ਪੰਜਾਬ : ਸਿਆਸੀ ਭੰਬਲਭੂਸੇ ਦੌਰਾਨ ਕਾਂਗਰਸ ਤੇ ‘ਆਪ’ ਦਾ ਪਾਣੀ ਭਰਨ ਲੱਗੇ ਅਫ਼ਸਰ

ਪੰਜਾਬ : ਸਿਆਸੀ ਭੰਬਲਭੂਸੇ ਦੌਰਾਨ ਕਾਂਗਰਸ ਤੇ ‘ਆਪ’ ਦਾ ਪਾਣੀ ਭਰਨ ਲੱਗੇ ਅਫ਼ਸਰ

ਬਾਦਲ ਸਰਕਾਰ ਨੂੰ ਖ਼ੁਸ਼ ਕਰਨ ਲਈ ਪਰਚੇ ਦਰਜ ਕਰਨ ਵਾਲੇ ਅਫ਼ਸਰ ਵੀ ਦੌੜ ‘ਚ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਵੱਲੋਂ ਨਿਭਾਈ ਖਾਮੋਸ਼ ਭੂਮਿਕਾ ਕਾਰਨ ਸਿਆਸੀ ਤੌਰ ‘ਤੇ ਭਾਵੇਂ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ ਪਰ ਸੀਨੀਅਰ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਨੇ ਭਵਿੱਖ ਦੀ ਸਰਕਾਰ ਵਿੱਚ ਅਹੁਦੇ ਹਾਸਲ ਕਰਨ ਲਈ ਜੋੜ-ਤੋੜ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਪੱਤਰਕਾਰ ਦਵਿੰਦਰ ਪਾਲ ਦੀ ਰਿਪੋਰਟ ਅਨੁਸਾਰ ਬਦਲੀਆਂ ਹੋਈਆਂ ਰਾਜਸੀ ਪ੍ਰਸਥਿਤੀਆਂ ਵਿੱਚ ਅਫ਼ਸਰਾਂ ਵੱਲੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਆਗੂਆਂ ਨਾਲ ਨੇੜਤਾ ਬਣਾਈ ਜਾ ਰਹੀ ਹੈ। ‘ਆਪ’ ਆਗੂਆਂ ਤੱਕ ਪਹੁੰਚ ਲਈ ਸਾਬਕਾ ਪੱਤਰਕਾਰਾਂ ਦੀ ਮਦਦ ਲਈ ਜਾ ਰਹੀ ਹੈ, ਜਦੋਂ ਕਿ ਕਾਂਗਰਸ ਤੱਕ ਅਫ਼ਸਰਾਂ ਦੀ ਪਹੁੰਚ ਸੁਖਾਲੀ ਕਰਨ ਲਈ ਡੀਜੀਪੀ ਰੈਂਕ ਦਾ ਇਕ ਅਧਿਕਾਰੀ ਕੇਂਦਰ ਬਿੰਦੂ ਬਣਿਆ ਹੋਇਆ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਦਰਜਨ ਦੇ ਕਰੀਬ ਆਈਜੀ, ਡੀਆਈਜੀ ਅਤੇ ਐਸਪੀ ਰੈਂਕ ਦੇ ਅਧਿਕਾਰੀਆਂ ਨੇ ‘ਆਪ’ ਤੱਕ ਪਹੁੰਚ ਬਣਾ ਲਈ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਅਜਿਹੇ ਆਗੂ ਹਨ, ਜਿਨ੍ਹਾਂ ਬਾਦਲ ਸਰਕਾਰ ਨੂੰ ਖ਼ੁਸ਼ ਕਰਨ ਲਈ ਵਿਰੋਧੀਆਂ ‘ਤੇ ਪਰਚੇ ਦਰਜ ਕਰਨ ਵਿੱਚ ਕਸਰ ਨਹੀਂ ਸੀ ਛੱਡੀ। ਸਕੱਤਰੇਤ ਦੇ ਗਲਿਆਰਿਆਂ ਵਿੱਚ ਭਾਰੀ ਚਰਚਾ ਹੈ ਕਿ ਮੁੱਖ ਸਕੱਤਰ, ਮੁੱਖ ਮੰਤਰੀ ਦਾ ਪ੍ਰਮੁੱਖ ਸਕੱਤਰ ਅਤੇ ਡੀਜੀਪੀ ਰੈਂਕ ਲਈ ਅਧਿਕਾਰੀਆਂ ਵੱਲੋਂ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਕਈ ਸੀਨੀਅਰ ਅਧਿਕਾਰੀਆਂ ਵੱਲੋਂ ਆਪਣੇ ਮੌਜੂਦਾ ਅਹੁਦੇ ਕਾਇਮ ਰੱਖਣ ਲਈ ਵੀ ਹੁਣੇ ਤੋਂ ਜ਼ੋਰ ਅਜ਼ਮਾਈ ਕੀਤੀ ਜਾਣ ਲੱਗੀ ਹੈ। ਰਾਜ ਦੇ ਇਕ ਸੀਨੀਅਰ ਅਧਿਕਾਰੀ ਨੇ ਇਕ ਸੇਵਾਮੁਕਤ ਵਧੀਕ ਡੀਜੀਪੀ ਦੀਆਂ ਸੇਵਾਵਾਂ ਲੈਣ ਲਈ ਕਈ ਦਿਨ ਦਿੱਲੀ ਵਿੱਚ ਵੀ ਡੇਰੇ ਲਾਈ ਰੱਖੇ। ਇਹ ਅਧਿਕਾਰੀ ਕੇਂਦਰ ਵਿੱਚ ਕੋਈ ਅਹੁਦਾ ਹਾਸਲ ਕਰਨ ਦੀ ਝਾਕ ਵਿੱਚ ਹੈ।
ਸੂਤਰਾਂ ਦਾ ਦੱਸਣਾ ਹੈ ਕਿ ਪਿਛਲੇ ਦਿਨਾਂ ਦੌਰਾਨ ਮੁੱਖ ਮੰਤਰੀ ਦਫ਼ਤਰ ਦੇ ਇਕ ਅਧਿਕਾਰੀ ਨੇ ਵੀ ਸਾਬਕਾ ਮੁੱਖ ਮੰਤਰੀ ਤੇ ਭਵਿੱਖੀ ਮੁੱਖ ਮੰਤਰੀ ਮੰਨੇ ਜਾਂਦੇ ਆਗੂ ਨਾਲ ਮੀਟਿੰਗ ਕੀਤੀ ਤਾਂ ਜੋ ਗਿਲੇ ਸ਼ਿਕਵੇ ਦੂਰ ਕੀਤੇ ਜਾ ਸਕਣ। ਪੰਜਾਬ ਪੁਲੀਸ ਦੇ ਇਕ ਸੀਆਈਡੀ ਅਧਿਕਾਰੀ ਵੱਲੋਂ ‘ਆਪ’ ਨੂੰ ਰਿਪੋਰਟ ਦਿੱਤੀ ਜਾਣ ਲੱਗੀ ਹੈ। ਇੱਥੋਂ ਤੱਕ ਕਿ 1990 ਬੈਚ ਦੇ ਇਕ ਅਧਿਕਾਰੀ ਨੂੰ ‘ਆਪ’ ਦੀ ਸਰਕਾਰ ਬਣਨ ‘ਤੇ ਮੁੱਖ ਮੰਤਰੀ ਦਾ ਪ੍ਰਮੁੱਖ ਸਕੱਤਰ ਨਿਯੁਕਤ ਹੋਣ ਦੇ ਦਾਅਵੇ ਵੀ ਕੀਤੇ ਜਾਣ ਲੱਗੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸਮੁੱਚੀ ਅਫਸਰਸ਼ਾਹੀ ਇਕ ਤਰ੍ਹਾਂ ਨਾਲ ਵਿਹਲੀ ਹੈ। ਸਾਧਾਰਨ ਮੀਟਿੰਗਾਂ ਤੋਂ ਬਾਅਦ ਵਿਭਾਗੀ ਕੰਮਕਾਜ ਪੂਰੀ ਤਰ੍ਹਾਂ ਠੱਪ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਦੇਸ਼ ਹੋਣ ਕਾਰਨ ਅਫ਼ਸਰਾਂ ਉਪਰ ਕੰਮ ਦਾ ਭਾਰ ਹੋਰ ਘਟ ਗਿਆ ਹੈ। ਜ਼ਿਕਰਯੋਗ ਹੈ ਕਿ 2012 ਦੀਆਂ ਚੋਣਾਂ ਦੌਰਾਨ ਵੀ ਅਫ਼ਸਰਸ਼ਾਹੀ ਨੇ ਕੈਪਟਨ ਅਮਰਿੰਦਰ ਅਤੇ ਉਨ੍ਹਾਂ ਦੇ ਨੇੜਲਿਆਂ ਤੱਕ ਪਹੁੰਚ ਬਣਾ ਲਈ ਸੀ। ਉਦੋਂ ਨਤੀਜੇ ਅਕਾਲੀ ਦਲ ਤੇ ਭਾਜਪਾ ਪੱਖੀ ਨਿਕਲੇ ਤਾਂ ਅਫ਼ਸਰਾਂ ਨੂੰ ਸਦਮੇ ਵਿਚੋਂ ਨਿਕਲਣ ਲਈ ਕਈ ਮਹੀਨੇ ਲੱਗੇ ਅਤੇ ਕਈਆਂ ਦੀ ਤਾਂ ਗੱਡੀ ਲੀਹ ‘ਤੇ ਚੜ੍ਹੀ ਹੀ ਨਹੀਂ।
ਡੀਜੀਪੀ ਬਣਨ ਲਈ ਕਾਹਲਾ ਪਿਆ ਇਕ ਅਧਿਕਾਰੀ
ਪੰਜਾਬ ਪੁਲੀਸ ਦੇ ਡੀਜੀਪੀ ਰੈਂਕ ਦੇ ਇਕ ਅਧਿਕਾਰੀ ਨੇ ਤਾਂ ਮਾਮਲਾ ਸਿਰੇ ਲਾ ਦਿੱਤਾ ਹੈ। ਇਸ ਅਧਿਕਾਰੀ ਵੱਲੋਂ ਆਈਪੀਐਸ ਅਫ਼ਸਰਾਂ ਦੇ ਵਟਸਐਪ ਗਰੁੱਪ ‘ਤੇ ਕਾਂਗਰਸ ਦੀ ਸਰਕਾਰ ਬਣਨ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਅਧਿਕਾਰੀ ਵੱਲੋਂ ਪੰਜਾਬ ਦਾ ਭਵਿੱਖੀ ਡੀਜੀਪੀ ਹੋਣ ਦਾ ਦਾਅਵਾ ਤਾਂ ਕੀਤਾ ਹੀ ਜਾ ਰਿਹਾ ਹੈ, ਸਗੋਂ ਅਸਿੱਧੇ ਤੌਰ ‘ਤੇ ਇਹ ਪ੍ਰਭਾਵ ਦੇਣ ਦਾ ਵੀ ਯਤਨ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਸਰਕਾਰ ਵਿੱਚ ਅਹਿਮ ਅਹੁਦਾ ਵੀ ਦਿਵਾਇਆ ਜਾ ਸਕਦਾ ਹੈ।