ਗੈਂਗਸਟਰ ਨੂੰ ਫੜ੍ਹਨ ਗਏ ਯੂਪੀ ਪੁਲਸ ਦੇ ਡੀਐਸਪੀ ਸਮੇਤ 8 ਪੁਲਸੀਆਂ ਦੀ ਮੌਤ

ਗੈਂਗਸਟਰ ਨੂੰ ਫੜ੍ਹਨ ਗਏ ਯੂਪੀ ਪੁਲਸ ਦੇ ਡੀਐਸਪੀ ਸਮੇਤ 8 ਪੁਲਸੀਆਂ ਦੀ ਮੌਤ
ਵਿਕਾਸ ਦੂਬੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਬੀਤੀ ਰਾਤ ਵਿਕਾਸ ਦੂਬੇ ਨਾਂ ਦੇ ਬਦਮਾਸ਼ ਨੂੰ ਫੜ੍ਹਨ ਲਈ ਗਈ ਯੂਪੀ ਪੁਲਿਸ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਵਿਚ ਇਕ ਡੀਐਸਪੀ ਸਮੇਤ 8 ਪੁਲਸੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਡੀਐਸਪੀ ਤੋਂ ਇਲਾਵਾ ਤਿੰਨ ਸਬ-ਇੰਸਪੈਕਟਰ ਵੀ ਸ਼ਾਮਲ ਹਨ। 4 ਪੁਲਸੀਏ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਏ ਗਏ ਹਨ ਜਿਹਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ਘਟਨਾ ਸਬੰਧੀ ਰਿਪੋਰਟ ਮੰਗੀ ਹੈ ਅਤੇ ਡੀਜੀਪੀ ਨੂੰ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ।

ਪੁਲਸ ਦਾਅਵੇ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਸ ਦੀ ਇਕ ਪਾਰਟੀ ਇਰਾਦਾ ਕਤਲ ਮਾਮਲੇ ਵਿਚ ਨਾਮਜ਼ਦ ਹੋਏ ਵਿਕਾਸ ਦੂਬੇ ਨੂੰ ਗ੍ਰਿਫਤਾਰ ਕਰਨ ਗਈ। ਦੂਬੇ ਯੂਪੀ ਦਾ ਨਾਮੀਂ ਬਦਮਾਸ਼ ਹੈ ਜਿਸ ਉੱਤੇ ਪਹਿਲਾਂ ਵੀ 50 ਦੇ ਕਰੀਬ ਮਾਮਲੇ ਦਰਜ ਹਨ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਦੂਬੇ ਨੂੰ ਪੁਲਸ ਛਾਪੇ ਬਾਰੇ ਪਹਿਲਾਂ ਹੀ ਜਾਣਕਾਰੀ ਸੀ ਤੇ ਇਸ ਲਈ ਦੂਬੇ ਦੀ ਰਿਹਾਇਸ਼ ਨੂੰ ਆਉਂਦੇ ਰਾਹ ਵਿਚ ਰੋਕਾਂ ਲਾਈਆਂ ਗਈਆਂ ਸਨ ਤਾਂ ਕਿ ਪੁਲਸ ਪੈਦਲ ਚੱਲ ਕੇ ਘਰ ਤਕ ਪਹੁੰਚੇ। ਏਐਸਪੀ ਬ੍ਰਿਜੇਸ਼ ਸ੍ਰੀਵਾਸਤਵਾ ਨੇ ਦੱਸਿਆ ਕਿ ਘਰ ਵੱਲ ਆ ਰਹੀ ਪੁਲਸ ਨੂੰ ਦੂਬੇ ਦੇ ਸਾਥੀਆਂ ਨੇ ਘੇਰਾ ਪਾ ਲਿਆ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੂਤਰਾਂ ਮੁਤਾਬਕ ਦੂਬੇ ਅਤੇ ਉਸਦੇ ਸਾਥੀ ਪੁਲਸ ਵਾਲਿਆਂ ਦੇ ਹਥਿਆਰ ਖੋਹ ਕੇ ਉੱਥੋਂ ਫਰਾਰ ਹੋ ਗਏ।

ਕੌਣ ਹੈ ਵਿਕਾਸ ਦੂਬੇ?
ਪੰਡਿਤ ਅਤੇ ਬਾਹਮਣ ਦੇ ਨਾਮ ਨਾਲ ਮਸ਼ਹੂਰ ਇਹ ਵਿਕਾਸ ਦੂਬੇ, ਉੱਤਰ ਪ੍ਰਦੇਸ਼ ਦਾ ਨਾਮੀ ਗੁੰਡਾ ਹੈ ਜਿਸ ਖਿਲਾਫ ਕਤਲ, ਡਕੈਤੀਆਂ ਵਰਗੇ ਦੋਸ਼ਾਂ ਅਧੀਨ 50 ਤੋਂ ਵੱਧ ਪਰਚੇ ਦਰਜ ਹਨ। ਇਸ ਨੂੰ ਕਈ ਮਾਮਲਿਆਂ 'ਚ ਉਮਰ ਕੈਦ ਦੀ ਸਜ਼ਾ ਵੀ ਹੋਈ ਹੈ।

19 ਸਾਲ ਪਹਿਲਾਂ ਵਿਕਾਸ ਦੂਬੇ ਨੇ ਪੁਲਸ ਥਾਣੇ ਵਿਚ ਵੜ ਕੇ ਸੂਬੇ ਦੇ ਮੰਤਰੀ ਸੰਤੋਸ਼ ਸ਼ੁਕਲਾ ਨੂੰ ਕਤਲ ਕਰ ਦਿੱਤਾ ਸੀ। ਕਤਲ ਤੋਂ ਬਾਅਦ ਇਸਨੇ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ। ਕੁੱਝ ਮਹੀਨਿਆਂ ਬਾਅਦ ਇਸ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਬਾਅਦ ਵਿਚ ਸਬੂਤਾਂ ਦੀ ਘਾਟ ਦੇ ਚਲਦਿਆਂ ਇਹ ਇਸ ਮਾਮਲੇ ਵਿਚੋਂ ਬਰੀ ਹੋ ਗਿਆ ਸੀ। ਦੂਬੇ ਨੂੰ ਕਈ ਵਾਰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ। ਕਾਨਪੁਰ ਵਿਚ ਇਕ ਪ੍ਰਿੰਸੀਪਲ ਦੇ ਕਤਲ ਮਾਮਲੇ 'ਚ ਇਸਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਵਿਕਾਸ ਦੂਬੇ ਜੇਲ੍ਹ 'ਚ ਬੈਠਾ ਹੀ ਨਗਰ ਪੰਚਾਇਤ ਦੀ ਚੋਣ ਜਿੱਤ ਚੁੱਕਿਆ ਹੈ।