ਆਈਸੀਸੀ ਟੈਸਟ ਰੈਂਕਿੰਗਜ਼ ਵਿੱਚ ਅਸ਼ਵਿਨ ਅਤੇ ਜਡੇਜਾ ਸਿਖਰ ‘ਤੇ

ਆਈਸੀਸੀ ਟੈਸਟ ਰੈਂਕਿੰਗਜ਼ ਵਿੱਚ ਅਸ਼ਵਿਨ ਅਤੇ ਜਡੇਜਾ ਸਿਖਰ ‘ਤੇ

ਦੁਬਈ/ਬਿਊਰੋ ਨਿਊਜ਼ :
ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀ ਭਾਰਤੀ ਜੋੜੀ ਆਈਸੀਸੀ ਦੀ ਟੈਸਟ ਗੇਂਦਬਾਜ਼ੀ ਰੈਂਕਿੰਗ ਵਿੱਚ ਸਾਂਝੇ ਤੌਰ ‘ਤੇ ਸਿਖਰ ‘ਤੇ ਪੁੱਜਣ ਵਾਲੀ ਸਪਿੰਨਰਾਂ ਦੀ ਪਹਿਲੀ ਜੋੜੀ ਬਣ ਗਈ ਹੈ। ਭਾਰਤ ਨੇ ਬੰਗਲੌਰ ਵਿਚ ਦੂਜੇ ਟੈਸਟ ਦੇ ਚੌਥੇ ਦਿਨ ਆਸਟਰੇਲੀਆ ਨੂੰ 75 ਦੌੜਾਂ ਨਾਲ ਹਰਾਇਆ ਜਿਸ ਤੋਂ ਬਾਅਦ ਜਾਰੀ ਰੈਂਕਿੰਗ ਵਿੱਚ ਜਡੇਜਾ ਨੇ ਸ਼ਿਖਰ ‘ਤੇ ਮੌਜੂਦ ਅਸ਼ਵਿਨ ਦੀ ਬਰਾਬਰੀ ਕੀਤੀ। ਜਡੇਜਾ ਨੇ ਮੈਚ ਵਿੱਚ ਛੇ ਵਿਕਟਾਂ ਲਈਆਂ, ਜਿਸ ਵਿਚ ਪਹਿਲੀ ਪਾਰੀ ਵਿੱਚ 63 ਦੌੜਾਂ ਦੇ ਕੇ ਲਈਆਂ ਛੇ ਵਿਕਟਾਂ ਸ਼ਾਮਲ ਹਨ।
ਆਈਸੀਸੀ ਨੇ ਇਕ ਬਿਆਨ ਵਿੱਚ ਕਿਹਾ ਕਿ ਇਸ ਪ੍ਰਦਰਸ਼ਨ ਦੀ ਬਦੌਲਤ ਇਕ ਸਥਾਨ ਦੇ ਲਾਭ ਨਾਲ ਜਡੇਜਾ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰੀ ਸ਼ਿਖਰਲੀ ਰੈਂਕਿੰਗ ਹਾਸਲ ਕੀਤੀ ਹੈ। ਅਪਰੈਲ 2008 ਵਿੱਚ ਦੋ ਗੇਂਦਬਾਜ਼ ਸਾਂਝੇ ਤੌਰ ‘ਤੇ ਸ਼ਿਖਰ ‘ਤੇ ਸੀ ਉਦੋਂ ਦੱਖਣੀ ਅਫਰੀਕਾ ਦੇ ਡੇਲ ਸਟੇਨ ਅਤੇ ਸ੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ। ਅਸ਼ਵਿਨ ਨੇ ਬੰਗਲੌਰ ਟੈਸਟ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਨੇ ਮੈਚ ਵਿੱਚ ਅੱਠ ਵਿਕਟਾਂ ਲਈਆਂ ਅਤੇ ਸਾਬਕਾ ਉਘੇ ਸਪਿੰਨਰ ਬਿਸ਼ਨ ਸਿੰਘ ਬੇਦੀ (266) ਨੂੰ ਪਛਾੜਦਿਆਂ 269 ਵਿਕਟਾਂ ਨਾਲ ਭਾਰਤ ਦਾ ਪੰਜਵਾਂ ਸਫਲ ਗੇਂਦਬਾਜ਼ ਬਣਿਆ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਹਾਲਾਂਕਿ ਮੈਚ ਵਿੱਚ 27 ਅਤੇ ਲੜੀ ਵਿੱਚ ਹੁਣ ਤਕ ਸਿਰਫ 40 ਦੌੜਾਂ ਬਣਾਉਣ ਬਾਅਦ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੂਜੀ ਰੈਂਕਿੰਗ ਹਾਸਲ ਕੀਤੀ ਹੈ। ਇੰਗਲੈਂਡ ਦਾ ਰੂਟ 848 ਅੰਕਾਂ ਨਾਲ ਕੋਹਲੀ ਤੋਂ ਇਕ ਅੰਕ ਅੱਗੇ ਹੈ।