ਜੇਐੱਨਯੂ ਵਾਲਾ ਘਟਨਾਕ੍ਰਮ ਤੇ ਰਾਸ਼ਟਰਵਾਦ ਦੀ ਪਰਿਭਾਸ਼ਾ
ਪਿਛਲੇ ਸਾਲ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਿਣ ਵਾਲੇ ਜਰਮਨੀ ਅਤੇ ਇਟਲੀ ਦੇ ਇਸੇ ਸੌੜੇ ਰਾਸ਼ਟਰਵਾਦ ਦੀ ਨਕਲ ਭਾਰਤ ਵਿੱਚ ਕਰਨਾ ਚਾਹੁੰਦੇ ਸਨ। ਪਿਛਲੇ ਸਾਲ ਇਸ ਰਾਸ਼ਟਰਵਾਦ ਦਾ ਵਿਰੋਧ ਕਰਨ ਵਾਲਾ ਖੇਮਾ ਵੀ ਇਹ ਮੰਨ ਕੇ ਚਲਦਾ ਹੈ ਕਿ ਰਾਸ਼ਟਰਵਾਦ ਸੌੜਾ ਹੀ ਹੋ ਸਕਦਾ ਹੈ। ਜੇ ਉਦਾਰ ਹੋਣਾ ਹੈ ਤਾਂ ਰਾਸ਼ਟਰਵਾਦ ਨੂੰ ਛੱਡ ਕੇ ਅੰਤਰਰਾਸ਼ਟਰਵਾਦ ਨੂੰ ਅਪਣਾਉਣਾ ਹੋਵੇਗਾ। ਇਹ ਦੋਵੇਂ ਧਿਰਾਂ ਉਧਾਰ ਦੀ ਸੋਚ ਅਤੇ ਬਿਮਾਰ ਮਾਨਸਿਕਤਾ ਦੇ ਦੋ ਅਕਸ ਹਨ।
ਯੋਗੇਂਦਰ ਯਾਦਵ
(ਮੋਬਾਈਲ : 98688-88986)
ਜੇਐਨਯੂ ਵਿੱਚ 9 ਫਰਵਰੀ ਦੀ ਘਟਨਾ ਦਾ ਇੱਕ ਸਾਲ ਪੂਰਾ ਹੋਣ ‘ਤੇ ਇੰਦੌਰ ਤੋਂ ਆਏ ਇੱਕ ਟੈਲੀਫੋਨ ਦੀ ਯਾਦ ਆਈ। ਉਨ੍ਹਾਂ ਦਿਨਾਂ ਵਿੱਚ ਪੂਰਾ ਮੁਲਕ ਦੇਸ਼ ਭਗਤਾਂ ਤੇ ਦੇਸ਼ ਧ੍ਰੋਹੀਆਂ ਦੀ ਸ਼ਨਾਖ਼ਤ ਕਰ ਰਿਹਾ ਸੀ। ਉਨ੍ਹਾਂ ਦੇ ਨਿਸ਼ਾਨੇ ‘ਤੇ ਜੇ.ਐੱਨ.ਯੂ. ਦੇ ਝੋਲਿਆਂ ਤੇ ਦਾੜ੍ਹੀਆਂ ਵਾਲੇ ਸਨ। ਮੈਂ ਵੀ ਟੀ.ਵੀ. ‘ਤੇ ਇੱਕ ਬਹਿਸ ਵਿੱਚ ਭਾਗ ਲੈ ਰਿਹਾ ਸੀ। ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਇਸ ਦੋਹਰੀ ਸ਼ਨਾਖ਼ਤ ਵਿੱਚ ਤੀਜੀ ਸੋਚ ਬਣਾਈ ਜਾ ਸਕੇ। ਇਸੇ ਦੌਰਾਨ ਉਹ ਫੋਨ ਕਾਲ ਆਈ ਸੀ।
”ਮੈਂ ਤੁਹਾਡੀ ਕਦਰ ਕਰਦਾਂ ਹਾਂ। ਤੁਸੀਂ ਸਮਝਦਾਰ ਅਤੇ ਸੰਜੀਦਾ ਗੱਲ ਕਰਦੇ ਹੋ। ਤੁਸੀਂ ਕਿਸੇ ਪਾਰਟੀ ਦਾ ਪੱਖ ਲੈਣ ਦੀ ਥਾਂ ਦੇਸ਼ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋ। ਪਰ ਜੇ.ਐੱਨ.ਯੂ. ਦੇ ਮੁੱਦੇ ‘ਤੇ ਤੁਸੀਂ ਦੇਸ਼ ਧ੍ਰੋਹੀਆਂ ਨਾਲ ਕਿਉਂ ਖੜ੍ਹੇ ਹੋ?” ਕਾਲ ਕਰਨ ਵਾਲਾ ਕਾਫੀ ਦੁਖੀ ਲਗਦਾ ਸੀ। ਮੈਂ ਉਸ ਨੂੰ ਜੇਐੱਨਯੂ ਮਾਮਲੇ ਬਾਰੇ ਕੁਝ ਤੱਥ ਵੀ ਦੱਸੇ। ਮੈਂ ਉਸ ਨੂੰ ਪੁੱਛਿਆ ਕਿ 9 ਫਰਵਰੀ ਨੂੰ ਜੇਐੱਨਯੂ ਵਿੱਚ ਜੋ ਕੁਝ ਹੋਇਆ ਸੀ, ਉਸ ਦੇ ਬਾਰੇ ਉਹ ਏਨੀ ਤਸੱਲੀ ਕਿਉਂ ਦਰਸਾ ਰਿਹਾ ਹੈ। ਉਸ ਨੂੰ ਅਦਾਲਤ ਵਿੱਚ ਕਨੱਈਆ ਕੁਮਾਰ ਦੀ ਮਾਰ-ਕੁੱਟ ਬਾਰੇ ਵੀ ਪੁੱਛਿਆ। ਮੈਂ ਉਸ ਨੂੰ ਸਪਸ਼ਟ ਕੀਤਾ ਕੇ ਮੈਂ ਰਾਸ਼ਟਰਵਾਦ ਮਾਮਲੇ ਵਿਚ ਜੇਐੱਨਯੂ ਦੇ ਕਈ ਲੋਕਾਂ ਦੀ ਰਾਇ ਨਾਲ ਸਹਿਮਤ ਨਹੀਂ ਹਾਂ। ਪਰ ਇਸ ਘਟਨਾ ਦੇ ਤੱਥਾਂ ਨੂੰ ਲੈ ਕੇ ਮੈਂ ਉਨ੍ਹਾਂ ਦੀ ਗੱਲ ਨਾਲ ਸਹਿਮਤ ਹਾਂ। ਇਸ ਸਭ ਕੁਝ ਦੇ ਬਾਵਜੂਦ ਮੈਂ ਉਸ ਫੋਨ ਕਰਨ ਵਾਲੇ ਦੀ ਸੰਤੁਸ਼ਟੀ ਨਹੀਂ ਸੀ ਕਰਵਾ ਸਕਿਆ। ਉਸ ਨੂੰ ਤੱਥਾਂ ਨਾਲ ਦਿਲਚਸਪੀ ਨਹੀਂ ਸੀ। ”ਇੱਧਰ ਭਾਰਤ ਮਾਤਾ ਦਾ ਅਪਮਾਨ ਹੋ ਰਿਹਾ ਹੈ ਅਤੇ ਤੁਸੀਂ ਇੱਧਰ-ਉੱਧਰ ਦੇ ਤੱਥ ਦੇ ਰਹੇ ਹੋ। ਅਸਲ ਸਵਾਲ ਤਾਂ ਇਹ ਹੈ ਕਿ ਤੁਸੀਂ ਕਿੱਥੇ ਖੜ੍ਹੇ ਹੋ?” ਮੈਨੂੰ ਲੱਗਿਆ ਕਿ ਉਹ ਗੁੱਸੇ ਵਿੱਚ ਸੀ। ਉਸ ਨਾਲ ਗੱਲ ਬਾਅਦ ਵਿੱਚ ਠੰਢੇ ਦਿਮਾਗ ਨਾਲ ਹੋ ਸਕਦੀ ਹੈ, ਪਰ ਫਿਰ ਉਸ ਨਾਲ ਗੱਲ ਨਾ ਹੋ ਸਕੀ। ਇੰਦੌਰ ਤਾਂ ਯਾਦ ਰਿਹਾ ਪਰ ਫੋਨ ਕਰਨ ਵਾਲੇ ਦਾ ਨਾਮ ਤੇ ਨੰਬਰ ਯਾਦ ਨਹੀਂ।
ਜਦੋਂ ਇਸ ਘਟਨਾ ਦੀ ਵਰ੍ਹੇਗੰਢ ਦੀ ਸੂਚਨਾ ਆਈ ਤਾਂ ਮੈਂ ਮਨ ਹੀ ਮਨ ਉਸ ਨਾਲ ਗੱਲ ਕਰਨ ਲੱਗਾ। ਕੀ ਗੱਲ ਹੋਈ, ਤੁਸੀਂ ਵੀ ਸੁਣ ਲਉ।
ਪਿਛਲੇ ਸਾਲ ਜਦੋਂ ਆਪਣੀ ਗੱਲ ਹੋਈ ਸੀ ਤਾਂ ਤੁਸੀਂ ਕਾਫ਼ੀ ਗੁੱਸੇ ਵਿੱਚ ਸੀ। ਪਰ ਤੁਸੀਂ ਹੀ ਦੇਖੋ ਕਿ ਜੇਐੱਨਯੂ ਦੀ ਉਸ ਘਟਨਾਕ੍ਰਮ ਦੀ ਸਚਾਈ ਕੀ ਨਿਕਲੀ? ਜਿਸ ਟੇਪ ਨੂੰ ਲੈ ਕੇ ਤੁਸੀਂ ਇੰਨੇ ਉਤੇਜਿਤ ਸੀ, ਉਹ ਤਾਂ ਸੱਚ ਸਾਬਿਤ ਹੀ ਨਹੀਂ ਹੋ ਸਕੀ। ਉਸ ਵਿੱਚ ਛੇੜਛਾੜ ਕਰਕੇ ਭੜਕਾਊ ਗੱਲਾਂ ਪਾਈਆਂ ਗਈਆਂ ਸੀ। ਤੁਸੀਂ ਹੀ ਸੋਚੋ, ਇੱਕ ਸਾਲ ਬੀਤ ਗਿਆ ਜੇ ਜੇਐੱਨਯੂ ਦੇ ਵਿਦਿਆਰਥੀਆਂ ਨੇ ਭਾਰਤ ਵਿਰੋਧੀ ਨਾਅਰੇ ਲਾਏ ਹੁੰਦੇ ਤਾਂ ਪੁਲੀਸ ਨੇ ਹੁਣ ਤਕ ਉਸ ਦੇ ਸਬੂਤ ਅਦਾਲਤ ਵਿੱਚ ਪੇਸ਼ ਕਰ ਦਿੱਤੇ ਹੁੰਦੇ। ਦੂਜੇ ਪਾਸੇ, ਦੇਖੋ ਕਿ ਦਿਨ-ਦਿਹਾੜੇ ਅਦਾਲਤੀ ਵਿਹੜੇ ਵਿੱਚ ਕਨ੍ਹੱਈਆ ਕੁਮਾਰ ਦੀ ਕੁੱਟ-ਮਾਰ ਹੋਈ ਸੀ। ਇੱਕ ਸਾਲ ਬੀਤ ਜਾਣ ਦੇ ਬਾਵਜੂਦ ਪੁਲੀਸ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਨਾਮਜ਼ਦ ਕਰਨ ਵਿੱਚ ਟਾਲ ਮਟੋਲ ਕਰ ਰਹੀ ਹੈ। ਕਿਤੇ ਅਜਿਹਾ ਤਾਂ ਨਹੀਂ ਕਿ ਤੁਹਾਡੇ ਵਰਗੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਕਿਸੇ ਨੇ ਇੱਕ ਛੋਟੀ ਜਿਹੀ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਹੋਵੇ? ਅਤੇ ਜੋ ਸੱਚਮੁੱਚ ਵਾਪਰਿਆ, ਉਸ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ?
ਤੁਸੀਂ ਇਹ ਗੱਲ ਨਾ ਸੋਚੋ ਕਿ ਇਸ ਘਟਨਾ ਦੇ ਤੱਥਾਂ ਬਾਰੇ ਗੱਲ ਕਰਕੇ ਮੈਂ ਗੱਲ ਘੁਮਾ ਰਿਹਾ ਹਾਂ। ਮੈਨੂੰ ਯਾਦ ਹੈ ਕਿ ਤੁਸੀਂ ਕਿਹਾ ਸੀ ਕਿ ਮਾਮਲਾ ਸਿਰਫ਼ ਤੱਥਾਂ ਦਾ ਨਹੀਂ, ਮੈਂ ਇਸ ਨਾਲ ਸਹਿਮਤ ਹਾਂ। ਤੁਹਾਡੇ ਲਈ ਸਵਾਲ ਵਿਅਕਤੀਗਤ ਆਜ਼ਾਦੀ ਦਾ ਵੀ ਨਹੀਂ ਹੈ। ਮੈਂ ਵੀ ਇਸ ਗੱਲ ਨੂੰ ਮੰਨਦਾ ਹਾਂ ਕਿ ਅਜੇ ਅਸੀਂ ਇਸ ਹਾਲਤ ਵਿੱਚ ਨਹੀਂ ਹਾਂ ਕਿ ਸ਼ਰ੍ਹੇਆਮ ਲੱਗ ਰਹੇ ਦੇਸ਼ ਵਿਰੋਧੀ ਨਾਅਰਿਆਂ ਨੂੰ ਨਜ਼ਰਅੰਦਾਜ਼ ਕਰ ਸਕੀਏ। ਇੱਕ ਵੱਡਾ ਅਤੇ ਆਤਮਵਿਸ਼ਵਾਸ ਨਾਲ ਭਰਿਆ ਦੇਸ਼ ਅਜਿਹੀਆਂ ਹਰਕਤਾਂ ‘ਤੇ ਹੱਸ ਸਕਦਾ ਹੈ, ਪਰ ਅਸੀਂ ਅਜੇ ਉਸ ਮੁਕਾਮ ‘ਤੇ ਨਹੀਂ ਪਹੁੰਚੇ। ਤੁਸੀਂ ਕਿਹਾ ਕਿ ਅਸਲੀ ਸਵਾਲ ਇਹ ਹੈ ਕਿ ਅਸੀਂ ਰਾਸ਼ਟਰ ਪ੍ਰਤੀ ਵਫ਼ਾਦਾਰ ਹਾਂ ਜਾਂ ਨਹੀਂ? ਮੈਂ ਇਸ ਸਵਾਲ ਨੂੰ ਕੁਝ ਇਸ ਤਰ੍ਹਾਂ ਪੁੱਛਾਂਗਾ ਕਿ ਰਾਸ਼ਟਰ ਪ੍ਰਤੀ ਸਾਡਾ ਭਾਵ ਕੀ ਹੋਣਾ ਚਾਹੀਦਾ ਹੈ? ਦੇਸ਼ ਪਿਆਰ ਦਾ ਧਰਮ ਕੀ ਹੈ?
ਤੁਸੀਂ ਕਿਹਾ ਸੀ ਤੁਸੀਂ ਮੇਰੀ ਗੱਲ ਦੀ ਕਦਰ ਕਰਦੇ ਹੋ। ਇਸ ਲਈ ਇਹ ਤਾਂ ਸਾਫ਼ ਹੈ ਕਿ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋਗੇ। ਅਸਲ ਵਿੱਚ ਪਿਛਲੇ ਸਾਲ ਜੇਐੱਨਯੂ ਦੀ ਬਹਿਸ ਦੇ ਦੋਵੇਂ ਪੱਖ ਦੇਸ਼ ਭਗਤੀ ਦੇ ਪੱਖ ਵਿੱਚ ਨਹੀਂ ਸਨ। ਆਪਣੇ-ਆਪ ਨੂੰ ਰਾਸ਼ਟਰਵਾਦੀ ਅਤੇ ਦੂਜਿਆਂ ਨੂੰ ਰਾਸ਼ਟਰ ਵਿਰੋਧੀ ਗਰਦਾਨਿਆ ਜਾ ਰਿਹਾ ਸੀ। ਦੋਵੇਂ ਹੀ ਉਧਾਰ ਦੀ ਵਿਚਾਰਧਾਰਾ ‘ਤੇ ਆਧਾਰਤ ਸਨ। ਰਾਸ਼ਟਰਵਾਦ ਦਾ ਰੌਲਾ ਪਾਉਣ ਵਾਲਿਆਂ ਦੀ ਰਾਸ਼ਟਰ ਦੀ ਸਮਝ ਯੂਰਪ ਤੋਂ ਨਕਲ ਕੀਤੀ ਹੋਈ ਸੀ। ਰਾਸ਼ਟਰਵਾਦ ਦੀ ਇਸ ਬਹਿਸ ਵਿੱਚ ਭਾਰਤੀਅਤਾ ਲੋਪ ਸੀ।
ਰਾਸ਼ਟਰ ਭਗਤਾਂ ਜਾਂ ਰਾਸ਼ਟਰਵਾਦੀਆਂ ਦਾ ਖੇਮਾ ਅਸਲ ਵਿੱਚ ਅੰਨ੍ਹੀ ਦੇਸ਼ ਭਗਤੀ ਦੀ ਮੰਗ ਕਰ ਰਿਹਾ ਸੀ। ਮੇਰਾ ਦੇਸ਼ ਪਿਆਰ ਸਹੀ ਹੈ ਜਾਂ ਗ਼ਲਤ, ਇਹ ਸਵਾਲ ਨਾ ਪੁੱਛਿਆ ਜਾਵੇ। ਦੇਸ਼ ਪਿਆਰ ਦਾ ਮਤਲਬ ਹੈ ਕਿ ਰਾਸ਼ਟਰ ਨਾਲ ਜੁੜੀ ਹਰ ਗੱਲ ਦਾ ਵਿਰੋਧ। ਮੇਰਾ ਦੇਸ਼ ਮਹਾਨ ਹੈ ਕਿਉਂਕਿ ਇਹ ਮੇਰਾ ਹੈ। ਜੋ ਭਾਰਤ ਨੂੰ ਸਿਰਫ਼ ਧਰਤੀ, ਪਿਤਾ ਪੁਰਖੀ ਧਰਤੀ ਅਤੇ ਉੱਤਰ ਧਰਮੀ ਮੰਨੇ ਕੇਵਲ ਉਹ ਹੀ ਇਸ ਦੇਸ਼ ਦੇ ਮਾਲਕ ਹਨ ਬਾਕੀ ਸਾਰੇ ਕਿਰਾਏਦਾਰ। ਪਿਛਲੇ ਸਾਲ ਇਹ ਖੇਮਾ ਜ਼ਿਆਦਾ ਹਮਲਾਵਰ ਸੀ, ਜੇਤੂ ਰੌਂਅ ਵਿੱਚ ਸੀ, ਬਾਕੀ ਸਾਰਿਆਂ ਦੀ ਦੇਸ਼ਭਗਤੀ ਦੀ ਪ੍ਰੀਖਿਆ ਲੈ ਰਿਹਾ ਸੀ। ਦੂਜੇ ਖੇਮੇ ਦਾ ਕੋਈ ਨਾਂ ਨਹੀਂ ਸੀ। ਉਹ ਕਦੇ ਧਰਮ ਨਿਰਪੱਖ ਅਤੇ ਕਦੇ ਉਦਾਰਵਾਦੀ ਅਖਵਾਉਂਦੇ ਸਨ। ਪਹਿਲਾ ਖੇਮਾ ਉਨ੍ਹਾਂ ਨੂੰ ਰਾਸ਼ਟਰ ਵਿਰੋਧੀ ਆਖ ਰਿਹਾ ਸੀ। ਪਰ ਉਨ੍ਹਾਂ ਨੂੰ ਰਾਸ਼ਟਰ ਨਿਰਪੇਖ ਕਹਿਣਾ ਜ਼ਿਆਦਾ ਢੁਕਵਾਂ ਹੋਵੇਗਾ। ਉਨ੍ਹਾਂ ਦੇ ਵਿਚਾਰ ਵਿੱਚ ਰਾਸ਼ਟਰ ਸਾਡੀ ਅਸੀਮਤ ਵਫ਼ਾਦਾਰੀ ਦਾ ਹੱਕਦਾਰ ਨਹੀਂ ਹੋ ਸਕਦਾ। ਕੁਨਬੇ ਤੋਂ ਲੈ ਕੇ ਬ੍ਰਹਿਮੰਡ ਤਕ ਅਸੀਂ ਵੱਖੋ-ਵੱਖ ਇਕਾਈਆਂ ਦੇ ਵਾਸੀ ਹਾਂ। ਹਰ ਪੱਧਰ ‘ਤੇ ਸਾਡੀ ਜ਼ਿੰਮੇਵਾਰੀ ਹੈ। ਬਿਨਾਂ ਸੋਚੇ-ਸਮਝ ਕਿਸੇ ਇੱਕ ਇਕਾਈ ਨੂੰ ਸਮਰਥਨ ਕਿਵੇਂ ਦਿੱਤਾ ਜਾ ਸਕਦਾ ਹੈ? ਇਸ ਖੇਮੇ ਨੂੰ ਰਾਸ਼ਟਰ ਨਾਲ ਵਿਰੋਧ ਨਹੀਂ ਸੀ ਪਰ ਸ਼ਸ਼ੋਪੰਜ ਜਾਂ ਸੰਕੋਚ ਜ਼ਰੂਰ ਸੀ। ਪਿਛਲੇ ਸਾਲ ਦੀ ਬਹਿਸ ਵਿੱਚ ਇਸ ਖੇਮੇ ਦਾ ਰੁਖ਼ ਹਿਫ਼ਾਜ਼ਤੀ ਸੀ, ਇਹ ਹਾਰਿਆ ਜਿਹਾ ਸੀ।
ਪਰ ਉਨ੍ਹੀਂ ਦਿਨੀਂ ਦੋਵਾਂ ਧਿਰਾਂ ਦੀ ਰਾਸ਼ਟਰਵਾਦ ਦੀ ਸਮਝ ਯੂਰਪ ਤੋਂ ਉਧਾਰ ਲਈ ਹੋਈ ਸੀ। 19ਵੀਂ ਅਤੇ 20ਵੀਂ ਸਦੀ ਦੇ ਯੂਰਪ ਵਿੱਚ ਰਾਸ਼ਟਰ ਤੰਗਦਿਲ ਵਿਚਾਰ ਸੀ। ਇੱਕ ਰਾਸ਼ਟਰ, ਇੱਕ ਸਭਿਆਚਾਰ, ਇੱਕ ਭਾਸ਼ਾ, ਇੱਕ ਧਰਮ ਅਤੇ ਇੱਕ ਨਸਲ। ਯੂਰਪ ਲਈ ਰਾਸ਼ਟਰੀ ਏਕਤਾ ਦਾ ਮਤਲਬ ਸੀ ਇੱਕਰੂਪਤਾ। ਪਿਛਲੇ ਸਾਲ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਿਣ ਵਾਲੇ ਜਰਮਨੀ ਅਤੇ ਇਟਲੀ ਦੇ ਇਸੇ ਸੌੜੇ ਰਾਸ਼ਟਰਵਾਦ ਦੀ ਨਕਲ ਭਾਰਤ ਵਿੱਚ ਕਰਨਾ ਚਾਹੁੰਦੇ ਸਨ। ਪਿਛਲੇ ਸਾਲ ਇਸ ਰਾਸ਼ਟਰਵਾਦ ਦਾ ਵਿਰੋਧ ਕਰਨ ਵਾਲਾ ਖੇਮਾ ਵੀ ਇਹ ਮੰਨ ਕੇ ਚਲਦਾ ਹੈ ਕਿ ਰਾਸ਼ਟਰਵਾਦ ਸੌੜਾ ਹੀ ਹੋ ਸਕਦਾ ਹੈ। ਜੇ ਉਦਾਰ ਹੋਣਾ ਹੈ ਤਾਂ ਰਾਸ਼ਟਰਵਾਦ ਨੂੰ ਛੱਡ ਕੇ ਅੰਤਰਰਾਸ਼ਟਰਵਾਦ ਨੂੰ ਅਪਣਾਉਣਾ ਹੋਵੇਗਾ। ਇਹ ਦੋਵੇਂ ਧਿਰਾਂ ਉਧਾਰ ਦੀ ਸੋਚ ਅਤੇ ਬਿਮਾਰ ਮਾਨਸਿਕਤਾ ਦੇ ਦੋ ਅਕਸ ਹਨ।
ਸੱਚੇ ਦੇਸ਼ ਪਿਆਰ ਨੂੰ ਸਮਝਣ ਲਈ ਸਾਨੂੰ ਯੂਰਪ ਜਾਣ ਦੀ ਲੋੜ ਨਹੀਂ ਬਲਕਿ ਭਾਰਤ ਦੀ ਆਜ਼ਾਦੀ ਦੇ ਘੋਲ ਦਾ ਰਾਸ਼ਟਰਵਾਦ ਸਾਡੇ ਦੇਸ਼ ਪਿਆਰ ਦੀ ਬਿਹਤਰ ਸਮਝ ਦਿੰਦਾ ਹੈ। ਇਸ ਰਾਸ਼ਟਰਵਾਦ ਵਿੱਚ ਰਾਸ਼ਟਰੀ ਏਕਤਾ ਦਾ ਮਤਲਬ ਏਕਰੂਪਤਾ ਨਹੀਂ ਹੈ। ਯੂਰਪ ਦੀ ਸਮਝ ਤੋਂ ਵੱਖ ਹੁੰਦੇ ਹੋਏ ਸਾਡੇ ਰਾਸ਼ਟਰਵਾਦ ਨੇ ਅਨੇਕਤਾ ਦਾ ਸਨਮਾਨ ਕੀਤਾ। ਅਨੇਕਤਾ ਵਿੱਚ ਏਕਤਾ ਦਾ ਮੰਨਿਆ। ਭਾਰਤੀ ਰਾਸ਼ਟਰਵਾਦ ਨਸਲਵਾਦੀ ਨਹੀਂ ਸੀ। ਇਸ ਨੇ ਗੋਰੀ ਚਮੜੀ ਜਾਂ ਬਾਹਰੋਂ ਆਏ ਲੋਕਾਂ ਦਾ ਵਿਰੋਧ ਹੀ ਨਹੀਂ ਕੀਤਾ ਬਲਕਿ ਸਾਡੇ ਰਾਸ਼ਟਰਵਾਦ ਨੇ ਸਾਨੂੰ ਅਫ਼ਰੀਕਾ, ਏਸ਼ੀਆ ਅਤੇ ਬਾਕੀ ਦੁਨੀਆ ਵਿੱਚ ਗ਼ੁਲਾਮੀ ਦੇ ਸ਼ਿਕਾਰ ਲੋਕਾਂ ਨਾਲ ਜੋੜਿਆ। ਸਾਡਾ ਰਾਸ਼ਟਰਵਾਦ ਸਾਨੂੰ ਦੂਜੇ ਮੁਲਕਾਂ ਦੇ ਵਿਰੁੱਧ ਨਹੀਂ ਕਰਦਾ, ਇਸ ਦੀ ਥਾਂ ਮੁਲਕ ਦੇ ਅੰਦਰ ਵੱਖੋ-ਵੱਖ ਜਾਤ, ਧਰਮ ਅਤੇ ਖਿੱਤਿਆਂ ਨੂੰ ਜੋੜਦਾ ਹੈ।
ਤੁਹਾਨੂੰ ਯਾਦ ਹੋਵੇਗਾ ਕਿ ਮੈਂ ਫ਼ੋਨ ‘ਤੇ ਕਿਹਾ ਸੀ ਕਿ ਮੈਂ ਇਸ ਪੂਰੀ ਬਹਿਸ ਨਾਲ ਸਹਿਮਤ ਨਹੀਂ ਹਾਂ। ਉਮੀਦ ਹੈ ਕਿ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਅਜਿਹਾ ਕਿਉਂ ਕਿਹਾ ਸੀ। ਪਿਛਲੇ ਸਾਲ ਜੇਐੱਨਯੂ ਦੀ ਬਹਿਸ ਵਿੱਚ ਨਾ ਰਾਸ਼ਟਰ ਭਗਤ ਜਿੱਤੇ ਸੀ, ਨਾ ਹੀ ਰਾਸ਼ਟਰ ਧ੍ਰੋਹੀ ਹਾਰੇ ਸਨ। ਪਿਛਲੇ ਸਾਲ ਯੂਰਪ ਦਾ ਰਾਸ਼ਟਰਵਾਦ ਜਿੱਤਿਆ ਅਤੇ ਭਾਰਤ ਦਾ ਰਾਸ਼ਟਰਵਾਦ ਹਾਰਿਆ ਸੀ।
ਮੇਰੇ ਕੋਲ ਤੁਹਾਡਾ ਨਾਮ ਪਤਾ ਤੇ ਫੋਨ ਨੰਬਰ ਤਾਂ ਨਹੀਂ ਹੈ ਪਰ ਦੇਸ਼ ਪਿਆਰ ਤਾਂ ਅਣਜਾਣ ਲੋਕਾਂ ਦੇ ਜੁੜਨ ਨਾਲ ਹੀ ਬਣਦਾ ਹੈ।
Comments (0)