ਕੇਜਰੀਵਾਲ ਨੇ ‘ਹਿੰਮਤ’ ਨਾਲ ਦਿੱਤੀ ਮਜੀਠੀਆ ਨੂੰ ਚੁਣੌਤੀ

ਕੇਜਰੀਵਾਲ ਨੇ ‘ਹਿੰਮਤ’ ਨਾਲ ਦਿੱਤੀ ਮਜੀਠੀਆ ਨੂੰ ਚੁਣੌਤੀ
ਕੈਪਸ਼ਨ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਜੀਠਾ ਵਿੱਚ ਕੀਤੀ ‘ਮਾਝਾ ਫ਼ਤਹਿ ਰੈਲੀ’ ਦੌਰਾਨ ਲੋਕਾਂ ਵੱਲ ਹੱਥ ਹਿਲਾਉਂਦੇ ਹੋਏ।

ਮਜੀਠਾ (ਅੰਮ੍ਰਿਤਸਰ)/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਨੇ ਮਜੀਠਾ ਰੈਲੀ ਦੌਰਾਨ ਹਾਕਮ ਧਿਰ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਹਿੰਮਤ ਸਿੰਘ ਸ਼ੇਰਗਿੱਲ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ। ਇਸ ਰੈਲੀ ਦੌਰਾਨ ‘ਆਪ’ ਆਗੂਆਂ ਨੇ ਸ੍ਰੀ ਮਜੀਠੀਆ ਨੂੰ ਵੰਗਾਰਿਆ ਅਤੇ ਨਸ਼ਿਆਂ ਦੇ ਕਾਰੋਬਾਰੀਆਂ ਨਾਲ ਸਬੰਧ ਹੋਣ ਦੇ ਦੋਸ਼ ਦੁਹਰਾਏ।
‘ਆਪ’ ਵੱਲੋਂ ਮਜੀਠਾ ਦੀ ਦਾਣਾ ਮੰਡੀ ਵਿੱਚ ਕੀਤੀ ਰੈਲੀ ਦੌਰਾਨ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਜੀਠਾ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਲੀਗਲ ਸੈੱਲ ਦੇ ਮੁਖੀ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੂੰ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ। ਇਸ ਮੌਕੇ ਹਿੰਮਤ ਸਿੰਘ ਸ਼ੇਰਗਿੱਲ ਨੇ ਆਖਿਆ ਕਿ ਉਹ ਇਸ ਹਲਕੇ ਤੋਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਚੋਣ ਲੜਣਗੇ ਤੇ ਪਾਰਟੀ ਦੀਆਂ ਉਮੀਦਾਂ ‘ਤੇ ਖਰ੍ਹਾ ਉਤਰਨ ਦਾ ਯਤਨ ਕਰਨਗੇ। ਇਸ ਤੋਂ ਪਹਿਲਾਂ ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਸ੍ਰੀ ਸ਼ੇਰਗਿੱਲ ਨੂੰ ਪਾਰਟੀ ਵਲੋਂ ਮੁਹਾਲੀ ਤੋਂ ਪਾਰਟੀ ਉਮੀਦਵਾਰ ਐਲਾਨਿਆ ਗਿਆ ਸੀ ਪਰ ਪਾਰਟੀ ਨੇ ਵਿਚਾਰ ਕੀਤਾ ਕਿ ਸ੍ਰੀ ਮਜੀਠੀਆ ਖ਼ਿਲਾਫ਼ ਸ੍ਰੀ ਸ਼ੇਰਗਿੱਲ ਨੂੰ ਹੀ ਮੈਦਾਨ ਵਿੱਚ ਉਤਾਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਸ੍ਰੀ ਮਜੀਠੀਆ ‘ਤੇ ਨਸ਼ਿਆਂ ਦੇ ਕਾਰੋਬਾਰੀਆਂ ਨਾਲ ਸਬੰਧ ਰੱਖਣ ਦੇ ਦੋਸ਼ ਦੁਹਰਾਏ ਅਤੇ ਵੰਗਾਰਿਆ ਕਿ ਚੋਣਾਂ ਵਿੱਚ ਕੁਝ ਸਮਾਂ ਹੀ ਬਾਕੀ ਰਹਿ ਗਿਆ ਹੈ। ਇਸ ਲਈ ਸ੍ਰੀ ਮਜੀਠੀਆ ਜੇਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੇ ਹਨ ਤਾਂ ਕਰ ਲੈਣ, ਨਹੀਂ ਤਾਂ ਪੰਜਾਬ ਵਿੱਚ ‘ਆਪ’ ਸਰਕਾਰ ਆਉਣ ਮਗਰੋਂ ਨਸ਼ਿਆਂ ਦੇ ਕਾਰੋਬਾਰ ਦੇ ਦੋਸ਼ ਹੇਠ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਸੁਖਪਾਲ ਸਿੰਘ ਖਹਿਰਾ, ਜਰਨੈਲ ਸਿੰਘ ਤੇ ਸੰਜੈ ਸਿੰਘ ਆਦਿ ਨੇ ਵੀ ਸ੍ਰੀ ਮਜੀਠੀਆ ‘ਤੇ ਨਸ਼ਿਆਂ ਦੇ ਕਾਰੋਬਾਰੀਆਂ ਨਾਲ ਸਬੰਧ ਹੋਣ ਦੇ ਦੋਸ਼ ਲਾਏ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਵੀ ਹਾਜ਼ਰ ਸਨ। ‘ਆਪ’ ਆਗੂ ਕੰਵਰ ਸੰਧੂ, ਹਰਜੋਤ ਸਿੰਘ ਬੈਂਸ, ਰਮਨਦੀਪ ਸਿੰਘ ਤੇ ਜਸਕੀਰਤ ਕੌਰ ਮਾਹਲ ਨੇ ਵੀ ਸੰਬੋਧਨ ਕੀਤਾ।