ਚਾਰ ਚੁਫੇਰਾ ਹੋਇਐ ਵੀਰਾਨ…..

ਚਾਰ ਚੁਫੇਰਾ ਹੋਇਐ ਵੀਰਾਨ…..

ਮਹਿਮਾਨ ਸੰਪਾਦਕੀ
ਕਰਮਜੀਤ ਸਿੰਘ

ਪਈ ਕੈਸਾ ਨਜ਼ਾਰਾ ਹੈ ਪੰਜਾਬ ਦਾ? ਅੱਜ ਕਿਉਂ ਨਾ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਦੇ ਪਾਠਕਾਂ ਲਈ ਦਰਦ ਵਿਚ ਭਿੱਜਿਆ ਵਿਅੰਗਮਈ ਸੰਪਾਦਕੀ ਹੀ ਲਿਖਿਆ ਜਾਏ। ਇਕ ਦਿਲ ਕਰਦੈ ਪਈ ਪੰਜ ਦਰਿਆਵਾਂ ਦੀ ਧਰਤੀ ਦੀ ਮੌਜੂਦਾ ਹਾਲਤ ਜਿਸ ਤਰ੍ਹਾਂ ਦੀ ਬਣ ਗਈ ਹੈ ਜਾਂ ਬਣਾ ਦਿੱਤੀ ਗਈ ਹੈ, ਉਸ ਉਤੇ ਹੱਸਿਆ ਜਾਵੇ। ਇਕ ਦਿਲ ਕਰਦੈ, ਰੋਇਆ ਜਾਵੇ। ਹੱਸਿਆ ਜਾਵੇ ਇਸ ਲਈ ਕਿਉਂਕਿ ਕਿਹੋ ਜਿਹੇ ਬਹਿਰੂਪੀਏ ਸਿਆਸਤ ਦੇ ਮੈਦਾਨ ਵਿਚ ਗੱਜ ਰਹੇ ਹਨ। ਰੋਇਆ ਇਸ ਲਈ ਜਾਵੇ ਕਿਉਂਕਿ ਇਕ ਵੀ ਸਿਆਸਤਦਾਨ ਨਜ਼ਰ ਨਹੀਂ ਆਉਂਦਾ, ਜਿਸ ਉਤੇ ਖ਼ਾਲਸਾ ਪੰਥ ਵਿਸ਼ਵਾਸ਼ ਕਰ ਸਕੇ, ਜਿਸ ਉਤੇ ਮਾਣ ਕੀਤਾ ਜਾ ਸਕੇ। ਕਿਸ ਤਰ੍ਹਾਂ ਦੇ ਦਿਨ ਸਾਨੂੰ ਵੇਖਣੇ ਪੈ ਰਹੇ ਹਨ?
ਹਰ ਦੂਜੇ-ਤੀਜੇ ਦਿਨ ਕੋਈ ਕਿਸਾਨ ਖੁਦਕੁਸ਼ੀ ਕਰਦਾ ਹੈ ਅਤੇ ਹੁਣ ਸਾਡੇ ਲਈ ਇਹ ਖ਼ਬਰ ਆਮ ਜਹੀ ਹੀ ਬਣ ਗਈ ਹੈ। ਸ਼ਾਇਦ ਅਸੀਂ ਹੁਣ ਸਾਰੀ ਖ਼ਬਰ ਪੜ੍ਹਦੇ ਹੀ ਨਹੀਂ। ਇਸ ਬੇਰੁਖ਼ੀ ਨੂੰ ਕਿਸ ਨਾਂ ਨਾਲ ਯਾਦ ਕੀਤਾ ਜਾਏ? ਹਰ ਰੋਜ਼ ਕਿਤੇ ਨਾ ਕਿਤੇ ਦਲਿਤਾਂ ਤੇ ਉੱਚੀਆਂ ਜਾਤੀਆਂ ਦੀ ਆਪਸ ਵਿਚ ਟੱਕਰ ਹੁੰਦੀ ਹੈ ਅਤੇ ਸਾਨੂੰ ਟੱਕਰ ਦੇ ਡੂੰਘੇ ਤੇ ਅਸਲੀ ਕਾਰਨਾਂ ਦਾ ਪਤਾ ਹੀ ਨਹੀਂ ਲਗਦਾ। ਨਾ ਹੀ ਕੋਈ ਸੋਚਣ ਵਾਲਾ ਬੰਦਾ ਲੱਭਦੈ ਜੋ ਇਹ ਦੱਸੇ ਕਿ ਜਾਤਾਂ ਪਾਤਾਂ ਨੂੰ ਖ਼ਤਮ ਕਰਨ ਵਾਲੇ ਸਾਡੇ ਗੁਰੂ ਸਾਹਿਬਾਨ ਸਾਨੂੰ ਕਿਉਂ ਭੁੱਲ ਗਏ ਹਨ। ਸਭ ਦੇ ਸਭ ਸੁੱਕੇ ਪੱਤਿਆਂ ਵਾਂਗ ਜਿੱਧਰ ਹਵਾ ਲਈ ਜਾ ਰਹੀ ਹੈ, ਓਧਰ ਹੀ ਉੱਡੇ ਜਾ ਰਹੇ ਹਨ। ਵਗਦੇ ਪਾਣੀਆਂ ਦੇ ਉਲਟ ਜਾਣ ਵਾਲੇ ਹੌਂਸਲੇ ਕਿਥੇ ਗੁੰਮ ਹੋ ਗਏ? ਵੈਸੇ ਇਸਲਾਮ ਦਾ ਮਹਾਨ ਢਾਡੀ ਇਕਬਾਲ ਠੀਕ ਕਹਿੰਦਾ ਸੀ ਪਈ : ‘ਹਰ ਸ਼ਾਖ਼ ਪੇ ਉੱਲੂ ਬੈਠਾ ਹੈ, ਅੰਜਾਮੇਂ ਗੁਲਿਸਤਾਂ ਕਿਆ ਹੋਗਾ’। ਕੌਣ ਸਾਡੇ ਵੇਹੜੇ ਵਿਚ ਤੱਕਲਾ ਗੱਡ ਗਿਆ ਹੈ?
ਇਹ ਵੀ ਪਤਾ ਨਹੀਂ ਲਗਦਾ ਕਿ ਮੀਰੀ ਪੀਰੀ ਦੇ ਸ਼ਹਿਨਸ਼ਾਹ ਦੇ ਤਖ਼ਤ ਉੱਤੇ ਬੈਠੇ ਸਰਕਾਰੀ ਜਥੇਦਾਰ ਗੁਰਬਚਨ ਸਿੰਘ ਨੂੰ ਲੱਖਾਂ ਦੀ ਗਿਣਤੀ ਵਿਚ ਸਰਬਤ ਖ਼ਾਲਸਾ ਦੀ ਇਕ ਮਹਾਨ ਇਕੱਤਰਤਾ ਨੇ ਜਥੇਦਾਰੀ ਦੇ ਅਹੁਦੇ ਤੋਂ ਉਸ ਨੂੰ ਬਰਤਰਫ਼ ਕੀਤਾ ਹੋਇਆ ਹੈ ਪਰ ਢੀਠਤਾ ਦਾ ਰਿਕਾਰਡ ਰੱਖਣ ਲਈ ਉਹ ਅਜੇ ਵੀ ਕਿਉਂ ਕਬਜ਼ਾ ਕਰੀ ਬੈਠਾ ਹੈ। ਕੀ ਉਸ ਦੀ ਜ਼ਮੀਰ ਦਾ ਡੀ.ਐਨ.ਏ. ਟੈਸਟ ਨਹੀਂ ਹੋਣਾ ਚਾਹੀਦਾ? ਕੀ ਇਸ ਤਰ੍ਹਾਂ ਨਹੀਂ ਲਗਦਾ ਕਿ ‘ਹਰ ਤਰਫ਼ ਲਗੇ ਹੈਂ ਬਰਬਾਦੀਓਂ ਕੇ ਮੇਲੇ’।
ਬਾਦਲ ਸਾਹਿਬ ਚਾਹੁੰਦੇ ਹਨ ਕਿ ਪੰਜਾਬ ਵਿਚ ਬਚੇ-ਖੁਚੇ ਰੂਹਾਨੀ ਵਿਰਸੇ ਨੂੰ ਪੂਰੀ ਤਰ੍ਹਾਂ ਨੇਸਤੋ-ਨਾਬੂਦ ਕਰਨ ਲਈ ਉਨ੍ਹਾਂ ਨੂੰ 10 ਸਾਲ ਹੋਰ ਹਕੂਮਤ ਕਰਨ ਦੀ ਖੁੱਲ੍ਹ ਦਿੱਤੀ ਜਾਵੇ। ਕੀ ਇਹ ਮੌਜਾਂ ਦੇ ਦਿੱਤੀਆਂ ਜਾਣ? ਕੁਝ ਲੋਕ ਵੋਟਾਂ ਦਾ ਹਿਸਾਬ ਕਿਤਾਬ ਲਾ ਕੇ ਖ਼ਬਰਦਾਰ ਕਰ ਰਹੇ ਹਨ ਕਿ ਹਾਂ, ਬਾਦਲ ਸਾਹਿਬ ਦਾ ਤੁੱਕਾ ਇਕ ਵਾਰ ਫਿਰ ਲੱਗ ਸਕਦਾ ਹੈ। ਕੁਝ ਲੋਕ ਕੋਡ ਆਫ ਕੰਡਕਟ ਨੂੰ ਹੀ ਨਿਆਸਰਿਆਂ ਦਾ ਆਸਰਾ ਮੰਨੀ ਬੈਠੇ ਹਨ ਤੇ ਆਖਦੇ ਹਨ ਕਿ ਕੋਡ ਇਕ ਵਾਰ ਲਾਗੂ ਹੋ ਜਾਏ ਸਹੀ, ਫਿਰ ਦਿਖਾਵਾਂਗੇਂ ਅਕਾਲੀਆਂ ਨੂੰ ਦਿਨ ਨੂੰ ਤਾਰੇ। ਪਰ ਉਹ ਨਹੀਂ ਜਾਣਦੇ ਕਿ ਬਾਦਲਾਂ ਨੇ ਡੌਲਿਆਂ ਵਾਲਿਆਂ ਦੀ ਤਕੜੀ ਫੌਜ ਬਣਾ ਰੱਖੀ ਹੈ ਜੋ ਵੋਟਾਂ ਵਾਲੇ ਦਿਨ ਗੱਜ ਵੀ ਸਕਦੀ ਤੇ ਵਰ੍ਹ ਵੀ ਸਕਦੀ ਹੈ।
ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਜ਼ਮੀਨ ਘੁਟਾਲੇ ਦਾ ਕੇਸ ਵਿਜੀਲੈਂਸ ਨੇ ਬੰਦ ਕਰ ਦਿਤਾ ਹੈ ਅਤੇ ਹੁਣ ਚੁੱਪ-ਚੁਪੀਤੇ ਖੇਤੀ ਮੰਤਰੀ ਤੋਤਾ ਸਿੰਘ ਵਿਰੁੱਧ ਚਰਚਿਤ ਕਲਰਕ ਭਰਤੀ ਘੋਟਾਲੇ ਵਾਲਾ ਕੇਸ ਵੀ ਵਿਜੀਲੈਂਸ ਵਾਲੇ ਵਾਪਸ ਲੈ ਰਹੇ ਹਨ। ਵਿਜੀਲੈਂਸ ਵਾਲਿਆਂ ਦੀ ਇਸ ਕਾਰਵਾਈ ਨੂੰ ਚੰਡੀਗੜ੍ਹ ਦੇ ਇਕ ਪ੍ਰਸਿੱਧ ਅਖ਼ਬਾਰ ਨੇ ‘ਬਾਦਲਾਂ ਅਤੇ ਕੈਪਟਨ ਵਿਚ ਸਿਆਸੀ ਦੋਸਤਾਨਾ ਮੈਚ’ ਦਾ ਨਾਂ ਦਿੱਤਾ ਹੈ। ਤੁਹਾਨੂੰ ਪਤਾ ਹੀ ਹੈ ਕਿ ਕੁਝ ਸਾਲ ਪਹਿਲਾਂ ਕੈਪਟਨ ਸਾਹਿਬ ਨੇ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਇਹ ਬਿਆਨ ਦਾਗਿਆ ਸੀ ਕਿ ‘ਡਰੱਗ ਤਸਕਰੀ ਦੇ ਮਾਮਲੇ ਵਿੱਚ ਹੋਰ ਭਾਵੇਂ ਕੁਝ ਕਰ ਲਵੋ ਪਰ ਮਜੀਠੀਏ ਦਾ ਮਾਮਲਾ ਸੀ.ਬੀ.ਆਈ. ਦੇ ਹਵਾਲੇ ਨਾ ਕੀਤੇ ਜਾਏ’। ਯਾਨੀ ਪੰਜਾਬ ਵਿਚ ਹੀ ਰੋਲ ਘਚੋਲ ਚਲਦਾ ਰਹੇ ਤੇ ਘਰ ਦੀ ਗੱਲ ਬਾਹਰ ਨਾ ਜਾਏ। ਅਕਾਲੀ ਦਲ ਤੇ ਕਾਂਗਰਸ ਦੀ ਗੁਪਤ ਯਾਰੀ ਨੂੰ ਕਿਵੇਂ ਬਿਆਨ ਕੀਤਾ ਜਾਏ?
ਅੱਛਾ! ਬੈਂਸ ਭਰਾਵਾਂ ਬਾਰੇ ਕੀ ਕਿਹਾ ਜਾਏ? ਦੇਖੋ, ਉਨ੍ਹਾਂ ਦਾ ਲੁਧਿਆਣੇ ਵਿਚ ਕਿੰਨਾ ਟੌਹਰ ਟੱਪਾ ਹੈ। ਉਹ ਲੋਕਾਂ ਦੇ ਕੰਮ ਵੀ ਕਰਦੇ ਹਨ ਤੇ ਲੋੜ ਪੈਣ ਉਤੇ ਹਿੱਕ ਦੇ ਜ਼ੋਰ ਨਾਲ ਕਰਵਾਉਂਦੇ ਵੀ ਹਨ। ਇਹ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ ਜਿਥੇ ਜਮਹੂਰੀਅਤ ਵਿਚ ਇਹੋ ਜਿਹੇ ਪਵਿੱਤਰ ਰੋਅਬ ਨੂੰ ਜਨਤਾ ਵਲੋਂ ਵੀ ਪ੍ਰਵਾਨਗੀ ਮਿਲ ਗਈ ਹੈ। ਪਰ ਨਵਜੋਤ ਸਿੰਘ ਸਿੱਧੂ ਨਾਲ ਰਲ ਕੇ ਆਖ਼ਰਕਾਰ ਉਨ੍ਹਾਂ ਨੂੰ ਕੀ ਲੱਭਿਆ ਹੈ? ਗਵਾਇਆ ਹੀ ਗਵਾਇਆ ਹੈ। ਗਵਾਇਆ ਜ਼ਿਆਦਾ ਹੈ ਤੇ ਲੱਭਿਆ ਕੁੱਝ ਵੀ ਨਹੀਂ। ਕੀ ਅਜੇ ਵੀ ਸੰਭਲ ਜਾਣਗੇ? ਭਲਾਂ ਦੱਸੋ ਸੁੱਚਾ ਸਿੰਘ ਛੋਟੇਪੁਰ ਹੁਣ ਕਿਤੇ ਨਜ਼ਰ ਆਉਂਦੇ ਹਨ? ਕੀ ਸਿਆਸਤ ਦੀ ਖੇਡ ਵਿਚ ਇਹ ਬੰਦਾ ਮਾਰ ਨਹੀਂ ਖਾ ਗਿਆ। ਇਕ ਸਵਾਲ ਦਾ ਜਵਾਬ ਤੁਸੀਂ ਹੀ ਲੱਭੋ ਕਿ ਅੱਜ ਕੱਲ੍ਹ ਦੋ ਟੀਵੀ ਚੈਨਲ ਉਸ ਨੂੰ ਚਮਕਾਉਣ ਵਿਚ ਕਿਉਂ ਲੱਗੇ ਹੋਏ ਹਨ? ਹਾਕੀ ਦੇ ਮਸ਼ਹੂਰ ਖਿਡਾਰੀ ਪਰਗਟ ਸਿੰਘ ਵੀ ਕੀ ਰੁਲ਼ਦੇ ਨਹੀਂ ਜਾ ਰਹੇ? ਕੀ ਛੋਟੇਪੁਰ ਜੀ ਵੀ ਹੁਣ ਬੇਗ਼ਾਨੇ ਖੰਭਾਂ ਉਤੇ ਉੱਡ ਨਹੀਂ ਰਹੇ?
ਦੋਸਤੋ ਤੁਸੀਂ ਇਹ ਦੱਸੋ ਕਿ ਕੀ ਕੇਜਰੀਵਾਲ ਪੰਜਾਬ ਦਾ ਬੇੜਾ ਬੰਨੇ ਲਾਏਗਾ? ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਭਾਵੇਂ ਜਿੱਤ ਤਾਂ ਉਸ ਨੇ ਜਾਣਾ ਹੀ ਹੈ ਪਰ ਜਿਹੜੀ ਖੋਹ-ਖਿੱਝ ਅਤੇ ਕੁੱਤੇਖਾਣੀ ਜਿੱਤਣ ਤੋਂ ਪਿਛੋਂ ਹੋਏਗੀ ਉਸ ਨੂੰ ਨੀਲੀ ਛੱਤ ਵਾਲਾ ਵੀ ਰੋਕ ਨਹੀਂ ਸਕੇਗਾ। ਇਤਿਹਾਸ ਦੀ ਚੱਕੀ ਏਨੀ ਬੇਰਹਿਮ ਕਿਉਂ ਹੋ ਜਾਂਦੀ ਹੈ?
ਵਿਲੀਅਮ ਬੁਟਲਰ ਯੀਟਸ (1865-1939) ਦੀ ਕਵਿਤਾ ‘ਸੈਕਿੰਡ ਕਮਿੰਗ’ 20ਵੀਂ ਸਦੀ ਦੀਆਂ ਉਦਾਸ ਕਵਿਤਾਵਾਂ ਵਿਚ ਉੱਚਾ ਸਥਾਨ ਰੱਖਦੀ ਹੈ। ਪੀੜਾਂ ਮੱਲੇ ਰਾਹਾਂ ਦਾ ਆਇਰਲੈਂਡ ਦਾ ਇਹ ਸ਼ਾਇਰ ਉਜੜੀ, ਬੇਜਾਨ ਤੇ ਉਦਾਸ ਹਾਲਤ ਦਾ ਜ਼ਿਕਰ ਕੁਝ ਇਸ ਤਰ੍ਹਾਂ ਕਰਦਾ ਹੈ:
ਸ਼ਿਰਾਜ਼ਾ ਖਿੰਡ-ਪੁੰਡ ਗਿਆ ਹੈ। ਚਾਰੇ ਪਾਸੇ ਅਫ਼ਰਾ ਤਫ਼ਰੀ ਦਾ ਬੋਲਾ ਬਾਬਾ ਹੈ।
ਕੋਈ ਵੀ ਕੇਂਦਰ ਨਹੀਂ ਰਹਿ ਗਿਆ ਜੋ ਇਸ ਹਾਲਤ ਨੂੰ ਠੱਲ੍ਹ ਪਾ ਸਕੇ।
ਕੀ ਪੰਜ ਦਰਿਆਵਾਂ ਦੀ ਹਾਲਤ ਵੀ ਕੁਝ ਇਸ ਤਰ੍ਹਾਂ ਨਹੀਂ, ਜਿਥੇ ‘ਹਰ ਤਰਫ਼ ਲਗੇਂ ਨੇ ਬਰਬਾਦੀਆਂ ਦੇ ਮੇਲੇ’