ਗਰਮ ਖ਼ਿਆਲੀਆਂ ਨਾਲ ਟਕਰਾਅ ਕਾਰਨ ਕਿਸੇ ਵੀ ਜਥੇਦਾਰ ਨੇ ਨਾ ਦਿੱਤਾ ਕੌਮ ਦੇ ਨਾਂ ਸੰਦੇਸ਼

ਗਰਮ ਖ਼ਿਆਲੀਆਂ ਨਾਲ ਟਕਰਾਅ ਕਾਰਨ ਕਿਸੇ ਵੀ ਜਥੇਦਾਰ ਨੇ ਨਾ ਦਿੱਤਾ ਕੌਮ ਦੇ ਨਾਂ ਸੰਦੇਸ਼

ਇਕਬਾਲ ਸਿੰਘ ਪਟਨਾ ਦੀ ਕੋਰੀ ਨਾਹ ਮਗਰੋਂ ਭਾਈ ਜਗਤਾਰ ਸਿੰਘ ਨੇ ਦਿੱਤਾ ਸੰਦੇਸ਼
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ :
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰ ਕੌਰ ਦੀ ਅਦੁੱਤੀ ਸ਼ਹਾਦਤ ਸਬੰਧੀ ਚੱਲ ਰਹੇ ਸ਼ਹੀਦੀ ਜੋੜ ਮਲੇ ਮੌਕੇ ਤੀਜੇ ਦਿਨ ਵਿਸ਼ਾਲ ਨਗਰ ਕੀਰਤਨ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਨਗਰ ਕੀਰਤਨ ਦੀ ਸਮਾਪਤੀ ਮੌਕੇ ਕਿਸੇ ਵੀ ਤਖ਼ਤ ਦੇ ਜਥੇਦਾਰ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਨਾ ਦਿੱਤਾ ਹੋਵੇ। ਇਹ ਪੁਰਾਤਨ ਪਰੰਪਰਾ ਚਲੀ ਆ ਰਹੀ ਹੈ ਕਿ ਸ਼ਹੀਦੀ ਜੋੜ ਮੇਲ ਦੇ ਤੀਸਰੇ ਦਿਨ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸਮਾਪਤ ਹੁੰਦਾ ਹੈ, ਜਿੱਥੇ ਨਗਰ ਕੀਰਤਨ ਦੀ ਸਮਾਪਤੀ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਜਾਂ ਕਿਸੇ ਦੂਸਰੇ ਜਥੇਦਾਰਾਂ ਵਿਚੋਂ ਕੋਈ ਵੀ ਇਕ ਜਥੇਦਾਰ ਸਿੱਖ ਕੌਮ ਦੇ ਨਾਂ ਸੰਦੇਸ਼ ਦਿੰਦਾ ਹੈ।
ਇਸ ਵਾਰੀ ਨਾ ਤਾਂ ਕਿਸੇ ਤਖ਼ਤ ਦੇ ਜਥੇਦਾਰ ਨੇ ਨਗਰ ਕੀਰਤਨ ਦੀ ਆਰੰਭਤਾ ਤੇ ਨਾ ਹੀ ਨਗਰ ਕੀਰਤਨ ਦੌਰਾਨ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ ਸਗੋਂ ਉਸ ਵੇਲੇ ਹੋਰ ਵੀ ਹੈਰਾਨੀ ਹੋਈ, ਜਦੋਂ ਕੋਈ ਵੀ ‘ਜਥੇਦਾਰ’ ਨਗਰ ਕੀਰਤਨ ਦੀ ਸਮਾਪਤੀ ਮੌਕੇ ਸਿੱਖ ਕੌਮ ਨੂੰ ਸੰਦੇਸ਼ ਦੇਣ ਲਈ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨਾ ਪੁੱਜਿਆ। ਪਤਾ ਲੱਗਾ ਹੈ ਕਿ ਅਜਿਹਾ ਪਿਛਲੇ ਸਮੇਂ ਦੌਰਾਨ ਗਰਮ ਖਿਆਲੀ ਜਥੇਬੰਦੀਆਂ ਨਾਲ ਚੱਲ ਰਹੇ ਟਕਰਾਅ ਤੇ ਉਨ੍ਹਾਂ ਦੇ ਦਬਾਅ ਅਧੀਨ ਕੀਤਾ ਗਿਆ ਹੈ। ਪਿਛਲੇ ਸਾਲ ਨਗਰ ਕੀਰਤਨ ਦੀ ਸਮਾਪਤੀ ਮੌਕੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਜਥੇਦਾਰ ਅਕਾਲ ਤਖ਼ਤ ਨੂੰ ਸਿੱਖ ਕੌਮ ਦੇ ਨਾਂ ਸੰਦੇਸ਼ ਦੇਣ ਤੋਂ ਰੋਕ ਦਿੱਤਾ ਗਿਆ ਸੀ ਤੇ ਸਿੱਖ ਸੰਗਤ ਵਲੋਂ ਨਾਅਰੇਬਾਜ਼ੀ ਵੀ ਕੀਤੀ ਗਈ ਸੀ।
ਸੂਤਰਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਗਰਮ ਖਿਆਲੀ ਜਥੇਬੰਦੀਆਂ ਦੇ ਆਗੂਆਂ ਨਾਲ ਨਗਰ ਕੀਰਤਨ ਨੂੰ ਸੁੱਖੀ-ਸਾਂਦੀ ਨਿਰਵਿਘਨ ਸੰਪੂਰਨਤਾ ਲਈ ਮਨਾਉਣ ਦਾ ਯਤਨ ਕੀਤਾ ਤਾਂ ਉਨ੍ਹਾਂ ਨੇ ਇਹ ਸ਼ਰਤ ਰੱਖੀ ਕਿ ਉਹ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਦੂਜੇ ਤਖ਼ਤਾਂ ਦੇ ਜਥੇਦਾਰਾਂ ਵਿਚੋਂ ਕਿਸੇ ਵੀ ਜਥੇਦਾਰ ਨੂੰ ਨਗਰ ਕੀਰਤਨ ਦੀ ਸਮਾਪਤੀ ਮੌਕੇ ਸਿੱਖ ਕੌਮ ਦੇ ਨਾਂ ਸੰਦੇਸ਼ ਨਹੀਂ ਦੇਣਗੇ। ਪਰ ਇਕ ਸਮੇਂ ਉਨ੍ਹਾਂ ਨੇ ਇਹ ਹਾਮੀ ਭਰੀ ਕਿ ਜੇਕਰ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਭਾਈ ਇਕਬਾਲ ਸਿੰਘ ਇਸ ਮੌਕੇ ਸੰਦੇਸ਼ ਦੇਣਾ ਚਾਹੁਣ ਤਾਂ ਉਹ ਆ ਸਕਦੇ ਹਨ।
ਸੂਤਰਾਂ ਨੇ ਦੱਸਿਆ ਕਿ ਇਸ ਮਗਰੋਂ ਇਕ ਵਿਸ਼ੇਸ਼ ਹਵਾਈ ਜਹਾਜ਼ ਪਟਾਨਾ ਸਾਹਿਬ ਜਥੇਦਾਰ ਭਾਈ ਇਕਬਾਲ ਸਿੰਘ ਨੂੰ ਲੈਣ ਵਾਸਤੇ ਭੇਜਿਆ ਗਿਆ ਪਰ ਉਨ੍ਹਾਂ ਨੇ ਵੀ ਜਦੋਂ ਆਉਣ ਤੋਂ ਅਸਮਰਥਾ ਜ਼ਾਹਰ ਕੀਤੀ ਤਾਂ ਫਿਰ ਵਿਚ ਵਿਚਾਲੇ ਦਾ ਰਾਹ ਕੱਢਿਆ ਗਿਆ ਕਿ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਹੀ ਸਿੱਖ ਕੌਮ ਦੇ ਨਾਂ ਸੰਦੇਸ਼ ਦੇਣਗੇ। ਇਸ ਮਗਰੋਂ ਨਗਰ ਕੀਰਤਨ ਦੀ ਸਮਾਪਤੀ ਅਰਦਾਸ ਹੋਣ ਤੋਂ ਬਾਅਦ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਿੱਖ ਸੰਗਤ ਨੂੰ ਸੰਬੋਧਨ ਕੀਤਾ ਤੇ ਭਾਈ ਜਗਤਾਰ ਸਿੰਘ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਦਿੱਤਾ।
ਇਸ ਮਗਰੋਂ ਨਗਰ ਕੀਰਤਨ ਅਮਨ ਅਮਾਨ ਨਾਲ ਸਮਾਪਤ ਹੋ ਗਿਆ। ਨਗਰ ਕੀਰਤਨ ਵਿਚ ਕਿਸੇ ਸੰਭਾਵੀ ਗੜਬੜ ਦੀ ਸੰਭਾਵਨਾ ਨੂੰ ਦੇਖਦਿਆਂ ਪੁਲੀਸ ਨੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਸਨ। ਸੁਰੱਖਿਆ ਪ੍ਰਬੰਧਾਂ ਦੀ ਦੇਖ-ਰੇਖ ਡੀ.ਜੀ.ਪੀ. ਸੁਰੱਖਿਆ ਤੇ ਆਈ.ਜੀ. ਪਟਿਆਲਾ ਰੇਂਜ ਪਰਮਰਾਜ ਸਿੰਘ ਉਮਰਾਨੰਗਲ ਕਰ ਰਹੇ ਸਨ। ਇਹ ਵੀ ਪਤਾ ਲੱਗਾ ਹੈ ਕਿ ਪੁਲੀਸ ਨੇ ਗਰਮ ਖਿਆਲੀ ਜਥੇਬੰਦੀਆਂ ਦੇ ਆਗੂਆਂ ਸਮੇਤ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਪੁਲੀਸ ਹਿਰਾਸਤ ਵਿਚ ਲੈ ਲਿਆ ਸੀ। ਪੁਲੀਸ ਨੇ ਵੀ ਅਮਨ ਸ਼ਾਂਤੀ ਨਾਲ ਨਗਰ ਕੀਰਤਨ ਦੀ ਸਮਾਪਤੀ ‘ਤੇ ਸੁੱਖ ਦਾ ਸਾਹ ਲਿਆ।