ਅਦਾਲਤੀ ਫੁਰਮਾਨ ਅਤੇ ਹਿੰਦੁਸਤਾਨ ਦੇ ‘ਬਦਨਸੀਬ’

ਅਦਾਲਤੀ ਫੁਰਮਾਨ ਅਤੇ ਹਿੰਦੁਸਤਾਨ ਦੇ ‘ਬਦਨਸੀਬ’

The fact is that soon we shall have had seven years of crimes in Algeria and there has not yet been a single Frenchman indicted before a French court of justice for the murder of an Algerian.
– Frantz Fenon
ਡਾ. ਸਿਕੰਦਰ ਸਿੰਘ

ਬਸਤੀਵਾਦ ਦੀ ਕਰੜੀ ਆਲੋਚਨਾ ਕਰਨ ਵਾਲਾ ਫਰਾਂਸੀਸੀ ਲੇਖਕ ਫਰਾਂਜ ਫੈਨਨ ਬਸਤੀਆਂ ਦੇ ਮੂਲ ਵਸ਼ਿੰਦਿਆਂ ਨੂੰ ਬਦਨਸੀਬ ਆਖਦਾ ਹੈ। ਉਸ ਦੀ ਮਕਬੂਲ ਕਿਤਾਬ ‘ਦ ਰੈਚੱਡ ਆਫ ਦ ਅਰਥ’ ਬਸਤੀਕਾਰਾਂ ਦੀਆਂ ਚਾਲਾਂ ਅਤੇ ਬਸਤੀਆਂ ਦੇ ਮੂਲ ਵਾਸੀਆਂ ਦੇ ਹਾਲ ਦੀਆਂ ਅਨੇਕਾਂ ਤੈਹਾਂ ਖੋਲ੍ਹਦੀ ਹੈ। ਮਰਹੂਮ ਕੌਮਾਂਤਰੀ ਸਿੱਖ ਚਿੰਤਕ ਪ੍ਰੋਫੈਸਰ ਅਤੇ ਸਾਬਕਾ ਮੁਖੀ, ਅੰਗਰੇਜੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਡਾ. ਗੁਰਭਗਤ ਸਿੰਘ ਨੇ ਇਸ ਦਾ ਪੰਜਾਬੀ ਤਰਜਮਾ ‘ਧਰਤੀ ਦੇ ਬਦਨਸੀਬ’ ਕੀਤਾ ਹੈ। ਫੈਨਨ ਦੀ ਇਹ ਕਿਤਾਬ ਬਸਤੀਵਾਦ ਦੀਆਂ ਕਈ ਅੰਦਰਲੀਆਂ ਗੱਲਾਂ ਲੋਕਾਂ ਸਾਹਮਣੇ ਲਿਆਉਂਦੀ ਹੈ ਕਿ ਕਿਵੇਂ ਬਸਤੀਕਾਰ ਮੂਲ ਨਿਵਾਸੀਆਂ ਨੂੰ ਜਾਨਵਰ ਤੋਂ ਵੱਧ ਕੁਝ ਨਹੀਂ ਸਮਝਦਾ, ਉਸ ਲਈ ਉਹ ਬੁਰਾਈ ਹਨ। ਇਸ ਕਿਤਾਬ ਦੇ ਸਾਲ 1963 ਦੀ ਅੰਗਰੇਜੀ ਛਾਪ ਦੀ ਭੂਮਿਕਾ ਵਿਚ ਪ੍ਰਸਿੱਧ ਦਾਨਸ਼ਵਰ ਜਾਂ ਪਾੱਲ ਸਾਰਤਰ ਕਹਿੰਦਾ ਕਿ ਬਸਤੀਆਂ ਵਿਚ ਕੀਤੀ ਜਾਣ ਵਾਲੀ ਹਿੰਸਾ ਕੇਵਲ ਉਨ੍ਹਾਂ ਨੂੰ ਗੁਲਾਮ ਬਣਾਉਣ ਲਈ ਹੀ ਨਹੀਂ ਹੁੰਦੀ ਸਗੋਂ ਇਹ ਉਨ੍ਹਾਂ ਨੂੰ ਅਸੱਭਿਅਕ ਬਣਾਉਣ ਦੀ ਕਵਾਇਦ ਹੁੰਦੀ ਹੈ। ਸਭ ਕੁਝ ਉਨ੍ਹਾਂ ਦੀਆਂ ਵਿਰਾਸਤਾਂ ਨੂੰ ਤਹਿਸ ਨਹਿਸ ਕਰਨ ਲਈ ਹੁੰਦਾ, ਬਸਤੀਕਾਰ ਦੀ ਬੋਲੀ ਨੂੰ ਉਨ੍ਹਾਂ ਦੀ ਬੋਲੀ ਬਣਾਉਣ ਲਈ ਹੁੰਦਾ ਅਤੇ ਉਨ੍ਹਾਂ ਦੇ ਸਭਿਆਚਾਰ ਨੂੰ ਖਤਮ ਕਰਨ ਲਈ ਹੁੰਦਾ ਹੈ। ਬਸਤੀਕਾਰ ਮੂਲ ਸਮਾਜ ਦੀ ਮੌਤ, ਸਭਿਆਚਾਰਕ ਨੇਸਤੀ ਅਤੇ ਉਸ ਦੇ ਲੋਕਾਂ ਦੇ ਪਥਰਾਅ ਜਾਣ ‘ਤੇ ਏਕਤਾ ਖੜ੍ਹੀ ਕਰਦਾ ਹੈ। ਡਾ. ਗੁਰਭਗਤ ਸਿੰਘ ਫੈਨਨ ਦੇ ਹਵਾਲੇ ਨਾਲ ਕਹਿੰਦੇ ਹਨ ਕਿ ਬਸਤੀਵਾਦੀ ਸ਼ਾਸਕ ਮੂਲ ਨਿਵਾਸੀ ਕੌਮੀ ਸਭਿਆਚਾਰ ਨੂੰ ਬੜੇ ਵਿਧੀਪੂਰਵਕ ਢੰਗ ਨਾਲ ਖਤਮ ਕਰਨਾ ਚਾਹੁੰਦੇ ਹਨ। ਅਜਿਹੀ ਹਾਲਤ ਵਿਚ ਮੂਲ ਨਿਵਾਸੀ ਨੂੰ ਆਪਣਾ ਸਭਿਆਚਾਰ ਕਦਮ ਕਦਮ ‘ਤੇ ਬਚਾਉਣਾ ਪੈਂਦਾ ਹੈ। ਉਸ ਦੇ ਵਿਸ਼ੇਸ ਚਰਿੱਤਰ ਨੂੰ ਆਪਣੇ ਖੂਨ ਦੀ ਸ਼ਿੱਦਤ ਨਾਲ ਉਭਾਰਨਾ ਪੈਂਦਾ ਹੈ। ਤਾਕਤ ਖਿਲਾਫ ਲੜ ਰਹੇ ਲੋਕਾਂ ਦੇ ਦੋ ਹੀ ਮੁੱਖ ਗੁਣ ਹੁੰਦੇ ਹਨ; ਇਕ ਹਠ ਅਤੇ ਦੂਜਾ ਆਪਣੇ ਸਭਿਆਚਾਰ ਦੇ ਅੰਦਰਲੇ ਦ੍ਰਿੜ੍ਹ ਤੱਤ ‘ਤੇ ਜੋਰ। ਬਸਤੀਕਾਰ ਦੀਆਂ ਫੌਜਾਂ, ਪੁਲਸ, ਅਦਾਲਤਾਂ ਆਦਿ ਸਭ ਮੂਲ ਨਿਵਾਸੀਆਂ ਨੂੰ ਦਬਾਉਣ ਦੇ ਕਾਰਕ ਬਣਦੇ ਹਨ। ਉਸ ਉੱਪਰ ਸੈਆਂ ਤਰਕੀਬਾਂ ਵਰਤ ਕੇ ਦਹਿਸ਼ਤ ਪਾਈ ਜਾਂਦੀ ਹੈ, ਉਸ ਅੰਦਰ ਹਮਲੇ ਦਾ, ਤਸ਼ੱਦਦ ਦਾ ਸਹਿਮ ਭਰਿਆ ਜਾਂਦਾ ਹੈ। ਜੇਲ੍ਹਾਂ ਫਾਸੀਆਂ ਆਮ ਕਰਕੇ ਉਨ੍ਹਾਂ ਲਈ ਹੀ ਹੁੰਦੀਆਂ ਹਨ। ਉਨ੍ਹਾਂ ਦੀ ਦੇਹ ਨੂੰ ਸਜਾ ਦੇ ਜਾਂ ਸਜਾ ਦਾ ਸਹਿਮ ਖੜ੍ਹਾ ਕਰ ਕੇ ਕਾਬੂ ਕੀਤਾ ਜਾਂਦਾ ਹੈ। ਇਕ ਪਾਸੇ ਉਨ੍ਹਾਂ ਦੇ ਧਰਮ, ਸਭਿਆਚਾਰ ਅਤੇ ਪਵਿੱਤਰ ਵਿਸ਼ਵਾਸ਼ਾਂ ਨਾਲ ਖੇਡ ਕੇ ਉਨ੍ਹਾਂ ਨੂੰ ਉਕਸਾਇਆ ਜਾਂਦਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਫੌਜ ਦਾ ਸਹਿਮ ਦਿਖਾਇਆ ਜਾਂਦਾ ਹੈ, ਕਾਨੂੰਨ ਦੀ ਹੁਕਮ ਅਦੂਲੀ ਭਿਆਨਕ ਸਿੱਟੇ ਦਿਖਾਏ ਜਾਂਦੇ ਹਨ। ਮੁੱਕਦੀ ਗੱਲ ਇਹ ਕਿ ਉਹ ਜਿਸ ਧਰਤੀ ‘ਤੇ ਪੈਦਾ ਹੋਏ ਹੁੰਦੇ ਹਨ, ਉਹ ਉਸੇ ਧਰਤੀ ਦੇ ਬਦਨਸੀਬ ਬਣ ਜਾਂਦੇ ਹਨ। ਉਨ੍ਹਾਂ ਲਈ ਸਿਰ ਚੁੱਕਣਾ ਤਸ਼ੱਦਦ ਦੀ ਮੌਤ ਹੁੰਦੀ ਹੈ। ਆਪਣੇ ਮੂਲ ਵਿਸ਼ਵਾਸਾਂ ਦੀ ਰਾਖੀ ਉਹ ਕੇਵਲ ਲਹੂ ਨਾਲ ਕਰ ਸਕਦੇ ਹਨ। ਫਰਿਆਦ, ਮੰਗ, ਤਰਕ ਉਨ੍ਹਾਂ ਦੇ ਹੱਕ ਨਹੀਂ ਹੁੰਦੇ।

ਹਿੰਦੁਸਤਾਨ ਵਿਚੋਂ ਫਰੰਗੀ ਬਸਤੀਕਾਰਾਂ ਨੂੰ ਗਿਆਂ ਤਾਂ 70 ਸਾਲਾਂ ਤੋਂ ਉੱਪਰ ਹੋ ਗਏ ਪਰ ਇੱਥੇ ਅਜੇ ਵੀ ਅਨੇਕਾਂ ਲੋਕ ਬਸਤੀਵਾਦ ਦੇ ਅਧੀਨ ਹਨ। ਉਨ੍ਹਾਂ ਨੂੰ ਆਪਣੇ ਸਭਿਆਚਾਰ, ਧਰਮ ਅਤੇ ਵਿਰਾਸਤ ਦੀਆਂ ਮਾਨਤਾਵਾਂ ਅਤੇ ਵਿਸ਼ਵਾਸਾਂ ਮੁਤਾਬਕ ਜਿਉਣ ਦਾ ਹੱਕ ਨਹੀਂ। ਦਲਿਤ, ਘੱਟਗਿਣਤੀਆਂ, ਗਰੀਬ, ਕਬੀਲੇ ਅਤੇ ਇਨ੍ਹਾਂ ਦੀਆਂ ਔਰਤਾਂ ਆਦਿ ਦੂਜੇ ਦਰਜੇ ਦੀ ਜਿੰਦਗੀ ਜਿਉਂ ਰਹੇ ਹਨ। ਅਦਾਲਤਾਂ ਉਨ੍ਹਾਂ ਦੀ ਫਰਿਆਦ ਨਹੀਂ ਸੁਣਦੀਆਂ। ਪ੍ਰਭਾਤ ਕੁਮਾਰ ਸ਼ਾਂਡਲਯ ਕਹਿੰਦਾ ਹੈ ਕਿ ‘ਦਲਿਤਾਂ ਘੱਟਗਿਣਤੀਆਂ ਨੂੰ ਫਾਂਸੀ ਵਿਚ 100 ਫੀਸਦੀ ਰਾਖਵਾਂਕਰਣ ਦਿੱਤਾ ਗਿਆ ਹੈ ਅਰਥਾਤ ਹਿੰਦੁਸਤਾਨੀ ਅਦਾਲਤਾਂ ਵਲੋਂ ਮੌਤ ਦੀ ਸਜਾ ਉਨ੍ਹਾਂ ਨੂੰ ਹੀ ਹੁੰਦੀ ਹੈ। ਫੈਨਨ ਦੇ ਕਹਿਣ ਵਾਂਗ ਉਹ ਹਿੰਦੁਸਤਾਨ ਦੇ ਬਦਨਸੀਬ ਲੋਕ ਹਨ।
”””””””””””””
ਇਨ੍ਹਾਂ ਬਦਨਸੀਬਾਂ ਵਿਚੋਂ ਇਕ ਉਹ ਹਨ ਜਿਨ੍ਹਾਂ ਖਿਲਾਫ ‘ਦੇਸ’ ਦੀ ਸਰਵਉੱਚ ਅਦਾਲਤ ਦਾ ਤਾਜਾ ਫੁਰਮਾਨ ਆਇਆ ਹੈ। ਪਿਛਲੀਆਂ ਸਾਢੇ ਪੰਜ ਸਦੀਆਂ ਤੋਂ ਉਹ ਬੁੱਤ ਦਾ ਵਿਰੋਧ ਕਰਦੇ ਆ ਰਹੇ ਹਨ ਅਤੇ ਪਿਛਲੇ ਤਿੰਨ ਸਾਲਾਂ ਤੋਂ ਇਕ ਨਵੀਂ ਕਿਸਮ ਦੇ ਬੁੱਤ ਨੂੰ ਰੋਕਣ ਲਈ ਪੱਬਾਂ ਭਾਰ ਹੋਏ ਪਏ ਹਨ। ਇਹ ਨਵੀਂ ਕਿਸਮ ਦਾ ਬੁੱਤ ਵੀ ਉਨ੍ਹਾਂ ਦੇ ਉਸ ਗੁਰੂ ਦਾ ਹੈ ਜਿਸ ਨੇ ਆਪ ਬੁੱਤਾਂ ਵਿਚੋਂ ਲੋਕਾਂ ਨੂੰ ਬਾਹਰ ਹੀ ਨਹੀਂ ਕੱਢਿਆ ਸਗੋਂ 40 ਸਦੀਆਂ ਤੋਂ ਪਥਰਾਏ ਲੋਕਾਂ ਨੂੰ ਹੱਡ ਮਾਸ ਤੋਂ ਅਗਾਂਹ ਰੂਹ ਵਿਚ ਲੈ ਕੇ ਆਂਦਾ। ਉਸ ਗੁਰੂ ਨੇ ਆਪਣੇ ਤੋਂ ਪੂਰਵਲੇ ਉਨ੍ਹਾਂ ਭਗਤਾਂ ਨਾਲ ਸਾਂਝ ਪਾਈ ਜਿਨ੍ਹਾਂ ਨੇ ਕਿਹਾ ਕਿ ਪੱਥਰ ਦੇ ਬੁੱਤਾਂ ਨੇ ਧਰਤੀ ਡੋਬ ਦਿੱਤੀ ਹੈ ਤੇ ਬੁੱਤ ਪੂਜਕਾਂ ਨੇ ਇਸ ਨੂੰ ਰਾਹ ਵਿਚ ਹੀ ਲੁੱਟ ਲਿਆ। ਅੱਜ ਇਕ ਵਾਰੀ ਫਿਰ ਉਹੀ ਬੁੱਤ ਪੂਜਕ ਤਾਕਤ ੳੇਨ੍ਹਾਂ ਦੇ ਗੁਰੂ ਨੂੰ ਨਵੀਂ ਕਿਸਮ ਦੇ ਬੁੱਤ ਵਿਚ ਦਿਖਾ ਕੇ ਉਨ੍ਹਾਂ ਦੇ ਧਰਮ ਦਾ ਵਿਕਾਸ ਕਰ ਰਹੀ ਹੈ! ਉਹ ਬੜਾ ਰੌਲਾ ਪਾ ਰਹੇ ਹਨ ਕਿ ਉਨ੍ਹਾਂ ਨੂੰ ਅਜਿਹੇ ਫੈਲਾਅ ਦੀ ਲੋੜ ਨਹੀਂ, ਉਹ ਘੱਟ ਹੀ ਠੀਕ ਨੇ। ਜਦੋਂ ਉਨ੍ਹਾਂ ਨੇ ਇਸ ਨਵੀਂ ਕਿਸਮ ਦੇ ਬੁੱਤ ਦਾ ਵਿਰੋਧ ਕੀਤਾ ਕਿ ਇਹ ਉਨ੍ਹਾਂ ਦੀ ਰੂਹਾਨੀ ਖੁਦਕੁਸ਼ੀ ਹੈ ਤਾਂ ਸ਼ਾਹੀ ਸ਼ਿਖਰ ਅਦਾਲਤ ਉਨ੍ਹਾਂ ਨੂੰ ਕਾਨੂੰਨ ਮਰਿਆਦਾ ਵਿਚ ਰਹਿਣ ਦੀ ਤਾਕੀਦ ਕਰਦੀ ਹੈ। ਉਨ੍ਹਾਂ ਨੂੰ ਚੇਤਾ ਕਰਵਾਇਆ ਜਾ ਰਿਹਾ ਕਿ ਜਦ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਨੇ ਇਸ ਨਵੀਂ ਕਿਸਮ ਦੇ ਬੁੱਤ ਵਿਖਾਉਣ ਨੂੰ ਹਰੀ ਝੰਡੀ ਦੇ ਦਿੱਤੀ ਤਾਂ ਉਹ ਅਤੇ ਉਨ੍ਹਾਂ ਦੀ ਕੋਈ ਵੀ ਸੰਸਥਾ ਕੌਣ ਹੁੰਦੀ ਹੈ ਇਸ ਨੂੰ ਰੋਕਣ ਵਾਲੀ? ਸਰਵਉੱਚ ਅਦਾਲਤ ਨੇ ਕਿਹਾ ਕਿ ਕਿਸੇ ‘ਕਲਾਕਾਰ ਦੀ ਪ੍ਰਗਟਾਵੇ ਦੀ ਅਜਾਦੀ’ ਨੂੰ ‘ਨਿੱਜੀ ਲੋਕਾਂ ਦੇ ਸਮੂਹ’ ਵਲੋਂ ਦਬਾਇਆ ਨਹੀਂ ਜਾ ਸਕਦਾ। ਨਵੀਂ ਬੁੱਤਕਾਰੀ ਦੇ ਵਿਰੋਧੀਆਂ ਦੀ ਸਰਵਉੱਚ ਧਾਰਮਕ ਸੰਸਥਾ ਅਤੇ ਉਨ੍ਹਾਂ ਦੇ ਪਵਿੱਤਰ ਰੂਹਾਨੀ ਤਖਤ ਅਕਾਲ ਨੂੰ ਉਨ੍ਹਾਂ ਦੇ ਦੇਸ ਦੀ ਸਰਵਉੱਚ ਅਦਾਲਤ ਭਰਮ ਵਿਚੋਂ ਕੱਢਦੀ ਹੋਈ ਕਹਿੰਦੀ ਹੈ ਕਿ ”ਕਿਸੇ ਵੀ ਸੂਰਤ ਵਿਚ ਇਹੋ ਜਿਹੀਆਂ ਸੰਸਥਾਵਾਂ, ਗਰੁੱਪ ਜਾਂ ਵਿਅਕਤੀ ਇਹ ਭਰਮ ਨਹੀਂ ਪਾਲ ਸਕਦੇ ਕਿ ਉਹ ਸਰਟੀਫਿਕੇਟ ਦੇਣ ਦੇ ਸਮਰੱਥ ਹਨ।” ਇਨ੍ਹਾਂ ਲੋਕਾਂ ਦੀ ਸਰਵਉੱਚ ਧਾਰਮਕ ਸੰਸਥਾ ਦੇ ਆਗੂ ਨੇ ਕਿਹਾ ਦੇਸ ਦੀ ਸਰਵਉੱਚ ਅਦਾਲਤ ਨੇ ਦੂਜੀ ਧਿਰ ਦਾ ਪੱਖ ਸੁਣਿਆ ਹੀ ਨਹੀਂ। ਵਿਡਾਣ ਇਹ ਹੈ ਕਿ ਇਨ੍ਹਾਂ ਦੀ ਕੌਮ ਨੇ ਪੁਰਾਣੇ ਬਸਤੀਕਾਰਾਂ ਤੋਂ ਇਸ ‘ਦੇਸ’ ਨੂੰ ਅਜਾਦ ਕਰਵਾਉਣ ਲਈ ਆਪਣੀ ਗਿਣਤੀ ਤੋਂ ਕਈ ਗੁਣਾ ਜਿਆਦਾ ਕੁਰਬਾਨੀਆਂ ਦਿੱਤੀਆਂ। ‘ਦੇਸ’ ਦੇ ਹਾਕਮ ਤਾਂ ਇਹ ਵੀ ਕਹਿੰਦੇ ਨੇ ਕਿ ਇਨ੍ਹਾਂ ਨੇ ਪੁਰਾਣੇ ਬਸਤੀਕਾਰਾਂ ਤੋਂ ਵੀ ਪੁਰਾਣੇ ਧਾੜਵੀਆਂ ਖਿਲਾਫ ‘ਦੇਸ’ ਦੀ ਰਾਖੀ ਕੀਤੀ।

ਹੁਣ ਉਨ੍ਹਾਂ ਲੋਕਾਂ ਨੂੰ ਇਹ ਸਮਝਣ ਵਿਚ ਦਿੱਕਤ ਆ ਰਹੀ ਹੈ ਕਿ ਉਹ ਤਾਂ ਇਕ ਪੂਰਾ ਧਰਮ ਹਨ, ਸਮਾਜ ਹਨ, ਸਭਿਆਚਾਰ ਹਨ, ਕੌਮ ਹਨ; ‘ਉਹ ਨਿੱਜੀ ਲੋਕਾਂ ਦਾ ਸਮੂਹ’ ਕਿਵੇਂ ਹੋਏ। ਉਨ੍ਹਾਂ ਨੇ ਤਾਂ ਪੂਰਾ ਜੋਰ ਤਾਣ ਲਾ ਕੇ ਇਕ ਫਰੰਗੀ ਬਸਤੀਕਾਰ ਤੋਂ ਅਜਾਦੀ ਲਈ ਸੀ ਤਾਂ ਜੋ ਉਹ ਆਪਣੇ ਧਰਮ, ਵਿਸ਼ਵਾਸ ਅਤੇ ਵਿਰਾਸਤ ਮੂਜਬ ਜਿਉਂ ਸਕਣ!

”””””””””””””
ਸਿੱਖਾਂ ਦੁਆਰਾ ਨਾਨਕ ਸ਼ਾਹ ਫਕੀਰ ਫਿਲਮ ਨੂੰ ਰੋਕਣ ਦੀ ਕਵਾਇਦ ਖਿਲਾਫ ਆਏ ਸਰਵਉੱਚ ਅਦਾਲਤ ਦੇ ਫੈਸਲੇ ਨੂੰ ਜੇਕਰ ਫਰਾਂਜ ਫੈਨਨ ਦੇ ਨਜਰੀਏ ਤੋਂ ਵੇਖਿਆ ਜਾਵੇ ਤਾਂ ਸਿੱਖ ਇੱਥੇ ਪੂਰੇ ਅਜਾਦ ਨਹੀਂ ਹਨ। ਉਹ ਆਪਣੇ ਧਰਮ, ਵਿਸ਼ਵਾਸ, ਬੋਲੀ, ਵਿਰਾਸਤ ਅਤੇ ਮਰਿਆਦਾ ਮੁਤਾਬਕ ਅਜਾਦ ਹੋ ਕੇ ਨਹੀਂ ਜਿਉਂ ਸਕਦੇ। ਕਿਉਂਕਿ ਇੱਥੇ ਸਮੂਹ ਨੂੰ ਅਜਾਦੀ ਦਾ ਹੱਕ ਨਹੀਂ ਵਿਅਕਤੀਗਤ ਅਜਾਦੀ ਦੀ ਗੱਲ ਉਭਾਰੀ ਜਾਂਦੀ ਹੈ। ਮੀਡੀਆ ਵੀ ਵਿਅਕਤੀਗਤ ਅਜਾਦੀ ‘ਤੇ ਵਧੇਰੇ ਟੇਕ ਰੱਖਦਾ ਹੈ (ਬੇਸ਼ਕ ਬਦਨਸੀਬਾਂ ਲਈ ਵਿਅਕਤੀਗਤ ਅਜਾਦੀ ਵੀ ਨਹੀਂ ਹੈ)। ਇਹ ਗੱਲ ਇੱਥੋਂ ਦੇ ਰਾਸ਼ਟਰਵਾਦ ਦੇ ਬਹੁਤ ਸੂਤ ਆਉਂਦੀ ਹੈ। ਸਮੂਹ ਦਾ ਮਤਲਬ ਇਕੋ ਸਮੂਹ ‘ਭਾਰਤੀਅਤਾ’। ਇਕ ਵਾਰੀ ਫਰਾਂਸ ਵਿਚ ਆਪੋ ਆਪਣੀ ਪਛਾਣ ਮੰਗਣ ਵਾਲੇ ਸਮੂਹਾਂ ਨੂੰ ਫਰਾਂਸੀਸੀ ਪ੍ਰਧਾਨ ਮੰਤਰੀ ਯਾਂ ਪੈਰੀ ਰੈਫਰੇਨ (Jean Pierre Reffrain) ਨੇ ਮਾਣ ਨਾਲ ਕਿਹਾ ਕਿ ”ਅੱਜ, ਫਰਾਂਸ ਦੇ ਇਤਿਹਾਸ ਵਿਚ ਸਾਰੇ ਧਰਮਾਂ ਨੇ ਆਪਣੇ ਆਪ ਨੂੰ ਫਰਾਂਸੀਸੀ ਨਿਰਪੱਖਤਾਵਾਦ ਦੇ ਸਿਧਾਂਤ ਮੁਤਾਬਕ ਢਾਲ ਲਿਆ ਹੈ। ਨਿਰਪੱਖਤਾਵਾਦ ਇਕ ਮੌਕਾ ਹੈ ਫਰਾਂਸ ਦੇ ਧਰਮ ਵਿਚ ਰਲਣ ਦਾ।” ਇਸੇ ਤਰ੍ਹਾਂ ਸਿੱਖਾਂ ਦਾ ਰੂਹਾਨੀ ਅਤੇ ਸਭਿਆਚਾਰਕ ਨਾਸ਼ ਕਰਨ ਵਾਲੀ ਇਸ ਫਿਲਮ ਦੇ ਹੱਕ ਵਿਚ ਫੈਸਲਾ ਵਿਚ ਫੈਸਲਾ ਸੁਣਾ ਕੇ ਹਿੰਦੁਸਤਾਨ ਦੀ ਸਰਵਉੱਚ ਅਦਾਲਤ ਨੇ ਉਨ੍ਹਾਂ ਦੀ ਵੱਖਰੀ ਪਛਾਣ ਅਤੇ ਵੱਖਰੇ ਤਰ੍ਹਾਂ ਜਿਉਣ ਨੂੰ ਵੰਗਾਰਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਵਿਸ਼ਵਾਸ ਅਤੇ ਪਰੰਪਰਾ ਤੋਂ ਹਟ ਕੇ ਭਾਰਤੀਅਤਾ ਵਿਚ ਰਲਣ ਵਾਲੇ ਪਾਸੇ ਤੋਰਿਆ ਹੈ। ਸਰਵਉੱਚ ਅਦਾਲਤ ਵਲੋਂ ‘ਇਕ ਕਲਾਕਾਰ ਦੇ ਪ੍ਰਗਾਟਾਵੇ ਦੀ ਅਜਾਦੀ’ ਨੂੰ ਇਕ ਧਰਮ ਸਮੂਹ, ਕੌਮ ਨਾਲੋਂ ਵੱਧ ਤਰਜੀਹ ਦਿੱਤੀ ਗਈ ਹੈ; ਉਹ ਵੀ ਕੌਮ ਦੇ ਰੂਹਾਨੀ ਨਾਸ਼ ਦੀ ਕੀਮਤ ‘ਤੇ। ਇਸ ਤੋਂ ਸਾਫ ਹੁੰਦਾ ਹੈ ਕਿ ‘ਭਾਰਤੀ ਰਾਸ਼ਟਰ’ ਬਾਕੀ ਸਮੂਹਾਂ, ਕੌਮਾਂ, ਧਰਮਾਂ ਅਤੇ ਸਭਿਆਚਾਰਾਂ ਨੂੰ ਮਾਨਤਾ ਨਹੀਂ ਦੇ ਰਿਹਾ। ਬੇਸ਼ਕ ਇਹ ਫਿਲਮ ਸਿੱਖਾਂ ਦੇ ਘਰ ਪੰਜਾਬ ਵਿਚ ਜਾਰੀ ਕਰਨ ਦੀ ਹਰੀ ਝੰਡੀ ਨਹੀਂ ਦਿੱਤੀ ਗਈ ਪਰ ਤਾਂ ਵੀ ਬਾਕੀ ਰਾਜਾਂ ਵਿਚ ਜਾਰੀ ਕਰਨ ਦਾ ਹੁਕਮ ਦੇ ਕੇ ਉਨ੍ਹਾਂ ਨੂੰ ਸਭਿਆਚਾਰਕ ਕੈਦ (cultural imprisonment) ਦਾ ਅਹਿਸਾਸ ਕਰਵਾ ਦਿੱਤਾ ਹੈ। ਇਕ ਬਸਤੀਕਾਰ ਹਕੂਮਤ ਲਈ ਆਪਣੇ ਅਧੀਨ ਮੂਲ ਨਿਵਾਸੀਆਂ ਨੂੰ ਇਹ ਅਹਿਸਾਸ ਕਰਵਾਉਣ ਦੀ ਕਵਾਇਦ ਬਹੁਤ ਪੁਰਾਣੀ ਹੈ।

ਦੂਸਰਾ, ਸਿੱਖਾਂ ਦੀ ਸਰਵਉੱਚ ਧਾਰਮਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਠੁਕਰਾ ਕੇ ਉਨ੍ਹਾਂ ਦੀ ਧਾਰਮਕ ਹਸਤੀ ‘ਤੇ ਹਮਲਾ ਕੀਤਾ ਹੈ। ਇਹ ਸਿੱਖਾਂ ਦੇ ਗੁਰੂ ਦੇ ਬੁੱਤ ਬਣਾਉਣ ਦਾ ਮਾਮਲਾ ਹੈ ਜੋ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਮੂਲੋਂ ਵਿਰੋਧੀ ਹੈ। ਸਿੱਖ ਪਰੰਪਰਾ ਦਾ ਇਸ ਕਵਾਇਦ ਨਾਲ ਜੜ੍ਹੋਂ ਵਿਰੋਧ ਹੈ। ਫਿਰ ਵੀ ਜੇਕਰ ਇਹ ਫਿਲਮ ਜਾਰੀ ਹੋਣ ਦਾ ਫੁਰਮਾਨ ਦਿੱਤਾ ਹੈ ਤਾਂ ਸਿੱਖਾਂ ਨੂੰ ਆਪਣੀ ਹੋਣੀ ਬਾਰੇ ਸੋਚਣ ਲਈ ਮਜਬੂਰ ਹੋਣਾ ਪਵੇਗਾ ਕਿ ਕੀ ਉਹ ਸੱਚੀਂ ਕਿਸੇ ‘ਜਮਹੂਰੀ ਰਾਜ’ ਵਿਚ ਰਹਿ ਰਹੇ ਹਨ ਜਾਂ ਇਹ ਕੋਈ ਬਸਤੀਗਤ ਛਲਾਵਾ ਹੈ?

ਇਸ ਅਦਾਲਤੀ ਫੁਰਮਾਨ ਦਾ ਤੀਸਰਾ ਅਹਿਮ ਪੱਖ ਇਹ ਕਹਿਣਾ ਹੈ ਕਿ ‘ਜਿੱਥੇ ਇਹ ਫਿਲਮ ਜਾਰੀ ਹੋਵੇ ਉੱਥੇ ਕਾਨੂੰਨ ਵਿਵਸਥਾ ਬਣਾਈ ਰੱਖੀ ਜਾਵੇ ਅਤੇ ਕਿਸੇ ਨੂੰ ਕਿਸੇ ਕਿਸਮ ਦਾ ਵਿਘਨ ਪਾਉਣ ਦੀ ਇਜਾਜਤ ਨਾ ਦਿੱਤੀ ਜਾਵੇ।” ਅਸਲੋਂ ਜਮਹੂਰੀ ਹਕੂਮਤਾਂ ਦੇ ਮੁਹਾਵਰੇ ਵਿਚ ਤਾਂ ਇਹੋ ਜਿਹੇ ਫੁਰਮਾਨ ਬਹੁਤ ਸੰਜੀਦਾ ਅਤੇ ਜਿੰਮੇਵਾਰੀ ਹੁੰਦੇ ਹਨ ਪਰ ਫਰਾਂਜ ਫੈਨਨ ਮੁਤਾਬਕ ਬਸਤੀਵਾਦੀ ਹਕੂਮਤਾਂ ਅੰਦਰ ਇਹੋ ਜਿਹੇ ਫੁਰਮਾਨ ਦਹਿਸ਼ਤ, ਸਹਿਮ, ਹਊਏ ਅਤੇ ਜੁਲਮ ਦੇ ਪ੍ਰਤੀਕ ਹੁੰਦੇ ਹਨ। ਇਹ ਹੁਕਮ ਸਿੱਖਾਂ ਨੂੰ ਆਪਣੇ ਵਿਸ਼ਵਾਸ ਮੁਤਾਬਕ ਜਿਉਣ ਦੀ ਅਜਾਦੀ ‘ਤੇ ਰੋਕ ਲਾਉਂਦਾ ਹੈ। ਇਕ ਘੱਟਗਿਣਤੀ ਕੌਮ ਜੇ ਕਿਸੇ ਦੇਸ ਵਿਚ ਆਪਣੇ ਵਿਸ਼ਵਾਸ ਮੁਤਾਬਕ ਨਹੀਂ ਜਿਉਂ ਸਕਦੀ ਤਾਂ ਉਸ ਲਈ ਅਜਿਹੇ ਫੁਰਮਾਨਾਂ ਦੇ ਅਰਥ ਹੋਰ ਹਨ, ਜਮਹੂਰੀ ਹਕੂਮਤਾਂ ਵਿਚ ਰਹਿਣ ਵਾਲੇ ਲੋਕਾਂ ਵਾਲੇ ਨਹੀਂ। ਫੈਨਨ ਕਹਿੰਦਾ ਹੈ ਕਿ ਸਮਾਜਕ ਸ਼ਾਸਨ ਦੇ ਚਿੰਨ੍ਹ- ਪੁਲਸ, ਬੈਰਕਾਂ ਵਿਚ ਬਿਗਲ, ਫੌਜੀ ਤਾਕਤ ਦੇ ਵਿਖਾਵੇ, ਲਹਿਰਾਉਂਦੇ ਝੰਡੇ ਇਕੋ ਵੇਲੇ ਰੋਕਣ ਵਾਲੇ ਅਤੇ ਉਕਸਾਉਣ ਵਾਲੇ (same time inhibitory and stimulating) ਹੁੰਦੇ ਹਨ। ਉਹ ਇਹ ਨਹੀਂ ਕਹਿੰਦੇ ਕਿ ‘ਹਿੱਲਣ ਦੀ ਜੁਰਅਤ ਨਾ ਕਰੋ’ ਸਗੋਂ ਇਹ ਕਹਿੰਦੇ ਨੇ ‘ਹਮਲੇ ਲਈ ਤਿਆਰ ਹੋਵੋ’। ਭਾਰਤੀ ਹਕੂਮਤ ਉਪਮਹਾਂਦੀਪ ਵਿਚ ਵਸਣ ਵਾਲੇ ਕੁਝ ਲੋਕਾਂ ਲਈ ਜਮਹੂਰੀ ਹਕੂਮਤ ਹੋ ਸਕਦੀ ਹੈ ਪਰ ਪੰਜਾਬ ਅਤੇ ਸਿੱਖਾਂ ਦੇ ਪ੍ਰਸੰਗ ਵਿਚ ਇਸ ਦਾ ਰਵੱਈਆ ਮੁੱਢ ਤੋਂ ਹੀ ਬਸਤੀਵਾਦੀ ਰਿਹਾ ਹੈ। ਇਸ ਦਾ ਆਪਣਾ ਇਕ ਇਤਿਹਾਸ ਹੈ। ਪਰ ਇੱਥੇ ਕੇਵਲ ਇਹੀ ਸਮਝਣਾ ਜਰੂਰੀ ਹੈ ਕਿ ‘ਨਾਨਕ ਸ਼ਾਹ ਫਕੀਰ’ ਫਿਲਮ ਦੇ ਜਾਰੀ ਕਰਨ ਦੇ ਹੱਕ ਵਿਚ ਦਿੱਤਾ ਹੁਕਮ ਫਰਾਂਜ ਫੈਨਨ ਦੇ ਕਹਿਣ ਮੂਜਬ ‘ਹਮਲੇ ਲਈ ਤਿਆਰ ਹੋਵੋ’ ਵਰਗਾ ਹੈ।

ਇਸ ਅਦਾਲਤੀ ਫੁਰਮਾਨ ਦਾ ਚੌਥਾ ਪੱਖ ‘ਹਿੰਸਾ’ ਹੈ ਜੋ ਸਰਵਉੱਚ ਅਦਾਲਤ ਦੇ ਹੁਕਮ ਵਿਚੋਂ ਕਿਤੋਂ ਵੀ ਨਜਰ ਨਹੀਂ ਆ ਰਿਹਾ, ਬਲਕਿ ਜਾਪਦਾ ਹੈ ਕਿ ਅਦਾਲਤ ਨੇ ਅਮਨ ਬਣਾਈ ਰੱਖਣ ਲਈ ਪੁਖਤਾ ਪ੍ਰਬੰਧ ਕਰਨ ਦੀ ਤਾਕੀਦ ਕੀਤੀ ਹੈ। ਕਿਸੇ ਕੌਮ ਦੇ ਵਿਸ਼ਵਾਸ ਨਾਸ਼ ਦਾ ਹੁਕਮ ਦੇ ਕੇ ਅਮਨ ਬਣਾਈ ਰੱਖਣ ਦੀ ਤਾਕੀਦ ਦੇਣਾ ਅਮਨ ਬਣਾਈ ਰੱਖਣਾ ਨਹੀਂ ਹੁੰਦਾ। ਬੇਅਮਨੀ-ਅਸ਼ਾਂਤੀ ਦੀ ਬੁਨਿਆਦ ਬੇਇਨਸਾਫੀ ਅਤੇ ਦਮਨ ਹੁੰਦੇ ਹਨ। ਬਰਾਜੀਲੀ ਵਿਦਵਾਨ ਅਤੇ ਦਰਸ਼ਨਵੇਤਾ ਪਾਅਲੋ ਫਰੇਰੀ ਆਪਣੀ ਮਕਬੂਲ ਪੁਸਤਕ ‘ਪੇਡਾਗੋਗੀ ਆਫ ਦ ਔਪਰੈਸਡ’ ਵਿਚ ਕਹਿੰਦਾ ਹੈ ਕਿ ਇਤਿਹਾਸ ਵਿਚ ਕਦੇ ਵੀ ਦਮਿਤਾਂ-ਦਲਿਤਾਂ ਵਲੋਂ ਹਿੰਸਾ ਸ਼ੁਰੂ ਨਹੀਂ ਕੀਤੀ ਗਈ। ਉਹ ਕਹਿੰਦਾ ਹੈ ਕਿ ਹਿੰਸਾ ਸਥਾਪਤੀ ਦੇ ਦਮਨਮੂਲਕ ਰਿਸ਼ਤਿਆਂ ਵਿਚੋਂ ਆਰੰਭ ਹੁੰਦੀ ਹੈ। ਜਾਤ-ਪਾਤ ਪੱਖੀ ਗ੍ਰੰਥਾਂ ਵਿਚ ਸ਼ੂਦਰਾਂ ਲਈ ਸਖਤ ਸਜਾਵਾਂ ਮਿਥੀਆਂ ਹੋਈਆਂ ਹਨ ਅਤੇ ਹਿੰਸਕ ਵੀ ਸ਼ੂਦਰਾਂ ਨੂੰ ਹੀ ਲਿਖਿਆ ਜਾਂਦਾ ਰਿਹਾ ਹੈ। ਇਸ ਵਿਚੋਂ ਸਮਝ ਪੈਂਦਾ ਹੈ ਹਿੰਸਾ ਦਾ ਆਰੰਭ ਤਾਕਤ ਵਲੋਂ ਹੁੰਦਾ ਹੈ ਪਰ ਹਿੰਸਕ ਸਦਾ ਹੀ ਮਜਲੂਮ ਨੂੰ ਕਿਹਾ ਜਾਂਦਾ ਹੈ। ਉਨ੍ਹਾਂ ਲਈ ਹਿੰਸਾ ਤੋਂ ਬਿਨ੍ਹਾਂ ਬਾਕੀ ਸਾਰੇ ਰਾਹ ਬੰਦ ਹੁੰਦੇ ਹਨ। ਮਸਲਨ 06 ਜੂਨ, 1972 ਨੂੰ ਮਿਊਨਿਖ ਉਲੰਪਿਕ ਵੇਲੇ ਫਲਸਤੀਨੀਆਂ ਨੇ ਇਜਰਾਈਲ ਦੇ ਖਿਡਾਰੀਆਂ ਉੱਪਰ ਹਮਲਾ ਕਰ ਕੇ ਉਨ੍ਹਾਂ ਨੂੰ ਕਤਲ ਕਰ ਦਿੱਤਾ ਸੀ। ਫਰਾਂਸੀਸੀ ਚਿੰਤਕ ਜਾਂ ਪਾਲ ਸਾਰਤਰ ਨੇ ਇਸ ਘਟਨਾ ਉੱਪਰ ਪ੍ਰਤੀਕਰਮ ਦਿੰਦਿਆਂ ਲਿਖਿਆ ਕਿ ਫਲਸਤੀਨ ਸਵਾਲ ਨੂੰ ਇਜਰਾਈਲ ਹੱਲ ਨਹੀਂ ਹੋਣ ਦੇ ਰਿਹਾ ਜਿਸ ਵਜ੍ਹਾ ਕਰ ਕੇ ਦੋਵਾਂ ਦੇਸਾਂ ਵਿਚ ਲੜਾਈ ਹੈ। ਫਲਸਤੀਨ ਕੋਲ ਇਕੋ ਰਾਹ ਹਿੰਸਾ ਦਾ ਹੈ ਜੋ ਖਤਰਨਾਕ ਜਰੂਰ ਹੈ ਪਰ ਦਮਿਤ ਕਮਜੋਰ ਕੋਲ ਹਿੰਸਾ ਤੋਂ ਬਿਨ੍ਹਾਂ ਕੋਈ ਹੋਰ ਹੱਲ ਹੀ ਨਹੀਂ ਹੈ। ਸਾਰਤਰ ਇੱਥੇ ਹਿੰਸਾ ਦੀ ਮੂਲ ਜੜ੍ਹ ਇਜਰਾਈਲ ਨੂੰ ਮੰਨਦਾ ਹੈ ਪਰ ਬਦਨਾਮ ਫਲਸਤੀਨ ਵਾਲੇ ਕੀਤੇ ਜਾ ਰਹੇ ਸਨ। ਇਸ ਲਈ ਸਿੱਖਾਂ ਨੂੰ ਇਸ ਮਸਲੇ ਵਿਚ ਬਹੁਤ ਸੰਜਮ ਨਾਲ ਚੱਲਣਾ ਪਵੇਗਾ ਅਤੇ ਉਨ੍ਹਾਂ ਨਾਲ ਹੁੰਦੀ ਬੇਇਨਸਾਫੀ ਨੂੰ ਦੁਨੀਆ ਸਾਹਮਣੇ ਉਜਾਗਰ ਕਰਨਾ ਹੋਵੇਗਾ, ਨਹੀਂ ਉਹ ਬਸਤੀਵਾਦੀ ਰਾਜ ਵਿਚ ਹੋਰ ਬਦਨਸੀਬ ਹੋ ਜਾਣਗੇ।

ਅੱਜ ਦੀ ਘੜੀ ਵਿਚ ਸਿੱਖਾਂ ਲਈ ਇਹ ਤਣਾਅ ਝੱਲਣਾ ਬਹੁਤ ਔਖਾ ਹੈ। ਫੈਨਨ ਕਹਿੰਦਾ ਹੈ ਕਿ ਬਸਤੀਕਾਰ ਵਲੋਂ ਸਿਰਜਿਆ ਤਣਾਅ ਮੂਲ ਨਿਵਾਸੀ ਨੂੰ ਆਪਸੀ ਕਲੇਸ਼ਾਂ ਅਤੇ ਖਰੂਦੀ ਨਾਚਾਂ ਆਦਿ ਵਲ ਤੋਰ ਦਿੰਦਾ ਹੈ। ਇਹੋ ਜਿਹੇ ਤਣਾਅ ਨੂੰ ਆਪਣੀ ਇਕ ਸਾਂਝੀ ਤਾਕਤ ਦੇ ਰੂਪ ਵਿਚ ਘੜਨ ਦੇ ਰਾਹ ‘ਤੇ ਪੈਣ ਦੀ ਲੋੜ ਹੈ।