ਉੱਜੜਦੇ ਪੰਜਾਬ ਦੀ ਹੋਣੀ: ਅਮਰੀਕਾ ਜਾਂਦਿਆਂ ਮਾਰੂਥਲਾਂ 'ਚ ਪਿਆਸ ਨਾਲ ਤੜਫਦੀ 6 ਸਾਲਾ ਬੱਚੀ ਗੁਰਪ੍ਰੀਤ ਕੌਰ ਦੀ ਮੌਤ

ਉੱਜੜਦੇ ਪੰਜਾਬ ਦੀ ਹੋਣੀ: ਅਮਰੀਕਾ ਜਾਂਦਿਆਂ ਮਾਰੂਥਲਾਂ 'ਚ ਪਿਆਸ ਨਾਲ ਤੜਫਦੀ 6 ਸਾਲਾ ਬੱਚੀ ਗੁਰਪ੍ਰੀਤ ਕੌਰ ਦੀ ਮੌਤ
ਐਰੀਜ਼ੋਨਾ ਦੇ ਬੀਆਬਾਨ ਮਾਰੂਥਲ ਦੀ ਸੰਕੇਤਕ ਤਸਵੀਰ

ਹਸਟਨ: ਪੰਜਾਬ ਦੀ ਅੱਜ ਦੀ ਹੋਣੀ ਉਜਾੜਾ ਬਣ ਚੁੱਕੀ ਹੈ ਤੇ ਪੰਜਾਬ ਦੇ ਲੋਕ ਹਰ ਮੁਸੀਬਕ ਸਹਾਰ ਕੇ ਅਤੇ ਹਰ ਹੀਲਾ ਵਰਤ ਕੇ ਭਾਰਤੀ ਪ੍ਰਬੰਧ ਹੇਠਲੇ ਪੰਜਾਬ ਨੂੰ ਛੱਡ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਇਸ ਉਜਾੜੇ ਦੀ ਇੱਕ ਹੋਲਨਾਕ ਕਹਾਣੀ ਸਾਹਮਣੇ ਆਈ ਹੈ। ਮੈਕਸੀਕੋ ਰਾਹੀਂ ਅਮਰੀਕਾ ਪੁੱਜਣ ਦੀ ਕੋਸ਼ਿਸ਼ ਵਿੱਚ ਐਰੀਜ਼ੋਨਾ ਦੇ ਮਾਰੂਥਲ 'ਚ ਇੱਕ 6 ਸਾਲਾਂ ਦੀ ਸਿੱਖ ਬੱਚੀ ਗੁਰਪ੍ਰੀਤ ਕੌਰ ਦੀ ਪਾਣੀ ਦੀ ਪਿਆਸੀ 'ਚ ਤੜਫਦਿਆਂ ਮੌਤ ਹੋ ਗਈ।

ਅਖਬਾਰਾਂ ਵਿੱਚ ਛਪੀ ਖ਼ਬਰ ਮੁਤਾਬਿਕ ਬੱਚੀ ਗੁਰਪ੍ਰੀਤ ਕੌਰ ਦੀ ਮਾਂ ਬੱਚੀ ਨੂੰ ਨਾਲ ਦੇ ਯਾਤਰੀਆਂ ਕੋਲ ਛੱਡ ਪਾਣੀ ਦੀ ਭਾਲ ਵਿੱਚ ਗਈ ਸੀ, ਜਿਸ ਦੌਰਾਨ ਬੱਚੀ ਦੀ ਪਿੱਛੇ ਮੌਤ ਹੋ ਗਈ। ਇਸ ਮੌਤ ਦੀ ਪੁਸ਼ਟੀ ਸਿਹਤ ਅਫਸਰ ਅਤੇ ਅਮਰੀਕਾ ਦੇ ਸਰਹੱਦ ਗਸ਼ਤ (ਬੋਰਡਰ ਪੈਟਰੋਲ) ਵੱਲੋਂ ਵੀ ਕੀਤੀ ਗਈ ਹੈ।

ਸਰਕਾਰੀ ਅਫਸਰਾਂ ਨੇ ਦੱਸਿਆ ਕਿ ਬੱਚੀ ਗੁਰਪ੍ਰੀਤ ਕੌਰ ਯੂਐੱਸ ਬੋਰਡਰ ਪੈਟਰੋਲ ਦੇ ਮੁਲਾਜ਼ਮਾਂ ਨੂੰ ਬੁੱਧਵਾਰ ਵਾਲੇ ਦਿਨ ਐਰੀਜ਼ੋਨਾ ਦੇ ਮਾਰੂਥਲ ਵਿੱਚ ਮਿਲੀ ਜਿੱਥੇ ਤਾਪਮਾਨ 42 ਡਿਗਰੀ ਸੈਲਸਿਅਸ ਸੀ। 

ਬੱਚੀ ਗੁਰਪ੍ਰੀਤ ਕੌਰ ਦੀ ਮੌਤ ਤੋਂ ਪਹਿਲਾਂ ਵੀ ਇਸ ਸਾਲ ਅੰਦਰ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦਾ ਇੱਕ ਬੱਚਾ ਇਸ ਮਾਰੂਥਲ ਵਿੱਚ ਮਾਰਿਆ ਗਿਆ ਸੀ। ਅਮਰੀਕਾ ਦੇ ਇਮੀਗਰੇਸ਼ਨ ਅਫਸਰਾਂ ਮੁਤਾਬਿਕ ਗੈਰਕਾਨੂੰਨੀ ਢੰਗ ਨਾਲ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਪ੍ਰਵਾਸੀਆਂ 'ਚ ਭਾਰਤੀਆਂ ਦੀ ਗਿਣਤੀ 'ਚ ਬਹੁਤ ਵਾਧਾ ਹੋਇਆ ਹੈ। ਇਸ ਖਤਰਿਆਂ ਭਰੇ ਰਾਹ ਤੋਂ ਹਰ ਸਾਲ ਹਜ਼ਾਰਾਂ ਅਫਰੀਕੀ ਅਤੇ ਏਸ਼ੀਆਈ ਲੋਕ ਰਾਜਸੀ ਪਨਾਹ ਲੈਣ ਖਾਤਰ ਅਮਰੀਕਾ ਵਿੱਚ ਦਾਖਲ ਹੁੰਦੇ ਹਨ। ਜਿੱਥੇ ਕਈ ਇਸ ਵਿੱਚ ਕਾਮਯਾਬ ਹੁੰਦੇ ਹਨ ਉੱਥੇ ਕਈ ਆਪਣੀ ਜ਼ਿੰਦਗੀ ਵੀ ਗੁਆ ਬਹਿੰਦੇ ਹਨ। 

ਪ੍ਰਾਪਤ ਜਾਣਕਾਰੀ ਮੁਤਾਬਿਕ ਬੱਚੀ ਗੁਰਪ੍ਰੀਤ ਕੌਰ ਜਿਸ ਸਮੂਹ ਨਾਲ ਆਪਣੀ ਮਾਂ ਸਮੇਤ ਜਾ ਰਹੀ ਸੀ ਉੱਸ ਵਿੱਚ ਪੰਜ ਲੋਕ ਸ਼ਾਮਿਲ ਸਨ। ਇਹਨਾਂ ਨੂੰ ਅਜੈਂਟਾਂ ਨੇ ਮੰਗਲਵਾਰ ਸਵੇਰੇ 10 ਵਜੇ ਸਰਹੱਦ ਨੇੜਲੇ ਬੀਆਬਾਨ ਖੇਤਰ ਵਿੱਚ ਛੱਡ ਦਿੱਤਾ ਸੀ। ਕੁੱਝ ਸਮਾਂ ਚੱਲਣ ਮਗਰੋਂ ਬੱਚੀ ਗੁਰਪ੍ਰੀਤ ਕੌਰ ਦੀ ਮਾਂ ਅਤੇ ਇੱਕ ਹੋਰ ਔਰਤ ਬੱਚੀ ਨੂੰ ਸਮੂਹ ਦੀ ਇੱਕ ਹੋਰ ਔਰਤ ਕੋਲ ਛੱਡ ਪਾਣੀ ਦੀ ਭਾਲ ਵਿੱਚ ਗਈਆਂ। 


ਐਰੀਜ਼ੋਨਾ ਦੇ ਬੀਆਬਾਨ ਮਾਰੂਥਲ ਦੀ ਸੰਕੇਤਕ ਤਸਵੀਰ

ਅਮਰੀਕਾ ਦੇ ਬੋਰਡਰ ਪੈਟਰੋਲ ਦੇ ਇੱਕ ਅਫਸਰ ਨੇ ਦੱਸਿਆ ਕਿ ਪਾਣੀ ਦੀ ਭਾਲ ਵਿੱਚ ਵਿਛੜਨ ਤੋਂ ਬਾਅਦ ਵੱਖ ਹੋਏ ਇਹ ਲੋਕ ਆਪਸ ਵਿੱਚ ਨਾ ਮਿਲ ਸਕੇ। ਪਾਣੀ ਦੀ ਭਾਲ ਵਿੱਚ ਗਈਆਂ ਗੁਰਪ੍ਰੀਤ ਕੌਰ ਦੀ ਮਾਂ ਅਤੇ ਦੂਜੀ ਔਰਤ ਮਾਰੂਥਲ ਦੇ ਜੰਗਲ ਵਿੱਚ 22 ਘੰਟਿਆਂ ਤੱਕ ਭਟਕਦੀਆਂ ਰਹੀਆਂ ਤੇ ਬਾਅਦ ਵਿੱਚ ਇਹਨਾਂ ਨੂੰ ਯੂਐੱਸ ਬੋਰਡਰ ਪੈਟਰੋਲ ਨੇ ਇਹਨਾਂ ਦੇ ਪੈਰਾਂ ਦੇ ਨਿਸ਼ਾਨਾਂ ਦਾ ਪਿੱਛਾ ਕਰਦਿਆਂ ਭਾਲਿਆ। 

ਕੁੱਝ ਘੰਟਿਆਂ ਬਾਅਦ ਬੋਰਡਰ ਪੈਟਰੋਲ ਅਫਸਰਾਂ ਨੂੰ ਬੱਚੀ ਗੁਰਪ੍ਰੀਤ ਕੌਰ ਦੀ ਮ੍ਰਿਤਕ ਦੇਹ ਬੋਰਡਰ ਤੋਂ 1.6 ਕਿਲੋਮੀਟਰ ਦੀ ਵਿੱਥ 'ਤੇ ਲੱਭੀ। ਯੂਐੱਸ ਬੋਰਡਰ ਪੈਟਰੋਲ ਨੇ ਇਸ ਸਮੂਹ ਵਿੱਚ ਸ਼ਾਮਿਲ ਦੂਜੀ ਔਰਤ ਅਤੇ ਉਸਦੀ 8 ਸਾਲਾ ਬੱਚੀ ਨੂੰ ਵੀ ਭਾਲ ਲਿਆ ਹੈ। ਸਿਹਤ ਅਫਸਰ ਦੀ ਜਾਂਚ ਮੁਤਾਬਿਕ ਬੱਚੀ ਗੁਰਪ੍ਰੀਤ ਕੌਰ ਦੀ ਮੌਤ ਪਾਣੀ ਦੀ ਘਾਟ ਕਾਰਨ ਹੋਈ ਹੈ। 

30 ਮਈ ਤੱਕ ਇਸ ਮਾਰੂਥਲ ਨੂੰ ਪਾਰ ਕਰਨ ਦੀ ਕੋਸ਼ਿਸ਼ ਵਿੱਚ 58 ਪ੍ਰਵਾਸੀਆਂ ਦੀ ਮੌਤ ਹੋ ਚੁੱਕੀ ਹੈ। 2018 ਵਿੱਚ ਇੱਥੇ 127 ਪ੍ਰਵਾਸੀਆਂ ਦੀ ਮੌਤ ਦਰਜ ਹੋਈ ਸੀ। ਯੂਐੱਸ ਬੋਰਡਰ ਪੈਟਰੋਲ ਦੇ ਸਥਾਨਕ ਮੁਖੀ ਨੇ ਇਸ ਮੌਤ ਲਈ ਐਜੇਂਟਾਂ ਨੂੰ ਜਿੰਮੇਵਾਰ ਦੱਸਿਆ ਹੈ ਜੋ ਆਪਣੇ ਲਾਭ ਖਾਤਰ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਂਦੇ ਹਨ। 
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ