ਕੇਜਰੀਵਾਲ ਨੇ ਪੰਜਾਬ ਦੀ ਸੱਤਾ ਹੱਥ ਆਉਣ ਦੀ ਸੂਰਤ ‘ਚ ਮੁੱਖ ਮੰਤਰੀਆਂ ਦੇ ਨਾਵਾਂ ‘ਤੇ ਕੀਤੀ ਚਰਚਾ

ਕੇਜਰੀਵਾਲ ਨੇ ਪੰਜਾਬ ਦੀ ਸੱਤਾ ਹੱਥ ਆਉਣ ਦੀ ਸੂਰਤ ‘ਚ ਮੁੱਖ ਮੰਤਰੀਆਂ ਦੇ ਨਾਵਾਂ ‘ਤੇ ਕੀਤੀ ਚਰਚਾ

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਿਛਲੇ 12 ਦਿਨਾਂ ਦੌਰਾਨ ਬੰਗਲੌਰ ਵਿੱਚ ਕੀਤੀ ਨੇਚਰ ਥੈਰੇਪੀ ਦੌਰਾਨ ਪੰਜਾਬ ਵਿੱਚ ‘ਆਪ’ ਦੀ ਸਰਕਾਰ ਆਉਣ ਦੀ ਸੂਰਤ ਵਿਚ ਸੰਭਾਵੀ ਮੁੱਖ ਮੰਤਰੀ ਦੇ ਉਮੀਦਵਾਰਾਂ ਦੇ ਨਾਵਾਂ ਬਾਰੇ ਚਰਚਾ ਕੀਤੀ।
ਉਨ੍ਹਾਂ ਨਾਲ ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਅਤੇ ਜਥੇਬੰਦਕ ਢਾਂਚੇ ਦੇ ਮੁਖੀ ਦੁਰਗੇਸ਼ ਪਾਠਕ ਵੀ ਸਨ ਤੇ ਬਾਅਦ ਵਿਚ ਸੰਸਦ ਮੈਂਬਰ ਤੇ ਪੰਜਾਬ ਪ੍ਰਚਾਰ ਕਮੇਟੀ ਦੇ ਮੁਖੀ ਭਗਵੰਤ ਮਾਨ ਨੂੰ ਵੀ ਉਥੇ ਸੱਦ ਲਿਆ ਸੀ। ਇਨ੍ਹਾਂ ਆਗੂਆਂ ਨੇ ਨੇਚਰ ਥੈਰੇਪੀ ਦੌਰਾਨ ‘ਪੰਜਾਬ-ਥੈਰੇਪੀ’ ਵੀ ਕੀਤੀ। ਆਗੂਆਂ ਨੇ ਪੰਜਾਬ ਵਿਚੋਂ ਪਾਰਟੀ ਪੱਧਰ ਤੇ ਹੋਰ ਸਰੋਤਾਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਸਿੱਟਾ ਕੱਢਿਆ ਕਿ  ‘ਆਪ’ ਦੀ ਸਰਕਾਰ ਬਣਨ ਦੀਆਂ ਪੂਰੀਆਂ ਸੰਭਾਵਨਾਵਾਂ ਹਨ। ਪਾਰਟੀ ਸੂਤਰਾਂ ਅਨੁਸਾਰ ਲੀਡਰਸ਼ਿਪ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰਾਂ ਵਿਚੋਂ ਮੁੱਖ ਤੌਰ ‘ਤੇ ਭਗਵੰਤ ਮਾਨ, ‘ਆਪ’ ਦੇ ਸੀਨੀਅਰ ਆਗੂ ਤੇ ਹਲਕਾ ਦਾਖਾ ਤੋਂ ਉਮੀਦਵਾਰ ਐਡਵੋਕੇਟ ਐੱਚਐੱਸ ਫੂਲਕਾ ਤੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੂੰ ਵਿਚਾਰਿਆ ਜਾ ਰਿਹਾ ਹੈ। ਸ੍ਰੀ ਕੇਜਰੀਵਾਲ ਵੱਲੋਂ ਭਗਵੰਤ ਮਾਨ ਨੂੰ ਵਿਸ਼ੇਸ਼ ਤੌਰ ‘ਤੇ ਬੰਗਲੌਰ ਬੁਲਾਉਣ ਦੀ ਭਾਰੀ ਚਰਚਾ ਹੈ ਕਿ ਉਸ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਪ੍ਰਮੁੱਖਤਾ ਨਾਲ ਵਿਚਾਰਿਆ ਜਾ ਰਿਹਾ ਹੈ ਕਿਉਂਕਿ ਸਾਰੀ ਚੋਣ ਦੌਰਾਨ ਪ੍ਰਚਾਰ ਦੀ ਮੁੱਖ ਜ਼ਿੰਮੇਵਾਰੀ ਸ੍ਰੀ ਮਾਨ ਦੇ ਮੋਢਿਆਂ ‘ਤੇ ਹੀ ਸੀ। ਵਿਧਾਨ ਸਭਾ ਹਲਕਾ ਜਲਾਲਾਬਾਦ ਦਾ ਨਤੀਜਾ ਵੀ ਸ੍ਰੀ ਮਾਨ ਦੀ ਮੁੱਖ ਮੰਤਰੀ ਦੀ ਦਾਅਵੇਦਾਰੀ ਉੱਪਰ ਗਹਿਰਾ ਅਸਰ ਪਾਵੇਗਾ। ਦੂਸਰੇ ਪਾਸੇ ਸ੍ਰੀ ਫੂਲਕਾ ਵੀ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਵਿਚਾਰੇ ਜਾ ਰਹੇ ਹਨ। ਦਰਅਸਲ ਸ੍ਰੀ ਫੂਲਕਾ ਜਿੱਥੇ 1984 ਦੇ ਸਿੱਖ ਕਤਲੇਆਮ ਕਾਂਡ ਦੇ ਸਬੰਧ ਵਿੱਚ ਕਈ ਸਾਲਾਂ ਤੋਂ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਯਤਨਸ਼ੀਲ ਹਨ ਉਥੇ ‘ਆਪ’ ਵਿੱਚ ਇਕ ਸਾਫ ਅਕਸ ਵਾਲੇ ਸਿੱਖ ਚਿਹਰੇ ਵੀ ਮੰਨੇ ਜਾਂਦੇ ਹਨ। ਇਸੇ ਤਰ੍ਹਾਂ ਸੁੱਚਾ ਸਿੰਘ ਛੋਟੇਪੁਰ ਨੂੰ ਹਟਾਉਣ ਤੋਂ ਬਾਅਦ ਪੰਜਾਬ ਦੇ ਕਨਵੀਨਰ ਬਣਾਏ ਗੁਰਪ੍ਰੀਤ ਵੜੈਚ ਵੀ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਵਿਚਾਰੇ ਜਾ ਰਹੇ ਹਨ। ਸ੍ਰੀ ਵੜੈਚ ਨੇ ਸ੍ਰੀ ਛੋਟੇਪੁਰ ਦੇ ਪਾਰਟੀ ਛੱਡਣ ਤੋਂ ਬਾਅਦ ਪੈਦਾ ਹੋਏ ਕਈ ਤਰ੍ਹਾਂ ਦੇ ਸੰਕਟਾਂ ਨੂੰ ਬੜੇ ਸਹਿਜ ਨਾਲ ਨਜਿੱਠਿਆ ਹੈ। ਇਸੇ ਤਰ੍ਹਾਂ ਦਿੱਲੀ ਤੋਂ ਵਿਧਾਇਕ ਦਾ ਅਹੁਦਾ ਛੱਡ ਕੇ ਲੰਬੀ ਹਲਕੇ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਚੋਣ ਲੜਨ ਵਾਲੇ ਜਰਨੈਲ ਸਿੰਘ ਵੀ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਚਰਚਿਤ ਹਨ।