46 ਸਾਬਕਾ ਮੰਤਰੀਆਂ-ਵਿਧਾਇਕਾਂ ਦੀ ਸੁਰੱਖਿਆ ਛਤਰੀ ਛਾਂਗੀ

46 ਸਾਬਕਾ ਮੰਤਰੀਆਂ-ਵਿਧਾਇਕਾਂ ਦੀ ਸੁਰੱਖਿਆ ਛਤਰੀ ਛਾਂਗੀ

ਮਲੂਕਾ ਦੇ 25 ਅਤੇ ਤੋਤਾ ਸਿੰਘ ਦੇ 19 ਸੁਰੱਖਿਆ ਮੁਲਾਜ਼ਮ ਹਟਾਏ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਸਰਕਾਰ ਦੇ ਵੀਆਈਪੀ ਕਲਚਰ ਖਤਮ ਕਰਨ ਦੇ ਹੁਕਮਾਂ ਦੀ ਫੁਰਤੀ ਨਾਲ ਪਾਲਣਾ ਕਰਦਿਆਂ ਪੰਜਾਬ ਪੁਲੀਸ ਨੇ 46 ਸਾਬਕਾ ਮੰਤਰੀਆਂ ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਗੁਲਜ਼ਾਰ ਸਿੰਘ ਰਣੀਕੇ, ਜਥੇਦਾਰ ਤੋਤਾ ਸਿੰਘ, ਚੁੰਨੀ ਲਾਲ ਭਗਤ ਸਮੇਤ ਹੋਰ ਸਾਬਕਾ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਸਾਬਕਾ ਸਲਾਹਕਾਰਾਂ ਦੀ ਸੁਰੱਖਿਆ ਛਤਰੀ ਛਾਂਗ ਦਿੱਤੀ ਹੈ। ਗ਼ੌਰਤਲਬ ਹੈ ਕਿ ਪੰਜਾਬ ਦੀ ਨਵੀਂ ਕਾਂਗਰਸ ਸਰਕਾਰ ਨੇ ਆਪਣੀ ਪਹਿਲੀ ਹੀ ਕੈਬਨਿਟ ਮੀਟਿੰਗ ਦੌਰਾਨ ਸੂਬੇ ਵਿੱਚੋਂ ਵੀਆਈਪੀ ਕਲਚਰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਸੀ।
ਇਸੇ ਤਹਿਤ ਮੁੱਖ ਮੰਤਰੀ, ਮੰਤਰੀਆਂ ਅਤੇ ਅਧਿਕਾਰੀਆਂ ਦੀਆਂ  ਗੱਡੀਆਂ ਤੋਂ ਲਾਲ ਬੱਤੀਆਂ ਹਟਾਉਣ ਦਾ ਫੈਸਲਾ ਕੀਤਾ ਗਿਆ, ਜਿਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸੇ ਮੀਟਿੰਗ ਵਿਚ ਅਹਿਮ ਵਿਅਕਤੀਆਂ ਦੀ ਸੁਰੱਖਿਆ ਘਟਾਉਣ ਲਈ ਪੁਲੀਸ ਨੂੰ 24 ਮਾਰਚ ਤਕ ਰਿਪੋਰਟ ਦੇਣ ਲਈ ਕਿਹਾ ਗਿਆ ਸੀ, ਪਰ ਪੁਲੀਸ ਨੇ ਇਸ ਤੋਂ ਪਹਿਲਾਂ ਹੀ ਕਾਰਵਾਈ ਕਰਦਿਆਂ ਸੁਰੱਖਿਆ ਘਟਾਉਣੀ ਸ਼ੁਰੂ ਕਰ ਦਿਤੀ ਹੈ। ਜਿਨ੍ਹਾਂ ਅਹਿਮ ਵਿਅਕਤੀਆਂ ਦੀ ਸੁਰੱਖਿਆ ਘਟਾਈ ਗਈ ਹੈ, ਉਨ੍ਹਾਂ ਵਿਚ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਸ਼ਾਮਲ ਹਨ ਪਰ ਸਭ ਤੋਂ ਵੱਧ ਗਿਣਤੀ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਮੰਤਰੀਆਂ ਅਤੇ ਸਾਬਕਾ ਸਲਾਹਕਾਰਾਂ ਦੀ ਹੈ।
ਕਾਂਗਰਸ ਦੀ ਰਾਜ ਸਭਾ ਮੈਂਬਰ ਅੰਬਿਕਾ ਸੋਨੀ, ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ‘ਆਪ’ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਸਮੇਤ ਹੋਰ ਅਹਿਮ ਵਿਅਕਤੀਆਂ ਨੂੰ ਦਿੱਤੀ ਵਾਧੂ ਸੁਰੱਖਿਆ ਵਾਪਸ ਲੈ ਲਈ ਗਈ ਹੈ। ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਛਤਰੀ ਬਰਕਰਾਰ ਰੱਖੀ ਗਈ ਹੈ, ਹਾਲਾਂਕਿ ਉਨ੍ਹਾਂ ਨੂੰ ਦਿੱਤੇ ਵਾਧੂ ਵਾਹਨ ਵਾਪਸ ਲੈ ਲਏ ਹਨ। ਹੁਣ ਦੋ ਬੁਲਟ ਪਰੂਫ ਲੈਂਡ ਕਰੂਜ਼ਰ ਗੱਡੀਆ ਉਨ੍ਹਾਂ ਦੀ ਸੇਵਾ ਵਿਚ ਰਹਿਣਗੀਆਂ। ਸਾਬਕਾ ਮੰਤਰੀ ਸ੍ਰੀ ਮਲੂਕਾ ਨੂੰ ਮਿਲੇ 31 ਸੁਰੱਖਿਆ ਗਾਰਡਾਂ ਤੇ ਦੋ ਵਾਹਨਾਂ ਵਿਚੋਂ 25 ਗਾਰਡ ਅਤੇ ਇਕ ਵਾਹਨ ਵਾਪਸ ਲੈ ਲਿਆ ਗਿਆ ਹੈ। ਸਾਬਕਾ ਮੰਤਰੀ ਤੋਤਾ ਸਿੰਘ ਦੇ 21 ਸੁਰੱਖਿਆ ਜਵਾਨਾਂ ਵਿਚੋਂ 19 ਵਾਪਸ ਲੈਣ ਨਾਲ ਉਨ੍ਹਾਂ ਕੋਲ ਦੋ ਹੀ ਸੁਰੱਖਿਆ ਜਵਾਨ ਰਹਿ ਗਏ ਹਨ। ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੋਲ 14 ਵਿਚੋਂ ਚਾਰ ਜਵਾਨ ਰਹਿ ਗਏ ਹਨ।
ਡਾ. ਦਲਜੀਤ ਸਿੰਘ ਚੀਮਾ ਕੋਲੋਂ ਵੀ ਨੌਂ ਗਾਰਡ ਵਾਪਸ ਲੈਣ ਨਾਲ ਉਨ੍ਹਾਂ ਕੋਲ ਦੋ ਰਹਿ ਗਏ ਹਨ। ਸਾਬਕਾ ਮੰਤਰੀ ਜਨਮੇਜਾ ਸਿੰਘ ਸੋਖੋਂ, ਗੁਲਜ਼ਾਰ ਸਿੰਘ ਰਣੀਕੇ ਕੋਲੋਂ ਇਕ-ਇਕ ਸਰਕਾਰੀ ਵਾਹਨ ਵੀ ਵਾਪਸ ਲੈ ਲਿਆ ਹੈ। ਸਾਬਕਾ ਮੰਤਰੀਆਂ ਚੁੰਨੀ ਲਾਲ ਭਗਤ, ਸੁਰਜੀਤ ਸਿੰਘ ਰੱਖੜਾ, ਸੁਰਜੀਤ ਕੁਮਾਰ ਜਿਆਣੀ, ਮਦਨ ਮੋਹਨ ਮਿੱਤਲ, ਸੋਹਣ ਸਿੰਘ ਠੰਡਲ ਕੋਲੋਂ ਵੀ ਵਾਧੂ ਸੁਰੱਖਿਆ ਗਾਰਡ ਲੈ ਲਏ ਹਨ। ਅੰਮ੍ਰਿਤਸਰ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ 14 ਸੁਰੱਖਿਆ ਜਵਾਨਾਂ ਵਿਚੋਂ ਦਸ ਵਾਪਸ ਲਏ ਗਏ ਹਨ। ਕਾਂਗਰਸ ਦੀ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਅਤੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਕੋਲ ਅੱਠ-ਅੱਠ ਗੰਨਮੈਨ ਸਨ ਪਰ ਉਨ੍ਹਾਂ ਦੀ ਸੁਰੱਖਿਆ ਅੱਧੀ ਕਰ ਦਿਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰਾਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਵੀ ਦੋ-ਦੋ ਗੰਨਮੈਨ ਘਟਾਏ ਗਏ ਹਨ। ‘ਆਪ’ ਜੋ ਵੀਆਈਪੀ ਕਲਚਰ ਦੇ ਖਿਲਾਫ ਹੈ, ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਕੋਲ ਛੇ ਸੁਰੱਖਿਆ ਗਾਰਡ ਅਤੇ ਇਕ ਵਾਹਨ ਸੀ, ਪਰ ਹੁਣ ਦੋ ਗਾਰਡ ਅਤੇ ਵਾਹਨ ਵਾਪਸ ਲੈ ਲਿਆ ਗਿਆ ਹੈ।
ਬਾਦਲ ਦੇ ਸਲਾਹਕਾਰਾਂ ਕੋਲ ਸਨ 70 ਸੁਰੱਖਿਆ ਜਵਾਨ :
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਰੇ ਸਲਾਹਕਾਰਾਂ ਦੀ ਸੁਰੱਖਿਆ ਅਤੇ ਵਾਹਨ ਵਾਪਸ ਲੈ ਲਏ ਗਏ ਹਨ। ਇਨ੍ਹਾਂ ਕੋਲ 70 ਸੁਰੱਖਿਆ ਗਾਰਡ ਅਤੇ ਚਾਰ ਵਾਹਨ ਸਨ। ਇਨ੍ਹਾਂ ਭੁਪਿੰਦਰ ਸਿੰਘ ਢਿਲੋਂ, ਚਰਨਜੀਤ ਸਿੰਘ ਬਰਾੜ, ਐਚ.ਐਸ. ਬੈਂਸ, ਕਮਲ ਓਸਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਪਰਮਜੀਤ ਸਿੰਘ ਸਿਧਵਾਂ, ਪਰਮਿੰਦਰ ਸਿੰਘ ਸੋਖੋਂ, ਜੰਗਵੀਰ ਸਿੰਘ, ਸਵਿੰਦਰਪਾਲ ਸਿੰਘ, ਸੁਖਦੀਪ ਸਿੰਘ ਸਿੱਧੂ ਤੇ ਤੀਕਸ਼ਣ ਸੂਦ ਸ਼ਾਮਲ ਹਨ।