ਗਾਵਸਕਰ ਕਰ ਰਹੇ ਹਨ ਹਾਕੀ ਖਿਡਾਰੀ ਬੇਂਗਰਾ ਦੀ ਵਿੱਤੀ ਮਦਦ

ਗਾਵਸਕਰ ਕਰ ਰਹੇ ਹਨ ਹਾਕੀ ਖਿਡਾਰੀ ਬੇਂਗਰਾ ਦੀ ਵਿੱਤੀ ਮਦਦ

ਰਾਂਚੀ/ਬਿਊਰੋ ਨਿਊਜ਼ :
ਪਿਛਲੇ ਕਈ ਸਾਲਾਂ ਤੋਂ ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਝਾਰਖੰਡ ਦੇ ਗੋਪਾਲ ਬੇਂਗਰਾ ਦੀ ਵਿੱਤੀ ਮਦਦ ਕਰ ਰਹੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੁਨੀਲ ਗਾਵਸਕਰ ਨੇ ਐਤਵਾਰ ਨੂੰ ਇੱਥੇ ਜੇਐਸਸੀਏ ਸਟੇਡੀਅਮ ਵਿਚ ਉਸ ਨਾਲ ਮੁਲਾਕਾਤ ਕਰਕੇ ਮਿਲਣ ਦੀ ਸਾਲਾਂ ਪੁਰਾਣੀ ਖਵਾਹਿਸ਼ ਪੂਰੀ ਕਰ ਦਿੱਤੀ। ਸਾਲ 1978 ਵਿਚ ਬਿਊਨਸ ਆਇਰਸ ਵਿਚ ਖੇਡੇ ਗਏ ਤੀਜੇ ਹਾਕੀ ਵਿਸ਼ਵ ਕੱਪ ਵਿਚ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੇ ਬੇਂਗਰਾ ਨੇ ਗਾਵਸਕਰ ਨੂੰ ਮਿਲ ਕੇ ਉਸ ਨੂੰ ਮਦਦ ਲਈ ਧੰਨਵਾਦ ਕੀਤਾ। ਗਾਵਸਕਰ ਨੇ ਬੇਂਗਰਾ ਨੂੰ ਮਿਲ ਕੇ ਖੁਸ਼ੀ ਜ਼ਾਹਰ ਕੀਤੀ। ਗਾਵਸਕਰ ਵੱਲੋਂ ਬੇਂਗਰਾ ਨੂੰ ਕਈ ਸਾਲਾਂ ਤੋਂ ਸਾਢੇ ਸੱਤ ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿੱਤੀ ਜਾ ਰਹੀ ਹੈ। ਝਾਰਖੰਡ ਦੇ ਖੂੰਟੀ ਜ਼ਿਲ੍ਹਾ ਦੇ ਤੋਰਪਾ ਪ੍ਰਖੰਡ ਦੇ ਉਚੁਰ ਪਿੰਡ ਦਾ ਰਹਿਣ ਵਾਲਾ ਬੇਂਗਰਾ ਸਾਲ 1975 ਤੋਂ 1985 ਤੱਕ ਦੇਸ਼ ਲਈ ਹਾਕੀ ਖੇਡਦਾ ਰਿਹਾ। ਪੱਛਮੀ ਬੰਗਾਲ ਦੀ ਸਟੇਟ ਹਾਕੀ ਟੀਮ ਦੇ ਕਪਤਾਨ ਬੇਂਗਰਾ ਨੇ ਸਾਲ 1986 ਵਿਚ ਸਰੀਰਕ ਕਾਰਨਾਂ ਕਰਕੇ ਹਾਕੀ ਖੇਡਣੀ ਛੱਡ ਦਿੱਤੀ ਤੇ ਪਿੰਡ ਮੁੜ ਆਇਆ। ਫੌਜ ਵਿੱਚ ਨੌਕਰੀ ਕਰਨ ਦੇ ਬਾਵਜੂਦ ਬੇਂਗਰਾ ਨੂੰ ਪੈਨਸ਼ਨ ਨਹੀਂ ਮਿਲੀ। ਸਾਲ 2000 ਵਿੱਚ ਇੱਕ ਖ਼ਬਰ ਛਪੀ ਕਿ ਬੇਂਗਰਾ ਆਪਣੇ ਗੁਜ਼ਾਰੇ ਲਈ ਪੱਥਰ ਤੋੜਨ ਦਾ ਕੰਮ ਕਰ ਰਿਹਾ ਹੈ ਤਾਂ ਗਾਵਸਰ ਨੇ ਉਸ ਦੀ ਮਦਦ ਕਰਨ ਦੀ ਸੋਚੀ। ਗਾਵਸਕਰ ਦੀ ਕੰਪਨੀ ਪ੍ਰੋਫੈਸ਼ਨਲ ਮੈਨੇਜਮੈਂਟ ਗਰੁੱਪ ਬੇਂਗਰਾ ਸਮੇਤ ਕਈ ਹੋਰ ਹੋਰ ਲੋੜਵੰਦ ਖਿਡਾਰੀਆਂ ਦੀ ਮਦਦ ਕਰ ਰਹੀ ਹੈ। ਬੇਂਗਰਾ ਨੂੰ ਜਦ ਪਤਾ ਚੱਲਿਆ ਕਿ ਗਾਵਸਕਰ ਭਾਰਤ-ਆਸਟਰੇਲੀਆ ਵਿਚਾਲੇ ਮੈਚ ਵਿਚ ਕੁਮੈਂਟਰੀ ਲਈ ਰਾਂਚੀ ਆਏ ਹੋਏ ਹਨ ਤਾਂ ਉਹ ਗਾਵਸਕਰ ਨੂੰ ਮਿਲਣ ਤੇ ਉਨ੍ਹਾਂ ਦਾ ਧੰਨਵਾਦ ਕਰਨ ਇੱਥੇ ਪਹੁੰਚਿਆ।