ਅਸੀਂ ਪੈਲੇਟ ਗੰਨ ਬੰਦ ਕਰਾ ਦਿਆਂਗੇ, ਬਸ਼ਰਤੇ ਪਥਰਬਾਜ਼ੀ ਵੀ ਬੰਦ ਹੋਵੇ : ਸੁਪਰੀਮ ਕੋਰਟ

ਅਸੀਂ ਪੈਲੇਟ ਗੰਨ ਬੰਦ ਕਰਾ ਦਿਆਂਗੇ, ਬਸ਼ਰਤੇ ਪਥਰਬਾਜ਼ੀ ਵੀ ਬੰਦ ਹੋਵੇ : ਸੁਪਰੀਮ ਕੋਰਟ

ਜੰਮੂ ਕਸ਼ਮੀਰ ਬਾਰ ਐਸੋਸੀਏਸ਼ਨ ਦੀ ਅਪੀਲ ‘ਤੇ ਅਦਾਲਤ ਦਾ ਫਰਮਾਨ 
ਕੇਂਦਰ ਨੇ ਕਿਹਾ-ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰਨ ਵਾਲਿਆਂ ਨਾਲ ਕੋਈ ਗੱਲਬਾਤ ਨਹੀਂ ਕਰਾਂਗੇ

ਕੈਪਸ਼ਨ-ਕੁੱਪਵਾੜਾ ਵਿੱਚ ਪ੍ਰਦਰਸ਼ਨਕਾਰੀਆਂ ਪਿੱਛੇ ਭੱਜਦੇ ਹੋਏ ਸੁਰੱਖਿਆ ਕਰਮੀ।
ਨਵੀਂ ਦਿੱਲੀ/ਬਿਊਰੋ ਨਿਊਜ਼ :
ਕਸ਼ਮੀਰ ‘ਚ ਪੈਲੇਟ ਗਨ ਦੀ ਵਰਤੋਂ ‘ਤੇ ਰੋਕ ਲਾਉਣ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ। ਅਦਾਲਤ ਨੇ ਜੰਮੂ-ਕਸ਼ਮੀਰ ਹਾਈ ਕੋਰਟ ਦੇ ਬਾਰ ਐਸੋਸੀਏਸ਼ਨ ਨੂੰ ਕਿਹਾ ਕਿ ਇਹ ਪੁਲੀਸ ਤੇ ਸੀ.ਆਰ.ਪੀ.ਐਫ. ਨੂੰ ਦੋ ਹਫ਼ਤੇ ਤਕ ਪੈਲੇਟ ਗਨ ਦੀ ਵਰਤੋਂ ‘ਤੇ ਰੋਕ ਲਾਉਣ ਦਾ ਆਦੇਸ਼ ਦੇ ਸਕਦੀ ਹੈ। ਅਦਾਲਤ ਪੱਥਰਬਾਜ਼ਾਂ ਉਤੇ ਪੈਲੇਟ ਗੰਨਾਂ ਦੇ ਇਸਤੇਮਾਲ ਉਤੇ ਪਾਬੰਦੀ ਤੇ ਇਸ ਸਬੰਧੀ ਜੰਮੂ-ਕਸ਼ਮੀਰ ਹਾਈ ਕੋਰਟ ਦੇ ਹੁਕਮਾਂ ਉਤੇ ਰੋਕ ਦੀ ਮੰਗ ਕਰਦੀ ਬਾਰ ਐਸੋਸੀਏਸ਼ਨ ਦੀ ਅਪੀਲ ਉਤੇ ਸੁਣਵਾਈ ਕਰ ਰਹੀ ਹੈ। ਬਾਰ ਇਸ ਗੱਲ ਉਤੇ ਜ਼ੋਰ ਦੇ ਰਹੀ ਹੈ ਕਿ ਗੱਲਬਾਤ ਵਿੱਚ ਵੱਖਵਾਦੀ ਹੁਰੀਅਤ ਆਗੂਆਂ ਨੂੰ ਵੀ ਸ਼ਾਮਲ ਕੀਤਾ ਜਾਵੇ, ਜਿਹੜੇ ਘਰਾਂ ਵਿੱਚ ਨਜ਼ਰਬੰਦ ਹਨ। ਅਦਾਲਤ ਨੇ ਬਾਰ ਨੂੰ ਸਾਫ਼ ਕੀਤਾ ਕਿ ਇਸ ਸਬੰਧੀ ਅਗਲਾ ਕੋਈ ਵੀ ਕਦਮ ਉਦੋਂ ਹੀ ਚੁੱਕਿਆ ਜਾਵੇਗਾ ਜੇ ਇਸ ਵੱਲੋਂ ਕੋਈ ਅਮਲੀ ਸੁਝਾਅ ਪੇਸ਼ ਕੀਤਾ ਜਾਵੇਗਾ। ਅਦਾਲਤ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਉਹ ਮਾਮਲੇ ਵਿੱਚ ਉਦੋਂ ਹੀ ਕੋਈ ਦਖ਼ਲ ਦੇਵੇਗੀ ਜੇ ਇਸ ਦੀ ਕੋਈ ਭੂਮਿਕਾ ਬਣਦੀ ਹੋਵੇਗੀ ਤੇ ਇਸ ਦਾ ਦਾਇਰਾ-ਅਖ਼ਤਿਆਰ ਵੀ ਹੋਵੇਗਾ।
ਉਧਰ ਕੇਂਦਰ ਸਰਕਾਰ ਨੇ ਸਾਫ਼ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਹਾਲਾਤ ਠੀਕ ਕਰਨ ਲਈ ਵੱਖਵਾਦੀਆਂ ਜਾਂ ‘ਆਜ਼ਾਦੀ’ ਮੰਗਣ ਵਾਲੇ ਅਨਸਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ। ਅਟਾਰਨੀ ਜਨਰਲ (ਏਜੀ) ਮੁਕੁਲ ਰੋਹਤਗੀ ਨੇ ਸੁਪਰੀਮ ਕੋਰਟ ਅੱਗੇ ਆਖਿਆ ਕਿ ਗੱਲਬਾਤ ਸਿਰਫ਼ ਸੂਬੇ ਦੀਆਂ ਕਾਨੂੰਨੀ ਮਾਨਤਾ ਪ੍ਰਾਪਤ ਧਿਰਾਂ ਨਾਲ ਹੀ ਕੀਤੀ ਜਾ ਸਕਦੀ ਹੈ।
ਸੁਪਰੀਮ ਕੋਰਟ ਨੇ ਵੀ ਏਜੀ ਦੇ ਵਿਚਾਰਾਂ ਨਾਲ ਸਹਿਮਤੀ ਜਤਾਈ ਤੇ ਕਿਹਾ ਕਿ ਉਹ ਸਾਰੀਆਂ ਧਿਰਾਂ ‘ਜਿਨ੍ਹਾਂ ਉਤੇ ਕਾਨੂੰਨੀ ਬੰਦਸ਼ ਨਹੀਂ ਹੈ, ਇਕੱਤਰ ਹੋ ਕੇ ਵਿਚਾਰ-ਵਟਾਂਦਰੇ ਰਾਹੀਂ (ਹਾਲਾਤ ਸੁਧਾਰਨ ਲਈ) ਸੁਝਾਅ ਦੇ ਸਕਦੀਆਂ ਹਨ, ਕਿਉਂਕਿ ਵਾਦੀ ਵਿੱਚ ਹਾਲਾਤ ਬਹੁਤੇ ਚੰਗੇ ਨਹੀਂ’ ਹਨ। ਚੀਫ਼ ਜਸਟਿਸ ਜੇ.ਐਸ. ਖੇਹਰ, ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਐਸ.ਕੇ. ਕੌਲ ਉਤੇ ਆਧਾਰਤ ਬੈਂਚ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਏਜੀ ਨੇ ਕਿਹਾ, ”ਸਰਕਾਰ ਉਦੋਂ ਹੀ ਗੱਲਬਾਤ ਦੀ ਮੇਜ਼ ਉਤੇ ਆਵੇਗੀ ਜੇ ਸਾਰੀਆਂ ਕਾਨੂੰਨੀ ਮਾਨਤਾ ਪ੍ਰਾਪਤ ਧਿਰਾਂ ਗੱਲਬਾਤ ਵਿੱਚ ਸ਼ਾਮਲ ਹੋਣਗੀਆਂ ਅਤੇ ਵੱਖਵਾਦੀ ਅਨਸਰ ਸ਼ਾਮਲ ਨਹੀਂ ਹੋਣਗੇ, ਜਿਹੜੇ ਹਕੂਮਤ ਪ੍ਰਾਪਤੀ ਜਾਂ ਆਜ਼ਾਦੀ ਦੀ ਮੰਗ ਕਰਦੇ ਹਨ।”
ਸ੍ਰੀ ਰੋਹਤਗੀ ਨੇ ਜੰਮੂ-ਕਸ਼ਮੀਰ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਇਸ ਦਾਅਵੇ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਕਿ ਕੇਂਦਰ ਸਰਕਾਰ ਸੰਕਟ ਦੇ ਹੱਲ ਲਈ ਗੱਲਬਾਤ ਤੇ ਵਿਚਾਰ-ਵਟਾਂਦਰੇ ਵਾਸਤੇ ਅੱਗੇ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਤੇ ਸੂਬੇ ਦੀ ਮੁੱਖ ਮੰਤਰੀ ਨੇ ਹਾਲਾਤ ਉਤੇ ਵਿਚਾਰ ਕਰਨ ਲਈ ਮੀਟਿੰਗ ਕੀਤੀ ਹੈ। ਬੈਂਚ ਨੇ ਬਾਰ ਐਸੋਸੀਏਸ਼ਨ ਨੂੰ ਆਖਿਆ ਕਿ ਉਹ ਸੰਕਟ ਦੇ ਹੱਲ ਵਾਸਤੇ ਸੂਬੇ ਦੀਆਂ ਸਾਰੀਆਂ ਧਿਰਾਂ ਨਾਲ ਗੱਲਬਾਤ ਕਰ ਕੇ ਸੁਝਾਅ ਪੇਸ਼ ਕਰੇ ਤਾਂ ਕਿ ਵਾਦੀ ਦੀਆਂ ਗਲੀਆਂ ਵਿੱਚ ਹਿੰਸਕ ਰੋਸ ਮੁਜ਼ਾਹਰਿਆਂ ਤੇ ਪੱਥਰਬਾਜ਼ੀ ਨੂੰ ਠੱਲ੍ਹ ਪਾਈ ਜਾ ਸਕੇ। ਅਦਾਲਤ ਨੇ ਬਾਰ ਨੂੰ ਸਾਫ਼ ਕੀਤਾ ਕਿ ਉਹ ਇਹ ਆਖ ਕੇ  ਨਹੀਂ ਬਚ ਸਕਦੀ ਕਿ ਉਹ ਸੂਬੇ ਵਿੱਚ ਸਭਨਾਂ ਦੀ ਨੁਮਾਇੰਦਗੀ ਨਹੀਂ ਕਰਦੀ। ਮਾਮਲੇ ਦੀ ਅਗਲੀ ਸੁਣਵਾਈ 9 ਮਈ ਨੂੰ ਹੋਵੇਗੀ।
ਦਹਿਸ਼ਤਗਰਦਾਂ ਵਲੋਂ ਬੈਂਕ ਲੁੱਟਣ ਦੀ ਕੋਸ਼ਿਸ਼ :
ਸ੍ਰੀਨਗਰ : ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਦਹਿਸ਼ਤਗਰਦਾਂ ਵੱਲੋਂ ਬੈਂਕ ਲੁੱਟਣ ਦੀ ਕੋਸ਼ਿਸ਼ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਬਣਾ ਦਿੱਤਾ ਅਤੇ ਇਕ ਦਹਿਸ਼ਤਗਰਦ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਮੁਤਾਬਕ ਦੋ ਹਥਿਆਰਬੰਦ ਵਿਅਕਤੀ ਅਨੰਤਨਾਗ ਦੇ ਮਹਿੰਦੀ ਕਦਲ ਵਿਚ ਜੰਮੂ-ਕਸ਼ਮੀਰ ਬੈਂਕ ਦੀ ਸ਼ਾਖਾ ਅੰਦਰ ਦਾਖ਼ਲ ਹੋਏ। ਉਥੇ ਤਾਇਨਾਤ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ।
ਸੀਆਰਪੀਐਫ ਦੇ ਹੈੱਡ ਕਾਂਸਟੇਬਲ ਦੇ ਹੱਥ ‘ਤੇ ਗੋਲੀ ਵੱਜੀ ਅਤੇ ਹਥਿਆਰ ਲੈ ਕੇ ਆਉਣ ਵਾਲਾ ਦਹਿਸ਼ਤਗਰਦ ਮੌਕੇ ਤੋਂ ਫ਼ਰਾਰ ਹੋ ਗਿਆ। ਉਸ ਦੇ ਸਾਥੀ ਮੁਨੀਬ ਅਹਿਮਦ ਮੱਲਾ ਨੂੰ ਸੀਆਰਪੀਐਫ ਜਵਾਨਾਂ ਅਤੇ ਪੁਲੀਸ ਨੇ ਫੜ ਲਿਆ ਅਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਇਸ ਦੌਰਾਨ ਪੁਲਵਾਮਾ ਡਿਗਰੀ ਕਾਲਜ ਦੇ ਪ੍ਰਿੰਸੀਪਲ ਅਬਦੁਲ ਹਮੀਦ ਸ਼ੇਖ਼ ਨੂੰ ਜਾਂਚ ਤੋਂ ਬਾਅਦ ਕਿਸੇ ਗੜਬੜ ਦੋ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ, ਜਿਸ ਨੇ ਪਿਛਲੇ ਦਿਨੀਂ ਪਥਰਾਅ ਕਰ ਰਹੇ ਵਿਦਿਆਰਥੀਆਂ ਖ਼ਿਲਾਫ਼ ਕਾਰਵਾਈ ਲਈ ਕਾਲਜ ਵਿੱਚ ਦਾਖ਼ਲ ਹੋ ਰਹੇ ਸੁਰੱਖਿਆ ਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਡਿਵੀਜ਼ਨਲ ਕਮਿਸ਼ਨਰ ਬਸ਼ੀਰ ਖ਼ਾਨ ਵੱਲੋਂ ਇਕ ਹਫ਼ਤੇ ਦੌਰਾਨ ਕੀਤੀ ਜਾਂਚ ਦੀ ਰਿਪੋਰਟ ਸਿੱਖਿਆ ਮੰਤਰੀ ਅਲਤਾਫ਼ ਬੁਖ਼ਾਰੀ ਨੂੰ ਸੌਂਪ ਦਿੱਤੀ ਗਈ, ਜਿਨ੍ਹਾਂ ਜਾਂਚ ਦੇ ਹੁਕਮ ਦਿੱਤੇ ਸਨ।