ਟਰੰਪ ਨੇ ਆਪਣੀ ਹੀ ਪਾਰਟੀ ਦੇ ਆਗੂਆਂ ਖ਼ਿਲਾਫ਼ ਕੱਢੀ ਭੜਾਸ
ਕਿਹਾ-ਰਿਪਬਲਿਕਨ ਨੇਤਾ ਹਿਲੇਰੀ ਨਾਲੋਂ ਵੀ ਖ਼ਤਰਨਾਕ
ਔਰਤਾਂ ਖ਼ਿਲਾਫ਼ ਭੱਦੀਆਂ ਟਿੱਪਣੀਆਂ ਨੂੰ ਲੈ ਕੇ ਕਈਆਂ ਨੇ ਛੱਡਿਆ ਟਰੰਪ ਦਾ ਸਾਥ
ਵਾਸ਼ਿੰਗਟਨ/ਬਿਊਰੋ ਨਿਊਜ਼ :
ਡੋਨਾਲਡ ਟਰੰਪ ਨੇ ਆਪਣੇ ਹੀ ਰਿਪਬਲਿਕਨ ਪਾਰਟੀ ਦੇ ਆਗੂਆਂ ਨੂੰ ਵਿਸ਼ਵਾਘਾਤੀ ਕਿਹਾ ਹੈ। ਖ਼ਾਸ ਤੌਰ ‘ਤੇ ਅਮਰੀਕੀ ਸਦਨ ਦੇ ਸਪੀਕਰ ਪਾਲ ਰਾਇਨ, ਸੀਨੀਅਰ ਜੌਨ ਮੈਕੇਨ (ਐਰੀਜ਼ੋਨਾ) ਤੇ ਕੁਝ ਹੋਰ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਨੂੰ ਕਮਜ਼ੋਰ ਨੇਤਾ ਕਿਹਾ ਹੈ। ਜ਼ਿਕਰਯੋਗ ਹੈ ਕਿ ਪਾਲ ਰਾਇਨ ਨੇ ਟਰੰਪ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਉਹ ਟਰੰਪ ਦਾ ਸਮਰਥਨ ਨਹੀਂ ਕਰ ਸਕਦੇ। ਰਾਇਨ ਦੀਆਂ ਟਿੱਪਣੀਆਂ ਦੇ ਜਵਾਬ ਵਿਚ ਟਰੰਪ ਨੇ ਕਿਹਾ, ”ਇਹ ਚੰਗਾ ਹੀ ਹੈ ਕਿ ਮੇਰੀਆਂ ਬੇੜੀਆਂ ਟੁੱਟ ਗਈਆਂ ਹਨ, ਹੁਣ ਮੈਂ ਆਪਣੇ ਤਰੀਕੇ ਨਾਲ ਅਮਰੀਕਾ ਲਈ ਲੜ ਸਕਾਂਗਾ।” ਗੌਰਤਲਬ ਹੈ ਕਿ ਔਰਤਾਂ ਬਾਰੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਵਿਚਾਰ ਸਾਹਮਣੇ ਆਉਣ ਤੋਂ ਬਾਅਦ ਖੁਦ ਉਨ੍ਹਾਂ ਦੀ ਹੀ ਪਾਰਟੀ ਦੇ ਕਈ ਲੋਕਾਂ ਨੇ ਉਨ੍ਹਾਂ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਪਾਰਟੀ ਵਲੋਂ 2008 ਵਿਚ ਉਮੀਦਵਾਰ ਰਹੇ ਮੈਕੇਨ ਨੇ ਟਰੰਪ ਦੀਆਂ ਔਰਤਾਂ ਬਾਰੇ ਕੀਤੀਆਂ ਟਿੱਪਣੀਆਂ ਦੀਆਂ ਵੀਡੀਓ ਦੇਖਣ ਤੋਂ ਬਾਅਦ ਸਮਰਥਨ ਵਾਪਸ ਲੈ ਲਿਆ। ਜ਼ਾਹਰ ਹੈ ਕਿ ਜਦੋਂ ਵੋਟਾਂ ਨੂੰ ਮਹਿਜ਼ ਮਹੀਨੇ ਕੁ ਦਾ ਸਮਾਂ ਰਹਿ ਗਿਆ ਹੈ ਤਾਂ ਠੀਕ ਉਸ ਵਕਤ ਪਾਰਟੀ ਅੰਦਰੋਂ ਹੋ ਰਹੇ ਇਸ ਵਿਰੋਧ ਕਾਰਨ ਟਰੰਪ ਦੇ ਜੇਤੂ ਹੋਣ ਦੀ ਉਮੀਦ ਮਿੱਟੀ ਵਿਚ ਪੈਂਦੀ ਨਜ਼ਰ ਆ ਰਹੀ ਹੈ। ਟਰੰਪ ਨੇ ਟਵੀਟ ਕੀਤਾ ਹੈ, ”ਵਿਸ਼ਵਾਸਘਾਤ ਕਰਨ ਵਾਲੇ ਰਿਪਬਲਿਕਨ ਨੇਤਾ ਉਨ੍ਹਾਂ ਦੀ ਵਿਰੋਧੀ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹਨ।”
ਹੁਣ ਟਰੰਪ ਨੂੰ ਆਪਣੀ ਵਿਰੋਧੀ ਉਮੀਦਵਾਰ ਹਿਲੇਰੀ ਦੇ ਨਾਲ ਨਾਲ ਘਰੇਲੂ ਮੋਰਚੇ ਨਾਲ ਵੀ ਜੂਝਨਾ ਪੈ ਰਿਹਾ ਹੈ। ਹਾਲ ਹੀ ਵਿਚ ਹੋਈ ਬਹਿਸ ਵਿਚ ਟਰੰਪ ਨੇ ਨੀਤੀਆਂ ਦੀ ਬਜਾਏ ਕਲਿੰਟਨ ਪਰਿਵਾਰ ‘ਤੇ ਨਿੱਜੀ ਹਮਲੇ ਕੀਤੇ ਸਨ। ਸਿਆਸਤ ਵਿਚ ਕਈ ਵਾਰ ਜਦੋਂ ਨੀਤੀਆਂ ਦੀ ਆਲੋਚਨਾ ਨਾਲ ਸਫਲਤਾ ਨਹੀਂ ਮਿਲਦੀ ਤਾਂ ਉਦੋਂ ਨਿੱਜੀ ਹਮਲੇ ਕੀਤੇ ਜਾਂਦੇ ਹਨ। ਇਹ ਟਰੰਪ ਦੀ ਖਿੱਝ ਹੈ ਜਾਂ ਸਿਆਸੀ ਦਾਅ, ਇਸ ਦਾ ਸਹੀ ਮਾਇਨਿਆਂ ਵਿਚ ਖ਼ੁਲਾਸਾ ਚੋਣਾਂ ਮਗਰੋਂ ਹੀ ਹੋਵੇਗਾ।
ਇਸੇ ਦੌਰਾਨ ਟਰੰਪ ਦੀ ਤਰਜਮਾਨ ਕੈਟਰੀਨਾ ਪਾਇਰਸਨ ਨੇ ਟਵੀਟ ਕੀਤਾ ਹੈ ਕਿ ਉਸ ਨੂੰ ਮੋਬਾਈਲ ‘ਤੇ ਏਨੇ ਸੁਨੇਹੇ ਆਏ ਕਿ ਉਸ ਦੇ ਫ਼ੋਨ ਦਾ ਚਾਰਜ ਵੀ ਖ਼ਤਮ ਹੋ ਗਿਆ। ਉਸ ਨੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਟਰੰਪ ਨੂੰ ਹੀ ਵੋਟ ਦੇਣਗੇ ਪਰ ਰਿਪਬਲਿਕਨ ਦੇ ਹੋਰਨਾਂ ਆਗੂਆਂ ਨੂੰ ਵੋਟ ਨਹੀਂ ਪਾਉਣਗੇ।
Comments (0)