ਪੰਜਾਬ ਦੀ ਸਿੱਖ ਰਾਜਨੀਤੀ ‘ਚ ਨਵੀਂ ਸਫਬੰਦੀ ਦੇ ਸੰਕੇਤ

ਪੰਜਾਬ ਦੀ ਸਿੱਖ ਰਾਜਨੀਤੀ ‘ਚ ਨਵੀਂ ਸਫਬੰਦੀ ਦੇ ਸੰਕੇਤ

ਅਕਾਲੀ ਦਲ (1920) ਵੱਲੋਂ ਮੀਰੀ-ਪੀਰੀ ਕਾਨਫ਼ਰੰਸ ਦਾ ਐਲਾਨ

ਬਠਿੰਡਾ/ਬਿਊਰੋ ਨਿਊਜ਼ :

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ (1920) ਵੱਲੋਂ ਮੀਰੀ-ਪੀਰੀ ਕਾਨਫ਼ਰੰਸ ਦਾ ਐਲਾਨ ਕਰ ਦੇਣ ਨਾਲ ਪੰਜਾਬ ਦੀ ਸਿੱਖ ਰਾਜਨੀਤੀ ਵਿਚ ਸਿਮਰਨਜੀਤ ਸਿੰਘ ਦੇ ਅਕਾਲੀ ਦਲ (ਅੰਮ੍ਰਿਤਸਰ) ਤੋਂ ਦੂਰ ਰਹਿੰਦਿਆਂ ਨਵੀਂ ਸਿਆਸੀ ਕਤਾਰਬੰਦੀ ਦੀਆਂ ਕਨਸੋਆਂ ਮਿਲਣ ਲੱਗੀਆਂ ਹਨ। ਸੂਤਰਾਂ ਮੁਤਾਬਕ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸ਼੍ਰੋਮਣੀ ਅਕਾਲੀ ਦਲ (1920) ਦੇ ਸਹਿਯੋਗ ਨਾਲ ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਨਵਾਂ ਮੰਚ ਉਸਾਰਨ ਦੀ ਕਵਾਇਦ ਆਰੰਭੀ ਹੈ। ਇਸੇ ਤਹਿਤ ਅਕਾਲੀ ਦਲ (1920) ਦੇ ਜਰਨਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ 22 ਫਰਵਰੀ ਨੂੰ ਪਿੰਡ ਰਣਸੀਂਹ ਕਲਾਂ (ਮੋਗਾ) ਵਿਚ ਮੀਰੀ-ਪੀਰੀ ਕਾਨਫ਼ਰੰਸ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਾਨਫ਼ਰੰਸ ਦੀ ਅਗਵਾਈ ਮੁਤਵਾਜ਼ੀ ਜਥੇਦਾਰ ਦਾਦੂਵਾਲ ਨੂੰ ਸੌਂਪ ਦਿੱਤੀ ਹੈ।
ਇਸ ਸਬੰਧੀ ਕੀਤੀ ਮੀਡੀਆ ਕਾਨਫ਼ਰੰਸ ਵਿਚ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਾਨਫ਼ਰੰਸ ਲਈ ਮੁੱਖ ਸਿਆਸੀ ਧਿਰਾਂ ਨੂੰ ਛੱਡ ਕੇ ਹੋਰ ਸਾਰੀਆਂ ਧਿਰਾਂ ਨੂੰ ਸੱਦਾ ਦਿੱਤਾ ਹੈ। ਸ੍ਰੀ ਰਣਸੀਂਹ ਨੇ ਇਹ ਵੀ ਐਲਾਨ ਕੀਤਾ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਐਲਾਨ ਮਗਰੋਂ 8 ਜਨਵਰੀ ਨੂੰ ਰਣਸੀਂਹ ਕਲਾਂ ਵਿਚ ਰੱਖੀ ਪੰਥਕ ਕਾਨਫ਼ਰੰਸ ਨੂੰ ਰੱਦ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਬਰਗਾੜੀ ਮੋਰਚੇ ਨੂੰ ਲੈ ਕੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਵੀ 10 ਜਨਵਰੀ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਸੀ। ਦੂਸਰੀ ਧਿਰ ਨੇ ਵੀ ਆਪਣਾ ਐਲਾਨਿਆ 8 ਜਨਵਰੀ ਦਾ ਪੰਥਕ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਸ੍ਰੀ ਰਣਸੀਂਹ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇਨਜ਼ਰ ਨਵਾਂ ਮੰਚ ਕਾਇਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਦਾਦੂਵਾਲ ਨੇ ਪੰਜਾਬ ਦੇ ਹਿੱਤਾਂ ਲਈ ਵੱਡਾ ਸੰਘਰਸ਼ ਕੀਤਾ ਹੈ।
ਸੂਤਰਾਂ ਮੁਤਾਬਕ ਇਹ ਪੰਥਕ ਧਿਰਾਂ ਹੁਣ ਅਕਾਲੀ ਦਲ (ਅੰਮ੍ਰਿਤਸਰ) ਤੋਂ ਪਾਸਾ ਵੱਟਣ ਦੇ ਰੌਂਅ ਵਿਚ ਹਨ ਅਤੇ ਖ਼ਾਲਿਸਤਾਨ ਦੇ ਮੁੱਦੇ ਕਰਕੇ ਇਨ੍ਹਾਂ ਨੇ ਮਾਨ ਦਲ ਤੋਂ ਆਪਣੇ ਆਪ ਨੂੰ ਲਾਂਭੇ ਕਰਨਾ ਸ਼ੁਰੂ ਕਰ ਦਿੱਤਾ ਹੈ। ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਾਨਫ਼ਰੰਸ ਦੀ ਅਗਵਾਈ ਲਈ ਮਿਲੇ ਸੱਦੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵਾਂ ਮੰਚ ਉਸਾਰਨ ਦੇ ਏਜੰਡੇ ‘ਤੇ ਹੋ ਰਹੀ ਕਾਨਫ਼ਰੰਸ ਵਿਚ ਉਹ ਸ਼ਿਰਕਤ ਕਰਨਗੇ। ਉਨ੍ਹਾਂ ਇਸ ਗੱਲ ਦਾ ਜਵਾਬ ਦੇਣ ਤੋਂ ਟਾਲਾ ਵੱਟਿਆ ਕਿ ਧਿਆਨ ਸਿੰਘ ਮੰਡ ਅਤੇ ਹੋਰਨਾਂ ਨੂੰ ਕਿਉਂ ਨਹੀਂ ਸੱਦਿਆ ਜਾ ਰਿਹਾ ਹੈ। ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਮੀਰੀ ਪੀਰੀ ਕਾਨਫ਼ਰੰਸ ‘ਤੇ ਕੋਈ ਸਿੱਧੀ ਟਿੱਪਣੀ ਕਰਨ ਤੋਂ ਗੁਰੇਜ਼ ਕਰਦਿਆਂ ਆਖਿਆ ਕਿ ਬਰਗਾੜੀ ਮੋਰਚੇ ਵਿਚ ਸ਼ਾਮਲ ਹੋਈਆਂ ਸਾਰੀਆਂ ਧਿਰਾਂ ਦਾ ਵੱਡਾ ਯੋਗਦਾਨ ਹੈ। ਉਹ ਹੁਣ ਪੰਥਕ ਸ਼ਕਤੀ ਨੂੰ ਇਕਜੁੱਟ ਕਰਨ ਲਈ ਜ਼ੋਰ ਲਾਉਣਗੇ। ਉਨ੍ਹਾਂ ਕਿਹਾ ਕਿ ਕਾਨਫ਼ਰੰਸ ਤੋਂ ਅਕਾਲੀ ਦਲ (ਅੰਮ੍ਰਿਤਸਰ) ਨੂੰ ਬਾਹਰ ਰੱਖਣਾ ਸਿਰਫ਼ ਬਿਆਨਬਾਜ਼ੀ ਤੱਕ ਸੀਮਤ ਹੋ ਸਕਦਾ ਹੈ ਅਤੇ ਇਹ ਕੋਈ ਪੱਕਾ ਵਖ਼ਰੇਵਾਂ ਨਹੀਂ ਹੈ।
ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਇਕ ਅਜਿਹਾ ਮੰਚ ਕਾਇਮ ਕਰਨ ਦੀ ਵਿਉਂਤਬੰਦੀ ਹੋ ਰਹੀ ਹੈ ਜਿਸ ਵਿਚ ਅਕਾਲੀ ਦਲ (ਟਕਸਾਲੀ) ਅਤੇ ਖਹਿਰਾ ਧੜਾ ਤੇ ਹੋਰ ਵੀ ਸ਼ਾਮਿਲ ਕੀਤੇ ਜਾ ਸਕਣ। ਮੀਡੀਆ ਕਾਨਫ਼ਰੰਸ ਮੌਕੇ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਭਾਈ ਹਰਜਿੰਦਰ ਸਿੰਘ ਰੋਡੇ, ਰਮਨਦੀਪ ਸਿੰਘ ਭੰਗਚੜੀ ਅਤੇ ਭਾਈ ਸੁਰਿੰਦਰ ਸਿੰਘ ਰਾਜਾ ਬਬਲੂ ਰੋਡ ਵੀ ਹਾਜ਼ਰ ਸਨ।