ਕੈਨੇਡਾ ਹੱਥੋਂ ਹਾਰੀ ਭਾਰਤੀ ਹਾਕੀ ਟੀਮ
ਲੰਡਨ/ਬਿਊਰੋ ਨਿਊਜ਼ :
ਭਾਰਤੀ ਟੀਮ ਇੱਥੇ ਆਪਣੇ ਤੋਂ ਹੇਠਲੀ ਰੈਂਕਿੰਗ ਦੀ ਕੈਨੇਡਾ ਦੀ ਟੀਮ ਤੋਂ 2-3 ਨਾਲ ਹਾਰ ਕੇ ਹੀਰੋ ਹਾਕੀ ਵਿਸ਼ਵ ਲੀਗ ਸੈਮੀ ਫਾਈਨਲ ‘ਚ ਛੇਵੇਂ ਸਥਾਨ ‘ਤੇ ਰਹੀ। ਭਾਰਤੀ ਟੀਮ ਦੀ ਇਹ ਟੂਰਨਾਮੈਂਟ ‘ਚ ਹੇਠਲੇ ਸਥਾਨ ਵਾਲੀ ਰੈਂਕਿੰਗ ਦੀ ਟੀਮ ਤੋਂ ਦੂਜੀ ਉਲਟਫੇਰ ਭਰੀ ਹਾਰ ਹੈ। ਇਸ ਤੋਂ ਪਹਿਲਾਂ ਉਹ ਕੁਆਰਟਰ ਫਾਈਨਲ ‘ਚ ਮਲੇਸ਼ੀਆ ਤੋਂ ਹਾਰ ਗਈ ਸੀ।
ਮੈਚ ‘ਚ ਕੈਨੇਡਾ ਵਲੋਂ ਗੋਰਡਨ ਜੌਨਸਟਨ ਨੇ ਤੀਜੇ ਅਤੇ 44ਵੇਂ ਮਿੰਟ ‘ਚ ਦੋ ਗੋਲ ਕੀਤੇ ਜਦਕਿ 11ਵੀਂ ਰੈਂਕਿੰਗ ਦੇ ਕੈਨੇਡਾਈ ਟੀਮ ਲਈ ਕੀਗਨ ਪਰੇਰਾ ਨੇ 40ਵੇਂ ਮਿੰਟ ‘ਚ ਗੋਲ ਕੀਤਾ। ਹਰਮਨਪ੍ਰੀਤ ਸਿੰਘ (7ਵੇਂ, 22ਵੇਂ) ਨੇ ਭਾਰਤ ਦੇ ਅੱਠ ਪੈਨਲਟੀ ਕਾਰਨਰਾਂ ‘ਚੋਂ ਦੋ ਨੂੰ ਗੋਲ ‘ਚ ਤਬਦੀਲ ਕੀਤਾ। ਇਸ ਜਿੱਤ ਨਾਲ ਕੈਨੇਡਾ ਟੂਰਨਾਮੈਂਟ ‘ਚ ਪੰਜਵੇਂ ਸਥਾਨ ‘ਤੇ ਹੀ ਨਹੀਂ ਰਹੀ ਬਲਕਿ ਉਸ ਨੇ ਅਗਲੇ ਸਾਲ ਭਾਰਤ ਦੇ ਭੁਵਨੇਸ਼ਵਰ ‘ਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਵੀ ਕਰ ਲਿਆ ਹੈ। ਇਸ ਹਾਰ ਨਾਲ ਹਾਲਾਂਕਿ ਛੇਵੀਂ ਰੈਂਕਿੰਗ ਵਾਲੀ ਭਾਰਤੀ ਟੀਮ ਦੇ ਸਾਲ ਅਖੀਰ ‘ਚ ਕਰਾਏ ਜਾਣ ਵਾਲੇ ਹਾਕੀ ਵਿਸ਼ਵ ਲੀਗ ਫਾਈਨਲ ਲਈ ਕੁਆਲੀਫਿਕੇਸ਼ਨ ਅਤੇ ਵਿਸ਼ਵ ਕੱਪ ਸਥਾਨ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਦੋਵਾਂ ਹੀ ਟੂਰਨਾਮੈਂਟਾਂ ਦਾ ਮੇਜ਼ਬਾਨ ਹੋਣ ਕਾਰਨ ਉਸ ਦੀ ਥਾਂ ਪੱਕੀ ਹੈ, ਪਰ ਇਹ ਹਾਰ ਲਾਜ਼ਮੀ ਤੌਰ ‘ਤੇ ਭਾਰਤੀ ਟੀਮ ਦਾ ਹੌਸਲਾ ਢਾਹੁਣ ਵਾਲੀ ਹੈ।
ਅਰਜਨਟੀਨਾ ਤੇ ਹਾਲੈਂਡ ਨੂੰ ਵਿਸ਼ਵ ਲੀਗ ਫਾਈਨਲ ਦਾ ਟਿਕਟ
ਓਲੰਪਿਕ ਚੈਂਪੀਅਨ ਤੇ ਵਿਸ਼ਵ ਦੀ ਨੰਬਰ ਇੱਕ ਟੀਮ ਅਰਜਨਟੀਨਾ ਤੇ ਹਾਲੈਂਡ ਨੇ ਇਸ ਸਾਲ ਦੇ ਅਖੀਰ ‘ਚ ਭਾਰਤ ਦੇ ਭੁਵਨੇਸ਼ਨਰ ‘ਚ ਹੋਣ ਵਾਲੀ ਐਫਆਈਐੱਚ ਵਿਸ਼ਵ ਲੀਗ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਅਰਜਨਟੀਨਾ ਨੇ ਇੱਥੇ ਚੱਲ ਰਹੇ ਹਾਕੀ ਵਿਸ਼ਵ ਲੀਗ ਸੈਮੀਫਾਈਨਲ ਦੇ ਖੇਡੇ ਗਏ ਮੁਕਾਬਲੇ ‘ਚ ਮਲੇਸ਼ੀਆ ਨੂੰ 2-1 ਨਾਲ ਅਤੇ ਵਿਸ਼ਵ ਦੀ ਚੌਥੀ ਰੈਂਕਿੰਗ ਦੀ ਟੀਮ ਤੇ ਯੂਰੋਪੀਅਨ ਚੈਂਪੀਅਨ ਹਾਲੈਂਡ ਨੇ ਇੰਗਲੈਂਡ ਨੂੰ 2-0 ਨਾਲ ਹਰਾ ਕੇ ਖ਼ਿਤਾਬੀ ਮੁਕਾਬਲੇ ‘ਚ ਜਗ੍ਹਾ ਬਣਾਈ ਤੇ ਨਾਲ ਹੀ ਵਿਸ਼ਵ ਲੀਗ ਫਾਈਨਲ ਦੀ ਟਿਕਟ ਵੀ ਬੁੱਕ ਕਰ ਲਈ। ਇਸ ਟੂਰਨਾਮੈਂਟ ਰਾਹੀਂ ਅਰਜਨਟੀਨਾ, ਮਲੇਸ਼ੀਆ, ਹਾਲੈਂਡ ਅਤੇ ਇੰਗਲੈਂਡ ਨੇ 2018 ‘ਚ ਭਾਰਤ ਦੇ ਭੁਵਨੇਸ਼ਵਰ ‘ਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਦਾ ਟਿਕਟ ਵੀ ਹਾਸਲ ਕਰ ਲਿਆ ਹੈ। ਇਨ੍ਹਾਂ ਚਾਰਾਂ ਟੀਮਾਂ ਨੇ ਹਾਕੀ ਵਿਸ਼ਵ ਲੀਗ ਸੈਮੀ ਫਾਈਨਲ ਦੇ ਆਖਰੀ ਚਾਰ ‘ਚ ਪਹੁੰਚ ਕੇ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਸੀ।
Comments (0)