ਚੋਣ ਕਮਿਸ਼ਨ ਨੇ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ‘ਤੇ ਤਸੱਲੀ ਪ੍ਰਗਟਾਈ

ਚੋਣ ਕਮਿਸ਼ਨ ਨੇ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ‘ਤੇ ਤਸੱਲੀ ਪ੍ਰਗਟਾਈ

ਕੈਪਸ਼ਨ-ਭਾਰਤੀ ਚੋਣ ਕਮਿਸ਼ਨ ਦੇ ਨੁਮਾਇੰਦੇ ਨਰਿੰਦਰ ਚੋਹਾਨ ਤੇ ਰਾਜੇਸ਼ ਕੁਮਾਰ ਸਟਰੌਂਗ ਰੂਮ ਦਾ ਦੌਰਾ ਕਰਦੇ ਹੋਏ।
ਪਟਿਆਲਾ/ਬਿਊਰੋ ਨਿਊਜ਼ :
ਭਾਰਤੀ ਚੋਣ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਹਲਕਾ ਨਾਭਾ ਦੀਆਂ ਵੋਟਿੰਗ ਮਸ਼ੀਨਾਂ ਨੂੰ ਸਟਰੌਂਗ ਰੂਮ ਵਿਚੋਂ ਬਾਹਰ ਲਿਜਾਣ ਨਾਲ ਸਬੰਧਤ ਸ਼ਿਕਾਇਤ ਦਾ ਜਾਇਜ਼ਾ ਲੈਣ ਆਈ ਦੋ ਮੈਂਬਰੀ ਉੱਚ ਪੱਧਰੀ ਟੀਮ ਨੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਟੀਮ ਵਿਚ ਸ਼ਾਮਲ ਹਿਮਾਚਲ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਨਰਿੰਦਰ ਚੌਹਾਨ ਅਤੇ ਐਨਸੀਟੀ ਦਿੱਲੀ ਦੇ ਵਧੀਕ ਚੋਣ ਅਧਿਕਾਰੀ ਰਾਜੇਸ਼ ਕੁਮਾਰ ਨੇ ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਕੀਤੇ ਪ੍ਰਬੰਧਾਂ ‘ਤੇ ਤਸੱਲੀ ਜ਼ਾਹਰ ਕੀਤੀ ਹੈ।
ਅੱਜ ਦੁਪਹਿਰ ਬਾਅਦ ਚੰਡੀਗੜ੍ਹ ਤੋਂ ਪਟਿਆਲਾ ਪੁੱਜੀ ਚੋਣ ਕਮਿਸ਼ਨ ਦੀ ਟੀਮ ਨੇ ਜ਼ਿਲ੍ਹਾ ਚੋਣ ਅਧਿਕਾਰੀ ਰਾਮਵੀਰ ਸਿੰਘ, ਐਸਐਸਪੀ ਡਾ. ਐਸ. ਭੂਪਤੀ, ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸੰਦੀਪ ਹੰਸ ਅਤੇ 8 ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਚੋਣ ਲੜ ਰਹੇ ਸਿਆਸੀ ਦਲਾਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਸਟਰੌਂਗ ਰੂਮ ਸਰਕਾਰੀ ਫਿਜ਼ੀਕਲ ਕਾਲਜ ਦੇ ਜਿਮਨੇਜ਼ੀਅਮ ਹਾਲ ਦੀ ਪਹਿਲੀ ਮੰਜ਼ਿਲ ‘ਤੇ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗਰਾਊਂਡ ਫਲੋਰ ਦੇ ਇੱਕ ਕਮਰੇ ਵਿੱਚ ਕੁਝ ਪੁਰਾਣੀਆਂ ਈਸੀਆਈਐਲ ਕੰਪਨੀ ਦੀਆਂ ਈਵੀਐਮ ਮਸ਼ੀਨਾਂ ਪਈਆਂ ਸਨ, ਜਦਕਿ ਚੋਣਾਂ ਦੌਰਾਨ ਬੈੱਲ ਕੰਪਨੀ ਦੀਆਂ ਮਸ਼ੀਨਾਂ ਵਰਤੀਆਂ ਗਈਆਂ ਹਨ। ਇਨ੍ਹਾਂ ਪੁਰਾਣੀਆਂ ਈਵੀਐਮ ਮਸ਼ੀਨਾਂ ਨੂੰ ਥਾਂ ਦੀ ਘਾਟ ਕਾਰਨ ਤਬਦੀਲ ਕੀਤਾ ਜਾਣਾ ਸੀ। ਨਾਭਾ ਦੇ ਆਰਓ ਸ੍ਰੀਮਤੀ ਜਸ਼ਨਪ੍ਰੀਤ ਕੌਰ ਨੇ ਸਾਰੇ ਉਮੀਦਵਾਰਾਂ ਨੂੰ ਸੂਚਨਾ ਦੇ ਕੇ ਪੁਰਾਣੀਆਂ ਮਸ਼ੀਨਾਂ ਇਥੋਂ ਤਬਦੀਲ ਕਰਨ ਦਾ ਪ੍ਰਬੰਧ ਕੀਤਾ, ਹਾਲਾਂਕਿ ਇੱਕ ਉਮੀਦਵਾਰ ਵੱਲੋਂ ਇਤਰਾਜ਼ ਕਰਨ ‘ਤੇ ਇਸ ਨੂੰ ਮੌਕੇ ਉੱਤੇ ਹੀ ਰੋਕ ਦਿੱਤਾ ਗਿਆ। ਸਿਆਸੀ ਦਲਾਂ ਦੇ ਨੁਮਾਇੰਦਿਆਂ ਨੇ ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਕੀਤੇ ਪ੍ਰਬੰਧਾਂ ਅਤੇ ਵਿਖਾਏ ਗਏ ਸਬੂਤਾਂ ਤੋਂ ਬਾਅਦ ਤਸੱਲੀ ਪ੍ਰਗਟਾਈ ਹੈ। ਮੀਟਿੰਗ ਉਪਰੰਤ ਚੋਣ ਕਮਿਸ਼ਨ ਦੇ ਨੁਮਾਇੰਦਿਆਂ ਨੇ  ਸਟਰੌਂਗ ਰੂਮ ਦਾ ਦੌਰਾ ਵੀ ਕੀਤਾ।
ਪੰਜਾਬ ਦੀ ਕੁੱਲ ਪੋਲਿੰਗ ਵਿੱਚ ਸੋਧ :
ਚੰਡੀਗੜ੍ਹ: ਸੂਬਾਈ ਚੋਣ ਦਫ਼ਤਰ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੁਝ ਬੂਥਾਂ ਉਤੇ ਮੁੜ ਵੋਟਾਂ ਪਾਏ ਜਾਣ ਤੋਂ ਬਾਅਦ ਕੁੱਲ ਪੋਲਿੰਗ ਸਬੰਧੀ ਵੇਰਵਿਆਂ ਵਿੱਚ ਸੋਧ ਕੀਤੀ ਹੈ। ਜਾਣਕਾਰੀ ਮੁਤਾਬਕ ਕੁੱਲ ਪੋਲਿੰਗ 77.36 ਫ਼ੀਸਦੀ ਕਰਾਰ ਦਿੱਤੀ ਗਈ ਹੈ, ਜੋ ਪਹਿਲਾਂ ਐਲਾਨੀ 78.6 ਫ਼ੀਸਦੀ ਤੋਂ ਮਾਮੂਲੀ ਘੱਟ ਹੈ।
ਬਰਖ਼ਾਸਤਗੀ ਦੀ ਮੰਗ ਦਾ ਫੈਸਲਾ ‘ਆਪ’ ਹਾਈਕਮਾਂਡ ਕਰੇਗੀ :
ਪਟਿਆਲਾ(ਗੁਰਨਾਮ ਸਿੰਘ ਅਕੀਦਾ): ਵੋਟਿੰਗ ਮਸ਼ੀਨਾਂ ਫਿਜ਼ੀਕਲ ਕਾਲਜ ਤੋਂ ਬਾਹਰ ਲਿਜਾਣ ਦੇ ਮੁੱਦੇ ‘ਤੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਦਿੱਤੀ ਕਲੀਨ ਚਿੱਟ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਆਗੂਆਂ ਦਾ ਕਹਿਣਾ ਹੈ ਉਨ੍ਹਾਂ ਆਪਣਾ ਪੱਖ ਚੋਣ ਕਮਿਸ਼ਨ ਦੀ ਟੀਮ ਅੱਗੇ ਰੱਖ ਦਿੱਤਾ ਹੈ ਤੇ ਸਬੰਧਤ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਦੀ ਮੰਗ ਬਾਰੇ ਫ਼ੈਸਲਾ ਹੁਣ ਪਾਰਟੀ ਹਾਈ ਕਮਾਂਡ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਟੀਮ ਨੇ  ਸਟਰੌਂਗ ਰੂਮ ਵਿੱਚੋਂ ਕੋਈ ਵੀ ਮਸ਼ੀਨ ਕਿਤੇ ਬਾਹਰ ਨਾ ਲਿਜਾਏ ਜਾਣ ਦਾ ਭਰੋਸਾ ਦਿੱਤਾ ਹੈ।