ਐਸਪੀ ਸਲਵਿੰਦਰ ਸਿੰਘ ਚਾਰ ਮਹੀਨਿਆਂ ਤੋਂ ਭਗੌੜਾ

ਐਸਪੀ ਸਲਵਿੰਦਰ ਸਿੰਘ ਚਾਰ ਮਹੀਨਿਆਂ ਤੋਂ ਭਗੌੜਾ

ਚੰਡੀਗੜ੍ਹ/ਬਿਊਰੋ ਨਿਊਜ਼ :
ਪਠਾਨਕੋਟ ਏਅਰਬੇਸ ‘ਤੇ ਹਮਲੇ ਤੋਂ ਬਾਅਦ ਵਿਵਾਦਾਂ ਵਿਚ ਆਇਆ ਪੰਜਾਬ ਦਾ ਐਸਪੀ ਸਲਵਿੰਦਰ ਸਿੰਘ ਪਿਛਲੇ ਚਾਰ ਮਹੀਨਿਆਂ ਤੋਂ ਭਗੌੜਾ ਹੈ ਪੁਲੀਸ ਨੂੰ ਉਸ ਦੇ ਥਹੁ ਟਿਕਾਣੇ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਸਲਵਿੰਦਰ ਸਿੰਘ ‘ਤੇ ਡਿਊਟੀ ਦੌਰਾਨ ਬਲਾਤਕਾਰ ਅਤੇ ਛੇੜਖਾਨੀ ਦੇ ਦੋਸ਼ ਲੱਗੇ ਹਨ। ਸੂਬੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ‘ਤੇ ਹੋਈ ਜਾਂਚ ਮਗਰੋਂ ਉਸ ਖ਼ਿਲਾਫ਼ ਦੋ ਵੱਖ ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਗੁਰਦਾਸਪੁਰ ਅਤੇ ਨੇੜਲੇ ਜ਼ਿਲ੍ਹਿਆਂ ਦੀ ਪੁਲੀਸ ਨੂੰ ਉਸ ਦਾ ਪਤਾ ਲਾਉਣ ਦੇ ਨਿਰਦੇਸ਼ਾਂ ਦੇ ਬਾਵਜੂਦ ਉਸ ਦੀ ਕੋਈ ਉੱਘ-ਸੁੱਘ ਨਹੀਂ ਮਿਲੀ। ਗੁਰਦਾਸਪੁਰ ਪੁਲੀਸ ਨੇ ਛਾਪੇ ਮਾਰਨ ਦੇ ਦਾਅਵੇ ਕੀਤੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਕਈ ਮਹੀਨੇ ਬੀਤਣ ਮਗਰੋਂ ਵੀ ਉਸ ਦੇ ਹੱਥ ਕੋਈ ਸਫ਼ਲਤਾ ਨਹੀਂ ਲੱਗੀ। ਐਸਐਸਪੀ ਜਸਦੀਪ ਸਿੰਘ ਨੇ ਦੱਸਿਆ ਕਿ ਡੀਐਸਪੀ ਰੈਂਕ ਦੇ ਅਫ਼ਸਰ ਦੀ ਅਗਵਾਈ ਹੇਠ ਟੀਮ ਵੱਲੋਂ ਛਾਪੇ ਮਾਰੇ ਗਏ ਹਨ। ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਲਵਿੰਦਰ ਦੀ ਪੁਲੀਸ ਅਧਿਕਾਰੀਆਂ ਵੱਲੋਂ ਸਮੇਂ ਸਮੇਂ ‘ਤੇ ਸਹਾਇਤਾ ਵੀ ਕੀਤੀ ਗਈ। ਉਸ ਨੂੰ ਅਕਾਲੀ ਆਗੂ ਦੀ ਸਿਆਸੀ ਸ਼ਰਨ ਮਿਲੇ ਹੋਣ ਦਾ ਦਾਅਵਾ ਵੀ ਕੀਤਾ ਜਾਂਦਾ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਸ ਦੇ ਸਬੰਧਾਂ ਕਾਰਨ ਹੀ ਉਹ ਗ੍ਰਿਫ਼ਤਾਰੀ ਤੋਂ ਬਚ ਰਿਹਾ ਹੈ।