’84 ਸਿੱਖ ਕਤਲੇਆਮ : ਟਾਈਟਲਰ ਤੋਂ 4 ਘੰਟੇ ਪੁੱਛਗਿੱਛ
ਨਵੀਂ ਦਿੱਲੀ/ਬਿਊਰੋ ਨਿਊਜ਼ :
1984 ਦੇ ਸਿੱਖ ਕਤਲੇਆਮ ਨਾਲ ਸੰਬੰਧਤ ਇਕ ਮਾਮਲੇ ਵਿਚ ਸੀ.ਬੀ.ਆਈ. ਨੇ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਤੋਂ 4 ਘੰਟੇ ਪੁੱਛਗਿੱਛ ਕੀਤੀ ਹੈ। ਜਾਂਚ ਏਜੰਸੀ ਸਾਹਮਣੇ ਪੇਸ਼ ਹੋਏ ਟਾਈਟਲਰ ਨੇ ਪੁੱਛਗਿੱਛ ਦੌਰਾਨ ਕਤਲੇਆਮ ਵਿਚ ਆਪਣੀ ਕੋਈ ਵੀ ਭੂਮਿਕਾ ਹੋਣ ਤੋਂ ਇਨਕਾਰ ਕੀਤਾ ਹੈ। ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਦੱਸਿਆ ਕਿ ਟਾਈਟਲਰ ਖ਼ਿਲਾਫ ਇਸ ਮਾਮਲੇ ਦੇ ਮੁੱਖ ਗਵਾਹ ਦੇ ਕੈਨੇਡਾ ਵਿਚ ਰਹਿੰਦੇ ਬੇਟੇ ਨਰਿੰਦਰ ਸਿੰਘ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਸੀ ਪਰ ਉਸ ਨੇ ਜਾਂਚ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਮਾਮਲਾ ਉੱਤਰੀ ਦਿੱਲੀ ਦੇ ਪੁਲਬੰਗਸ਼ ਗੁਰਦੁਆਰੇ ਵਿਚ 1 ਨਵੰਬਰ ਨੂੰ ਹੋਈ ਹਿੰਸਾ ਨਾਲ ਸੰਬੰਧਤ ਹੈ, ਜਿਥੇ 3 ਸਿੱਖਾਂ ਬਾਦਲ ਸਿੰਘ, ਠਾਕੁਰ ਸਿੰਘ ਤੇ ਗੁਰਬਚਨ ਸਿੰਘ ਦੀ ਹੱਤਿਆ ਹੋਈ ਸੀ। 2007 ਤੋਂ ਲੈ ਕੇ ਹੁਣ ਜਾਂਚ ਏਜੰਸੀ 3 ਵਾਰ ਇਸ ਮਾਮਲੇ ਦੀ ਕਲੋਜ਼ਰ ਰਿਪੋਰਟ ਸੌਂਪ ਚੁੱਕੀ ਹੈ। ਸੀ.ਬੀ.ਆਈ. ਨੇ ਵਿਸ਼ੇਸ਼ ਅਦਾਲਤ ਤੋਂ ਇਸ ਮਾਮਲੇ ਦੀ ਜਾਂਚ ਪੂਰੀ ਕਰਨ ਲਈ 4 ਮਹੀਨੇ ਦਾ ਸਮਾਂ ਮੰਗਿਆ ਹੈ।
Comments (0)