ ਵੀ ਆਪੋ ਆਪਣੇ ਬੂਥ ਲੱਗਣ ਵਿਚ ਘਿਰੇ ਅਕਾਲੀਆਂ ਕੋਲ ਦੂਜੇ ਹਲਕਿਆਂ ਦੇ ਆਪਣੇ ਆਗੂਆਂ ਤੇ ਉਮੀਦਵਾਰਾਂ ਦੀ ਬਾਤ ਪੱਛਣ ਦਾ ਸਮਾਂ ਕਿੱਥੇ ਮਿਲਣੈ। ਕੈਪਟਨ ਵਲੋਂ ਪਟਿਆਲੇ ਵਿੱਚ ਭਾਰਤੀ ਫੌਜ ਦੇ ਸਾਬਕਾ ਜਰਨੈਲ ਤੇ ਲੰਬੀ ਵਿੱਚ ਆਮ ਆਦਮੀ ਪਾਰਟੀ ਦੇ ਦਿੱਲੀਓਂ ਆਏ ਜਰਨੈਲ ਨਾਲ ਰਾਜਸੀ ਮੁਕਾਬਲਾ ਜੋ ਵੀ ਨਤੀਜੇ ਕੱਢੇ ਪੰਜਾਬ ਦੇ ਰਾਜਸੀ ਇਤਿਹਾਸ ਵਿਚ ਅਮਰਿੰਦਰ ਸਿੰਘ ਨੂੰ ਸਭ ਤੋਂ ਧੜੱਲੇਦਾਰ ਆਗੂ ਵਜੋਂ ਜਾਣਿਆ ਜਾਂਦਾ ਰਹੇਗਾ।