ਰਵੀ ਸ਼ਾਸਤਰੀ ਕ੍ਰਿਕਟਰਾਂ ਦੀਆਂ ਤਨਖ਼ਾਹਾਂ ‘ਚ ਵੱਡੇ ਇਜਾਫੇ ਦੀ ਹਮਾਇਤ ‘ਤੇ ਆਏ

ਰਵੀ ਸ਼ਾਸਤਰੀ ਕ੍ਰਿਕਟਰਾਂ ਦੀਆਂ ਤਨਖ਼ਾਹਾਂ ‘ਚ ਵੱਡੇ ਇਜਾਫੇ ਦੀ ਹਮਾਇਤ ‘ਤੇ ਆਏ
ਕੈਪਸ਼ਨ-ਸਾਬਕਾ ਕਪਤਾਨ ਰਵੀ ਸ਼ਾਸਤਰੀ ਮੁੰਬਈ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ।

ਮੁੰਬਈ/ਬਿਊਰੋ ਨਿਊਜ਼ :
ਸਾਬਕਾ ਕਪਤਾਨ ਤੇ ਹਰਫ਼ਨਮੌਲਾ ਖਿਡਾਰੀ ਰਵੀ ਸ਼ਾਸਤਰੀ ਨੇ ਭਾਰਤ ਦੇ ਸਿਖਰਲੇ ਕ੍ਰਿਕਟਰਾਂ ਦੀਆਂ ਤਨਖਾਹਾਂ ਵਿੱਚ ਵੱਡੇ ਇਜ਼ਾਫ਼ੇ ਦੀ ਕਥਿਤ ਮੰਗ ਦੀ ਹਮਾਇਤ ਕੀਤੀ ਹੈ। ਸ਼ਾਸਤਰੀ ਨੇ ਭਾਰਤੀ ਕ੍ਰਿਕਟ ਬੋਰਡ ਵੱਲੋਂ ਖਿਡਾਰੀਆਂ ਨੂੰ ਕੀਤੀ ਜਾਣ ਵਾਲੀ ਅਦਾਇਗੀ ਵਿੱਚ ਵਾਧੇ ਨੂੰ ਮਾਮੂਲੀ ਕਰਾਰ ਦਿੱਤਾ ਹੈ। ਬੀਸੀਸੀਆਈ ਨੇ ਪਿਛਲੇ ਮਹੀਨੇ ਏ, ਬੀ ਤੇ ਸੀ ਸ਼੍ਰੇਣੀ ਦੇ ਕਰਾਰਾਂ ਦੀ ਰਾਸ਼ੀ ਦੁੱਗਣੀ ਕਰਦਿਆਂ ਇਨ੍ਹਾਂ ਨੂੰ ਕ੍ਰਮਵਾਰ ਦੋ ਕਰੋੜ, ਇਕ ਕਰੋੜ ਤੇ 50 ਲੱਖ ਰੁਪਏ ਕਰ ਦਿੱਤਾ ਸੀ। ਇਸ ਦੇ ਨਾਲ ਹੀ ਬੋਰਡ ਨੇ ਟੈਸਟ ਮੈਚ, ਇਕ ਰੋਜ਼ਾ ਕੌਮਾਂਤਰੀ ਤੇ ਟੀ-20 ਮੈਚਾਂ ਲਈ ਵੀ ਮੈਚ ਫੀਸ ਵਧਾ ਕੇ ਕ੍ਰਮਵਾਰ 15 ਲੱਖ, ਛੇ ਲੱਖ ਤੇ ਤਿੰਨ ਲੱਖ ਰੁਪਏ ਕੀਤੀ ਸੀ।
ਸ਼ਾਸਤਰੀ ਨੇ ਸੋਧੇ ਤਨਖਾਹ ਢਾਂਚੇ ‘ਤੇ ਨਾਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ, ‘ਖਿਡਾਰੀਆਂ ਨੂੰ ਜੋ ਕੁਝ ਮਿਲ ਰਿਹੈ, ਉਹ ਕੁਝ ਵੀ ਨਹੀਂ। ਦੋ ਕਰੋੜ ਰੁਪਏ ਦੀ ਰਾਸ਼ੀ ਮਾਮੂਲੀ ਹੈ। ਆਸਟਰੇਲਿਆਈ ਕ੍ਰਿਕਟਰ ਕਿੰਨੇ ਪੈਸੇ ਲੈ ਰਹੇ ਹਨ।’ ਆਈਪੀਐਲ ਵਿੱਚ ਕਿਸੇ ਫ਼ਰੈਂਚਾਇਜ਼ੀ ਨਾਲ ਕਰਾਰ ਨਾ ਕਰਨ ਵਾਲੇ ਚੇਤੇਸ਼ਵਰ ਪੁਜਾਰਾ ਦੀ ਮਿਸਾਲ ਦਿੰਦਿਆਂ ਸ਼ਾਸਤਰੀ ਨੇ ਕਿਹਾ ਕਿ ਬੀਸੀਸੀਆਈ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੌਰਾਸ਼ਟਰ ਦਾ ਇਹ ਖਿਡਾਰੀ ਟੀ-20 ਲੀਗ ਦਾ ਹਿੱਸਾ ਨਾ ਬਣਨ ਨੂੰ ਲੈ ਕੇ ਫਿਕਰਮੰਦ ਨਾ ਹੋਵੇ। ਭਾਰਤੀ ਟੀਮ ਦੇ ਸਾਬਕਾ ਨਿਰਦੇਸ਼ਕ ਸ਼ਾਸਤਰੀ ਨੇ ਕਿਹਾ, ‘ਟੈਸਟ ਖਿਡਾਰੀ ਦਾ ਗ੍ਰੇਡ ਕਰਾਰ ਸਰਵੋਤਮ ਹੋਣਾ ਚਾਹੀਦਾ ਹੈ। ਪੁਜਾਰਾ ਨੂੰ ਸਿਖਰ ‘ਤੇ ਹੋਰਨਾਂ ਸਿਖਰਲੇ ਖਿਡਾਰੀਆਂ ਦੇ ਬਰਾਬਰ ਹੋਣਾ ਚਾਹੀਦਾ। ਤੁਹਾਡਾ ਏ ਗ੍ਰੇਡ ਦਾ ਕਰਾਰ ਵੱਡਾ ਤੇ ਭਾਰਾ ਹੋਣਾ ਚਾਹੀਦਾ।’ ਇਥੇ ਦੱਸਣਾ ਬਣਦਾ ਹੈ ਕਿ ਅਜਿਹੀ ਖ਼ਬਰਾਂ ਆਈਆਂ ਸਨ ਕਿ ਭਾਰਤੀ ਖਿਡਾਰੀ ਗ੍ਰੇਡ ਰਾਸ਼ੀ ਵਿੱਚ ਹੋਏ ਵਾਧੇ ਤੋਂ ਨਾਖ਼ੁਸ਼ ਹਨ ਕਿਉਂਕਿ ਇੰਗਲੈਂਡ, ਆਸਟਰੇਲੀਆ ਤੇ ਦੱਖਣੀ ਅਫ਼ਰੀਕਾ ਦੇ ਖਿਡਾਰੀਆਂ ਨੂੰ ਉਨ੍ਹਾਂ ਦੇ ਕ੍ਰਿਕਟ ਬੋਰਡ, ਬੀਸੀਸੀਆਈ ਦੇ ਮੁਕਾਬਲੇ ਕਿਤੇ ਵੱਧ ਰਾਸ਼ੀ ਦੇ ਰਹੇ ਹਨ।
ਚੈਂਪੀਅਨਜ਼ ਟਰਾਫ਼ੀ ਖ਼ਤਮ ਕਰਨ ਦੀ ਵੀ ਵਕਾਲਤ :
ਸਾਬਕਾ ਕਪਤਾਨ ਰਵੀ ਸ਼ਾਸਤਰੀ ਨੇ ਚੈਂਪੀਅਨਜ਼ ਟਰਾਫ਼ੀ ਵਰਗੇ ਕੌਮਾਂਤਰੀ ਟੂਰਨਾਮੈਟ ਨੂੰ ਖ਼ਤਮ ਕੀਤੇ ਜਾਣ ਦੀ ਵਕਾਲਤ ਕੀਤੀ ਹੈ। ਸ਼ਾਸਤਰੀ ਨੇ ਕਿਹਾ ਕਿ ਜਦੋਂ ਆਈਸੀਸੀ ਕਈ ਟੂਰਨਾਮੈਂਟ ਕਰਵਾ ਰਹੀ ਹੈ ਤਾਂ ਲਿਹਾਜ਼ਾ ਚੈਂਪੀਅਨਜ਼ ਟਰਾਫ਼ੀ ਕਰਵਾਏ ਜਾਣ ਦੀ ਕੋਈ ਲੋੜ ਨਹੀਂ। ਭਾਰਤੀ ਟੀਮ ਦੇ ਸਾਬਕਾ ਨਿਰਦੇਸ਼ਕ ਨੇ ਕਿਹਾ, ‘ਵਿਸ਼ਵ ਕੱਪ, ਟੀ-20, ਟੈਸਟ ਕ੍ਰਿਕਟ ਤਾਂ ਠੀਕ ਹੈ, ਚੈਂਪੀਅਨਜ਼ ਟਰਾਫ਼ੀ ਦੀ ਕੀ ਲੋੜ ਹੈ। ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ। ਮੈਨੂੰ ਖ਼ੁਦ ਨੂੰ 10-12 ਵਿਸ਼ਵ ਕੱਪਾਂ ਦੇ ਜੇਤੂਆਂ ਬਾਰੇ ਤਾਂ ਪਤਾ ਹੈ, ਪਰ ਮੈਨੂੰ ਚੈਂਪੀਅਨਜ਼ ਟਰਾਫ਼ੀ ਦੇ ਪਿਛਲੇ ਤਿੰਨ ਜੇਤੂਆਂ ਦੇ ਨਾਵਾਂ ਬਾਰੇ ਕੋਈ ਜਾਣਕਾਰੀ ਨਹੀਂ।