ਨਾਰਾਜ਼ਗੀ ਕਾਰਨ ਖੇਡ ਤੋਂ ਵਿਦਾਈ ਲੈਣ ਵਾਲੀ ਰਿਤੂ ਰਾਣੀ ਨੇ ਭਾਰਤੀ ਹਾਕੀ ਟੀਮ ਵਿੱਚ ਕੀਤੀ ਵਾਪਸੀ

ਨਾਰਾਜ਼ਗੀ ਕਾਰਨ ਖੇਡ ਤੋਂ ਵਿਦਾਈ ਲੈਣ ਵਾਲੀ ਰਿਤੂ ਰਾਣੀ ਨੇ ਭਾਰਤੀ ਹਾਕੀ ਟੀਮ ਵਿੱਚ ਕੀਤੀ ਵਾਪਸੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਪਿਛਲੇ ਸਾਲ ਸਤੰਬਰ ਵਿੱਚ ਟੀਮ ਪ੍ਰਬੰਧਕਾਂ ਤੋਂ ਨਾਰਾਜ਼ ਹੋ ਕੇ ਖੇਡ ਤੋਂ ਵਿਦਾਈ ਦਾ ਐਲਾਨ ਕਰਨ ਵਾਲੀ ਸਾਬਕਾ ਕਪਤਾਨ ਰਿਤੂ ਰਾਣੀ ਨੂੰ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਇੱਕ ਅਪ੍ਰੈਲ ਤੋਂ ਸ਼ੁਰੂ ਹੋ ਰਹੀ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਲੀਗ ਗੇੜ 2 ਲਈ 18 ਮੈਂਬਰੀ ਭਾਰਤੀ ਸੀਨੀਅਰ ਮਹਿਲਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਰਿਤੂ ਰਾਣੀ ਵਿਆਹ ਕਾਰਨ ਟੀਮ ਦੇ ਕੈਂਪ ਵਿੱਚ ਨਹੀਂ ਜਾ ਸਕੀ ਸੀ। ਇਸ ਤੋਂ ਬਾਅਦ ਟੀਮ ਪ੍ਰਬੰਧਕਾਂ ਨੇ ਉਸ ਦੀ ਸ਼ਿਕਾਇਤ ਕੀਤੀ ਸੀ ਤਾਂ ਉਸ ਨੇ ਖੇਡ ਤੋਂ ਵਿਦਾਈ ਦਾ ਐਲਾਨ ਕਰ ਦਿੱਤਾ ਸੀ ਪਰ ਹੁਣ ਉਸ ਨੇ ਆਪਣੇ ਐਲਾਨ ਨੂੰ ਵਾਪਸ ਲੈ ਲਿਆ ਅਤੇ ਇਸ ਤਰ੍ਹਾਂ ਉਹ ਟੀਮ ਵਿੱਚ ਵਾਪਸੀ ਕਰਨ ਵਿੱਚ ਸਫਲ ਰਹੀ ਹੈ। ਮਿਡ ਫੀਲਡ ਵਿੱਚ ਖੇਡਦੀ ਰਿੱਤੂ ਰਾਣੀ ਨੇ ਕਿਹਾ ਕਿ ਉਹ ਆਪਣੀ ਵਾਪਸੀ ਤੋਂ ਬੇਹੱਦ ਖੁਸ਼ ਹੈ। ਉਸ ਨੇ ਹਾਕੀ ਇੰਡੀਆ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ। ਉਸ ਨੇ ਕਿਹਾ, ‘ਭਾਰਤ ਦੀ ਮਹਿਲਾ ਹਾਕੀ ਵਿਸ਼ਵ ਵਿੱਚ ਅਹਿਮ ਮੋੜ ਉੱਤੇ ਪੁੱਜ ਚੁੱਕੀ ਹੈ ਅਤੇ ਜੇ ਅਸੀਂ ਸਖਤ ਮਿਹਨਤ ਕਰਦੀਆਂ ਹਾਂ ਤਾਂ ਵਿਸ਼ਵ ਪੱਧਰ ਉੱਤੇ ਆਪਣੀ ਛਾਪ ਛੱਡਣ ਵਿੱਚ ਕਾਮਯਾਬ ਹੋ ਸਕਦੀਆਂ ਹਾਂ। ਭਾਰਤੀ ਟੀਮ ਵਿੱਚ ਦੀਪਿਕਾ, ਰਾਣੀ, ਵੰਦਨਾ ਕਟਾਰੀਆ, ਪੂਨਮ ਰਾਣੀ, ਨਵਜੋਤ ਕੌਰ, ਦੀਪ ਗ੍ਰੇਸ ਏਕਾ, ਰੇਣੁਕਾ ਯਾਦਵ, ਮੋਲਿਕਾ, ਸੁਨੀਤਾ ਲਾਕੜਾ, ਨਮਿਤਾ ਟਾਪੂ ਅਤੇ ਗੋਲ ਕੀਪਰ ਸਵਿਤਾ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤੀ ਟੀਮ ਬੇਲਾਰੂਸ, ਕੈਨੇਡਾ, ਮੈਕਸਿਕੋ, ਟ੍ਰਿਨੀਦਾਦ ਐਂਡ ਟੋਬੈਗੋ, ਉਰੂਗੁਏ ਅਤੇ ਚਿਲੀ ਦੇ ਨਾਲ ਦੂਜੇ ਗੇੜ ਵਿੱਚ ਭਾਗ ਲਏਗੀ। ਭਾਰਤ ਨੇ ਇਸ ਦੀਆਂ ਤਿਆਰੀਆਂ ਦੇ ਸਿਲਸਿਲੇ ਵਿੱਚ ਬੇਲਾਰੂਸ ਦੇ ਖਿਲਾਫ਼ ਪੰਜ ਮੈਚਾਂ ਦੀ ਲੜੀ ਖੇਡੀ ਸੀ ਅਤੇ ਸਾਰੇ ਮੈਚ ਆਸਾਨੀ ਨਾਲ ਜਿੱਤੇ ਸਨ। ਭਾਰਤ ਦੀ ਨਵਨਿਯੁਕਤ ਕੋਚ ਸ਼ੋਰਡ ਮਾਰਿਨ ਨੇ ਵਿਸ਼ਵ ਲੀਗ ਸੰਦਰਭ ਵਿੱਚ ਇਸ ਟੈਸਟ ਲੜੀ ਨੂੰ ਅਹਿਮ ਦੱਸਿਆ ਹੈ।

ਟੀਮ ਇਸ ਪ੍ਰਕਾਰ ਹੈ:
ਡਿਫੈਂਡਰਜ਼: ਦੀਪ ਗ੍ਰੇਸ ਏਕਾ, ਸੁਨੀਲ ਲਾਕੜਾ, ਗੁਰਜੀਤ ਕੌਰ, ਰੇਣੁਕਾ ਯਾਦਵ, ਲਾਲ ਹਾਲੁਮਾਵੀ, ਮਿਡਫੀਲਡਰਜ਼:  ਦੀਪਿਕਾ, ਨਵਜੋਤ ਕੌਰ, ਰਿਤੂ ਰਾਣੀ, ਮੋਨਿਕਾ, ਲਿਲੀ ਚਾਨੂੰ ਮੇਂਗਵਾਮ ਅਤੇ ਨਮਿਤਾ ਟੋਪੇ। ਫਾਰਵਰਡ: ਰਾਣੀ ਵੰਦਨਾ ਕਟਾਰੀਆ, ਪੂਨਮ ਰਾਣੀ, ਸੋਨਿਕਾ, ਅਤੇ ਅਨੁਪਾ ਬਾਰਲਾ।