ਮੱਠਾ ਨਹੀਂ ਪੈ ਰਿਹਾ ਮੰਦਸੌਰ ਦਾ ਕਿਸਾਨ ਅੰਦੋਲਨ

ਮੱਠਾ ਨਹੀਂ ਪੈ ਰਿਹਾ ਮੰਦਸੌਰ ਦਾ ਕਿਸਾਨ ਅੰਦੋਲਨ

ਕਾਂਗਰਸ ਦੇ ਐਮ ਪੀ ਸਿੰਧੀਆ ਤੇ ਗੁਜਰਾਤ ਪਾਟੀਦਾਰ ਸੰਘਰਸ਼
ਦੇ ਆਗੂ ਹਾਰਦਿਕ ਪਟੇਲ ਨੂੰ ਪੁਲੀਸ ਨੇ ਹਿਰਾਸਤ ‘ਚ ਲਿਆ

ਕਾਂਗਰਸੀ ਆਗੂ ਤੇ ਸੰਸਦ ਮੈਂਬਰ ਜਯੋਤਿਰਦਿੱਤਿਆ ਸਿੰਧੀਆ ਦੋਧਪੁਰ ਟੌਲ ਬੂਥ ‘ਤੇ ਮੰਦਸੌਰ ਦੇ ਕਿਸਾਨਾਂ ਨੂੰ ਮਿਲਣ ਜਾਣ ਦਾ ਯਤਨ ਕਰਦੇ ਹੋਏ।

ਰਤਲਾਮ/ਨੀਮਚ (ਮੱਧ ਪ੍ਰਦੇਸ਼)/ਬਿਊਰੋ ਨਿਊਜ਼:
ਮੱਧ ਪ੍ਰਦੇਸ਼ ‘ਚ ਮੰਦਸੌਰ ਦਾ ਕਿਸਾਨ ਅੰਦੋਲਨ ਮੱਠਾ ਪੈਂਦਾ ਨਜ਼ਰ ਹੀਂ ਆਉਂਦਾ ਜਦੋਂ ਕਿ ਅੰਦੋਲਨਕਾਰੀ ਕਿਸਾਨਾਂ ਨਾਲ ਮੁਲਾਕਾਤ ਕਰਨ ਮੰਦਸੌਰ ਜਾ ਰਹੇ ਕਾਂਗਰਸ ਆਗੂ ਜਯੋਤਿਰਦਿੱਤਿਆ ਸਿੰਧੀਆ ਤੇ ਗੁਜਰਾਤ ਪਾਟੀਦਾਰ ਰਾਖਵਾਂਕਰਨ ਅੰਦੋਲਨ ਦੇ ਆਗੂ ਹਾਰਦਿਕ ਪਟੇਲ ਨੂੰ ਪੁਲੀਸ ਨੇ ਮੰਗਲਵਾਰ ਨੂੰ ਹਿਰਾਸਤ ਵਿੱਚ ਲੈ ਲਿਆ।
ਪੁਲੀਸ ਨੇ ਸਿੰਧੀਆ ਨੂੰ ਉਸ ਦੇ ਪਾਰਟੀ ਦੇ ਸਾਥੀ ਕਾਂਤੀਆਲ ਭੁਰੀਆ ਤੇ ਵੱਡੀ ਗਿਣਤੀ ‘ਚ ਹਮਾਇਤੀਆਂ ਸਮੇਤ ਰਤਲਾਮ ਦੇ ਨਿਆਗਾਓਂ-ਜੌਰਾ ਟੌਲ ਬੂਥ ਨੇੜਿਓਂ ਹਿਰਾਸਤ ‘ਚ ਲਿਆ ਜੋ ਮੰਦਸੌਰ ਵੱਲ ਕੂਚ ਕਰ ਰਹੇ ਸਨ। ਇਸ ਇਲਾਕੇ ਵਿੱਚ ਅਜੇ ਵੀ ਪਾਬੰਦੀਆਂ ਲੱਗੀਆਂ ਹੋਈਆਂ ਹਨ। ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਕਾਂਗਰਸ ਆਗੂਆਂ ਤੇ ਉਨ੍ਹਾਂ ਹਮਾਇਤੀਆਂ ਨੇ ਟੌਲ ਬੂਥ ‘ਤੇ ਹੀ ਧਰਨਾ ਮਾਰਦਿਆਂ ਮੰਗ ਕੀਤੀ ਕਿ ਉਨ੍ਹਾਂ ਨੂੰ ਮੰਦਸੌਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਸਿੰਧੀਆ ਨੇ ਕਿਹਾ ਕਿ ਪੁਲੀਸ ਉਸ ਨੂੰ ਮੰਦਸੌਰ ਜਾਣ ਤੋਂ ਕਿਉਂ ਰੋਕ ਰਹੀ ਹੈ। ਇਹ ਤਾਂ ਹਿਟਲਰਸ਼ਾਹੀ ਹੈ। ਇਸ ਤੋਂ ਪਹਿਲਾਂ ਦਿਨੇ ਹਾਰਦਿਕ ਪਟੇਲ ਨੂੰ ਨੀਮਚ ‘ਚ ਨਿਆਗਾਉਂ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪਾਟੀਦਾਰ ਅੰਦੋਲਨ ਦਾ ਮੁਖੀ ਪੁਲੀਸ ਗੋਲੀਬਾਰੀ ‘ਚ ਮਾਰੇ ਗਏ ਮੰਦਸੌਰ ਦੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਜਾ ਰਿਹਾ ਸੀ। ਉਸ ਨਾਲ ਜਨਤਾ ਦਲ (ਯੂ) ਦਾ ਆਗੂ ਅਖਿਲੇਸ਼ ਕਟੀਆਰ ਵੀ ਸੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਿਟੀ ਐਸਪੀ ਅਭਿਸ਼ੇਕ ਦੀਵਾਨ ਨੇ ਕਿਹਾ ਕਿ ਹਾਲਾਤ ਵਿਗੜਨ ਤੋਂ ਰੋਕਣ ਲਈ ਪਟੇਲ ਨੂੰ ਹਿਰਾਸਤ ਵਿੱਚ ਲਿਆ
ਗਿਆ ਹੈ। ਉਨ੍ਹਾਂ ਨੂੰ ਬਾਅਦ ਵਿੱਚ ਜ਼ਮਾਨਤ ‘ਤੇ ਰਿਹਾਅ ਕਰਕੇ ਪੁਲੀਸ ਦੇ ਵਾਹਨਾਂ ‘ਚ ਮੱਧ ਪ੍ਰਦੇਸ਼ ਭੇਜ ਦਿੱਤਾ ਗਿਆ।

‘ਮੈਂ ਲਾਹੌਰੋਂ ਨਹੀਂ ਆਇਆ’
ਇਸ ਸਬੰਧੀ ਪਟੇਲ ਨੇ ਕਿਹਾ ਕਿ ਉਹ ਕੋਈ ਅਤਿਵਾਦੀ ਨਹੀਂ ਹੈ ਤੇ ਨਾ ਹੀ ਲਾਹੌਰ ਤੋਂ ਆਇਆ ਹੈ। ਉਹ ਭਾਰਤੀ ਨਾਗਰਿਕ ਹੈ ਤੇ ਉਸ ਨੂੰ ਦੇਸ਼ ‘ਚ ਕਿਤੇ ਵੀ ਜਾਣ ਦਾ ਅਧਿਕਾਰ ਹੈ। ਉਸ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਆਲੋਚਨਾ ਕੀਤੀ ਤੇ 50 ਕਰੋੜ ਕਿਸਾਨਾਂ ਨੂੰ ਭਗਵਾਂ ਪਾਰਟੀ ਖ਼ਿਲਾਫ਼ ਇੱਕਜੁੱਟ ਹੋਣ ਦਾ ਸੱਦਾ ਦਿੱਤਾ।

ਕਰਜ਼ਾ ਮੁਆਫ਼ੀ ਦੇ ਐਲਾਨ ਮਗਰੋਂ ਮਹਾਰਾਸ਼ਟਰ ਦੇ ਕਿਸਾਨਾਂ ਨੇ ਅੰਦੋਲਨ ਖ਼ਤਮ ਕੀਤਾ
ਮੁੰਬਈ/ਬਿਊਰੋ ਨਿਊਜ਼ :
ਮਹਾਰਾਸ਼ਟਰ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਕਰਜ਼ਾ ਮੁਆਫ਼ੀ ਦੇ ਮਾਪਦੰਡ ਤੈਅ ਕਰਨ ਲਈ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਹੈ। ਸਰਕਾਰ ਦੇ ਇਸ ਐਲਾਨ ਮਗਰੋਂ ਕਿਸਾਨਾਂ ਨੇ ਆਪਣਾ ਸੰਘਰਸ਼ ਵਾਪਸ ਲੈ ਲਿਆ ਹੈ।
ਮਾਲ ਮੰਤਰੀ ਚੰਦਰਕਾਂਤ ਪਾਟਿਲ ਨੇ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਹੈ। ਘੱਟ ਜ਼ਮੀਨਾਂ ਵਾਲੇ ਕਿਸਾਨਾਂ ਦਾ ਸਾਰਾ ਕਰਜ਼ਾ ਤੁਰੰਤ ਹੀ ਮੁਆਫ਼ ਕੀਤਾ ਜਾਵੇਗਾ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵਲੋਂ ਗਠਿਤ ਉੱਚ ਪੱਧਰੀ ਕਮੇਟੀ ਦੇ ਪ੍ਰਧਾਨ ਪਾਟਿਲ ਇੱਥੇ ਕਿਸਾਨ ਆਗੂਆਂ ਨਾਲ ਗੱਲਬਾਤ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਗੱਲਬਾਤ ‘ਚ ਭਾਗ ਲੈਣ ਆਏ ਕਿਸਾਨ ਆਗੂ ਤੇ ਲੋਕ ਸਭਾ ਮੈਂਬਰ ਰਾਜੂ ਸ਼ੈੱਟੀ ਨੇ ਕਿਹਾ ਕਿ  ਉਹ ਖੁਸ਼ ਹਨ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਸ੍ਰੀ ਸ਼ੈੱਟੀ ਨੇ ਕਿਹਾ, ‘ਸਾਡੇ ਮਸਲੇ ਸੁਲਝ ਗਏ ਹਨ। ਅਸੀਂ ਧਰਨੇ ਮੁਜ਼ਾਹਰੇ ਸਮੇਤ ਆਪਣਾ ਸੰਘਰਸ਼ ਅਸਥਾਈ ਤੌਰ ‘ਤੇ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ, ਪਰ ਜੇਕਰ 25 ਜੁਲਾਈ ਤੱਕ ਕਰਜ਼ਾ ਮੁਆਫ਼ੀ ਬਾਰੇ ਕੋਈ ਤਸੱਲੀਬਖ਼ਸ਼ ਫ਼ੈਸਲਾ ਨਾ ਲਿਆ ਗਿਆ ਤਾਂ ਉਹ ਆਪਣਾ ਸੰਘਰਸ਼ ਮੁੜ ਸ਼ੁਰੂ ਕਰ ਦੇਣਗੇ।’ ਇੱਕ ਹੋਰ ਕਿਸਾਨ ਆਗੂ ਰਘੂਨਾਥਦਾਦਾ ਪਾਟਿਲ ਨੇ ਕਿਹਾ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਹੋਵੇਗਾ। ਮੰਤਰੀ ਸਮੂਹ ਨੇ ਕਿਸਾਨਾਂ ਨੂੰ ਨਵੇਂ ਸਿਰੇ ਤੋਂ ਕਰਜ਼ਾ ਦੇਣਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਮਾਲ ਮੰਤਰੀ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਾਧਾਰਨ ਬੈਂਕਿੰਗ ਦਾ ਸਵਾਲ ਹੈ। ਜਦ ਤੱਕ ਪੁਰਾਣਾ ਕਰਜ਼ਾ ਮੁਆਫ਼ ਨਹੀਂ ਹੋਵੇਗਾ, ਨਵਾਂ ਕਰਜ਼ਾ ਨਹੀਂ ਮਿਲ ਸਕਦਾ।

ਸ਼ਿਵਰਾਜ ਚੌਹਾਨ ਨੇ ਵਰਤ ਕੀਤਾ ਸਮਾਪਤ
ਭੋਪਾਲ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਆਪਣਾ ਮਰਨ ਵਰਤ ਖ਼ਤਮ ਕਰਦਿਆਂ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਹੁਣ ਹਾਲਾਤ ਸ਼ਾਂਤ ਹੋ ਗਏ ਹਨ। ਸੂਬੇ ਵਿੱਚ ਕਿਸਾਨ ਮੁੱਦਿਆਂ ‘ਤੇ ਫੈਲੀ ਹਿੰਸਾ ਮਘਰੋਂ ਵਿਵਾਦਾਂ ‘ਚ ਸਾਹਮਣਾ ਕਰ ਰਹੇ ਮੱੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਕੈਲਾਸ਼ ਜੋਸ਼ੀ ਹੱਥੋਂ ਨਾਰੀਅਲ ਪਾਣੀ ਪੀ ਕੇ ਮਰਨ ਵਰਤ ਤੋੜਿਆ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹੁਣ ਅਮਨ ਦੀ ਸਥਿਤੀ ਹੈ ਤੇ ਦੋ ਦਿਨ ਤੋਂ ਸੂਬੇ ‘ਚ ਕੋਈ ਵੀ ਹਿੰਸਕ ਘਟਨਾ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਮੰਦਸੌਰ ‘ਚ ਪੰਜ ਕਿਸਾਨਾਂ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ। ਇੱਥੇ ਦਸਹਿਰਾ ਮੈਦਾਨ ‘ਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਮੱਧ ਪ੍ਰਦੇਸ਼ ਵਿੱਚ ਕੇਂਦਰ ਸਰਕਾਰ ਵਲੋਂ  ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ ‘ਤੇ ਕਿਸਾਨਾਂ ਦੀ ਜਿਣਸ ਖਰੀਦਣਾ ਅਪਰਾਧ ਹੋਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਖੇਤੀਬਾੜੀ ਵਾਲੀ ਜ਼ਮੀਨ ਐਕੁਆਇਰ ਨਹੀਂ ਕੀਤੀ ਜਾ ਸਕੇਗੀ। ਉਨ੍ਹਾਂ ਸੂਬਾ ਸਰਕਾਰ ਵਲੋਂ ਕਿਸਾਨ ਬਾਜ਼ਾਰ ਸਥਾਪਤ ਕਰਨ ਦੀ ਗੱਲ ਵੀ ਕਹੀ। ਦੂਜੇ ਪਾਸੇ ਕਿਸਾਨ ਅੰਦੋਲਨ ਹਿੰਸਾ ‘ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਆਗੂਆਂ ਮੇਧਾ ਪਾਟਕਰ, ਯੋਗਿੰਦਰ ਯਾਦਵ ਤੇ ਸਵਾਮੀ ਅਗਨੀਵੇਸ਼ ਸਮੇਤ 30 ਸਮਾਜਿਕ ਕਾਰਕੁਨਾਂ ਨੂੰ ਰਤਲਾਮ ਵਿੱਚ ਪੁਲੀਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਕੁਝ ਸਮਾਂ ਬਾਅਦ ਰਿਹਾਅ ਕਰ ਦਿੱਤਾ ਗਿਆ।
ਉਧਰ ਮੰਦਸੌਰ ਵਿੱਚ ਹਾਲਾਤ ਸ਼ਾਂਤ ਰਹਿਣ ਮਗਰੋਂ ਤਿੰਨ ਥਾਣਿਆਂ ਅਧੀਨ ਖੇਤਰਾਂ ‘ਚੋਂ ਕਰਫਿਊ ਹਟਾ ਲਿਆ ਗਿਆ ਹੈ, ਪਰ ਜ਼ਿਲ੍ਹੇ ਵਿੱਚ ਧਾਰਾ 144 ਤਹਿਤ ਲਾਈਆਂ ਗਈਆਂ ਪਾਬੰਦੀਆਂ ਅਜੇ ਜਾਰੀ ਰਹਿਣਗੀਆਂ। ਇੱਕ ਵੱਖਰੀ ਸੂਚਨਾ ਮੁਤਾਬਕ ਪਾਟੀਦਾਰ ਅੰਦੋਲਨ ਦਾ ਆਗੂ ਹਾਰਦਿਕ ਪਟੇਲ ਵੀ ਆਪਣੇ ਸਮਰਥਕਾਂ ਸਮੇਤ ਮੰਦਸੌਰ ਦਾ ਦੌਰਾ ਕਰੇਗਾ।