ਪੰਜਾਬ ਵਿਚ  80 ਕਾਟਨ ਮਿੱਲਾਂ ਵਿਚੋਂ 65 ਹੋਈਆਂ ਬੰਦ 

ਪੰਜਾਬ ਵਿਚ  80 ਕਾਟਨ ਮਿੱਲਾਂ ਵਿਚੋਂ 65 ਹੋਈਆਂ ਬੰਦ 

*ਕਾਟਨ ਫ਼ੈਕਟਰੀਆਂ ਵਾਲੇ ਮਾਲਕ ਵੀ ਮੰਦੀ ਕਾਰਨ ਆਪਣੀਆਂ ਫ਼ੈਕਟਰੀਆਂ ਬੰਦ ਕਰਨ ਲਈ ਮਜਬੂਰ                     *ਪਿਛਲੇ 13 ਸਾਲਾਂ ਦੌਰਾਨ ਕਪਾਹ/ਨਰਮਾ ਦਾ ਰਕਬਾ 50 ਫ਼ੀਸਦੀ ਘਟਿਆ                                                     

ਅੰਮ੍ਰਿਤਸਰ ਟਾਈਮਜ਼ ਬਿਊਰੋ  

ਲਹਿਰਾਗਾਗਾ - ਸੂਬੇ ਵਿਚ ਨਰਮਾ ਤੇ ਕਪਾਹ ਦੀ ਬਿਜਾਈ ਘੱਟਣ ਕਾਰਨ ਸੂਬੇ ਵਿਚ ਲਗਭਗ 80 ਕਪਾਹ ਫ਼ੈਕਟਰੀਆਂ ਵਿਚੋਂ 65 ਦੇ ਕਰੀਬ ਬੰਦ ਹੋ ਚੁੱਕੀਆਂ ਹਨ ।ਸੂਬਾ ਸਰਕਾਰ ਨੇ ਇਸ ਸਾਲ ਪੰਜਾਬ ਵਿਚ 4 ਲੱਖ ਹੈਕਟੇਅਰ ਕਪਾਹ ਨਰਮਾ ਦੀ ਬਿਜਾਈ ਦਾ ਟੀਚਾ ਰੱਖਿਆ ਸੀ ਪਰ ਸਮੇਂ ਸਿਰ ਬਿਜਲੀ ਸਪਲਾਈ ਨਾ ਮਿਲਣ ਕਾਰਨ ਅਤੇ ਨਹਿਰੀ ਪਾਣੀ ਦੀ ਸਪਲਾਈ ਘਟਣ ਕਾਰਨ ਸਿਰਫ਼ 2:48 ਲੱਖ ਹੈਕਟੇਅਰ ਵਿਚ ਹੀ ਨਰਮੇ ਦੀ ਬਿਜਾਈ ਹੋ ਸਕੀ। ਲੋੜ ਅਨੁਸਾਰ ਕਪਾਹ ਤੇ ਨਰਮਾ ਨਾ ਮਿਲਣ ਕਾਰਨ ਤੇ ਬੇਲੋੜੇ ਖ਼ਰਚਿਆ ਕਾਰਨ ਕਾਟਨ ਮਿੱਲਾਂ ਘਾਟੇ ਵਿਚ ਆ ਗਈਆਂ ਜਿਸ ਕਾਰਨ ਮਿੱਲ ਮਾਲਕਾਂ ਨੂੰ ਆਪਣੀਆਂ ਮਿੱਲਾਂ ਨੂੰ ਬੰਦ ਕਰਨਾ ਪਿਆ ਹੈ। ਸਾਲ 2010 ਵਿਚ ਸੂਬੇ ਵਿਚ 5 ਲੱਖ ਹੈਕਟੇਅਰ ਵਿਚ ਕਪਾਹ ਤੇ ਨਰਮੇ ਦੀ ਬਿਜਾਈ ਹੁੰਦੀ ਸੀ ਉਸ ਤੋਂ ਬਾਅਦ ਜਿੱਥੇ ਇੱਕ ਪਾਸੇ ਬਿਜਾਈ ਦਾ ਰਕਬਾ ਘੱਟਦਾ ਗਿਆ ਉੱਥੇ ਚਿੱਟੀ ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਝਾੜ ਵੀ ਘੱਟਦਾ ਗਿਆ ।ਖੇਤੀਬਾੜੀ ਵਿਭਾਗ ਦੇ ਕੋਸ਼ਿਸ਼ ਕਰਨ ਦੇ ਬਾਵਜੂਦ ਕਪਾਹ ਤੇ ਨਰਮੇ ਦਾ ਰਕਬਾ ਘੱਟਦਾ ਜਾ ਰਿਹਾ ਹੈ। ਸੁਧਰੇ ਹੋਏ ਬੀ ਟੀ ਕਾਟਨ ਬੀਜਾਂ ਦੇ ਨਾਂਅ 'ਤੇ ਨਰਮਾ ਉਤਪਾਦਕਾਂ 'ਚ ਨਵੀ ਉਮੀਦ ਪੈਦਾ ਕੀਤੀ ਸੀ ਪਰ ਕਿਸਾਨਾਂ ਨੂੰ ਬੀ ਟੀ ਕਾਟਨ ਦੇ ਅਸਲੀ ਬੀਜ ਨਾ ਮਿਲਣ ਕਾਰਨ ਨਰਮੇ ਦੀ ਫ਼ਸਲ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ, ਜਿਸ ਨਾਲ ਜਿੱਥੇ ਕਿਸਾਨ ਆਰਥਿਕ ਤੰਗੀ 'ਵਿਚ ਫਸ ਗਏ ਅਤੇ ਦੂਜੇ ਪਾਸੇ ਕਾਟਨ ਫ਼ੈਕਟਰੀਆਂ ਵਾਲੇ ਮਾਲਕ ਵੀ ਮੰਦੀ ਕਾਰਨ ਆਪਣੀਆਂ ਫ਼ੈਕਟਰੀਆਂ ਬੰਦ ਕਰਨ ਲਈ ਮਜਬੂਰ ਹੋ ਰਹੇ ਹਨ। ਇਸ ਸਬੰਧੀ ਜਦੋਂ ਖੇਤੀਬਾੜੀ ਮਾਹਿਰ ਡਾ. ਇੰਦਰਜੀਤ ਸਿੰਘ ਭੱਟੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤਾੋ ਨਰਮੇ ਤੇ ਕਪਾਹ ਦੀ ਫ਼ਸਲ ਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਰਮੇ ਪੱਟੀ ਦੇ ਕਿਸਾਨ ਨਰਮੇ ਦੀ ਫ਼ਸਲ ਤੋ ਮੂੰਹ ਮੋੜਨ ਲੱਗ ਪਏ ਹਨ ਜਿਸ ਦਾ ਅਸਰ ਕਾਟਨ ਫ਼ੈਕਟਰੀਆਂ 'ਤੇ ਵੀ ਪਿਆ ਹੈ।ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਲਗਾਤਾਰ ਕਿਸਾਨਾਂ ਨੂੰ ਕਪਾਹ/ ਨਰਮੇ ਦੀ ਫ਼ਸਲ ਦੀ ਬਿਜਾਈ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ । ਕਪਾਹ ਮਿੱਲ ਮਾਲਕਾਂ ਨੇ ਸੂਬਾ ਸਰਕਾਰ ਤੋ ਮੰਗ ਕੀਤੀ ਹੈ ਕਿ ਖੇਤੀਬਾੜੀ ਆਧਾਰਿਤ ਇਸ ਸਨਅਤ ਨੂੰ ਬਚਾਉਣ ਲਈ ਨਰਮੇ 'ਤੇ ਮਾਰਕੀਟ ਫ਼ੀਸ ਤੇ ਆਰ. ਡੀ. ਐਫ. ਹਟਾਇਆ ਜਾਵੇ ਅਤੇ ਕਿਸਾਨਾਂ ਲਈ ਅਸਲੀ ਬੀਜ ਤੇ ਕੀਟਨਾਸ਼ਕਾਂ ਦਾ ਪ੍ਰਬੰਧ ਕੀਤਾ ਜਾਵੇ।