ਯੁਵਰਾਜ ਤੇ ਗੋਨੀ ਦੀ ਜੋੜੀ ਨੇ ਪੰਜਾਬ ਨੂੰ ਦਿਵਾਈ ਦੂਜੀ ਜਿੱਤ

ਯੁਵਰਾਜ ਤੇ ਗੋਨੀ ਦੀ ਜੋੜੀ ਨੇ ਪੰਜਾਬ ਨੂੰ ਦਿਵਾਈ ਦੂਜੀ ਜਿੱਤ

ਨਵੀਂ ਦਿੱਲੀ/ਬਿਊਰੋ ਨਿਊਜ਼ :
ਯੁਵਰਾਜ ਸਿੰਘ ਤੇ ਮਨਪ੍ਰੀਤ ਗੋਨੀ ਦੀ ਹਰਫ਼ਨਮੌਲਾ ਖੇਡ ਤੇ ਗੁਰਕੀਰਤ ਸਿੰਘ ਦੇ ਨਾਬਾਦ ਨੀਮ ਸੈਂਕੜੇ ਦੀ ਮਦਦ ਨਾਲ ਪੰਜਾਬ ਨੇ ਇੱਥੇ ਰੇਲਵੇ ਨੂੰ ਰੋਮਾਂਚਕ ਮੁਕਾਬਲੇ ਵਿੱਚ ਤਿੰਨ ਵਿਕਟਾਂ ਦੀ ਮਾਤ ਦਿੰਦਿਆਂ ਵਿਜੈ ਹਜ਼ਾਰੇ ਟਰਾਫ਼ੀ ਟੂਰਨਾਮੈਂਟ ਵਿੱਚ ਆਪਣੀਆਂ ਆਸਾਂ ਨੂੰ ਬਰਕਰਾਰ ਰੱਖਿਆ ਹੈ। ਰੇਲਵੇ ਦੀ ਟੀਮ ਨੇ ਕਪਤਾਨ ਅਰਿੰਦਮ ਘੋਸ਼ (83) ਦੇ ਨੀਮ ਸੈਂਕੜੇ ਤੇ ਪ੍ਰਥਮ ਸਿੰਘ 41 ਤੇ ਆਕਾਸ਼ ਯਾਦਵ 33 ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ ਪਾਲਮ ਮੈਦਾਨ ‘ਤੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ ਨੌਂ ਵਿਕਟਾਂ ਦੇ ਨੁਕਸਾਨ ਨਾਲ 246 ਦੌੜਾਂ ਬਣਾਈਆਂ। ਪੰਜਾਬ ਲਈ ਯੁਵਰਾਜ ਸਿੰਘ 35 ਦੌੜਾਂ ਬਦਲੇ ਦੋ ਵਿਕਟਾਂ ਲੈ ਕੇ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। ਗੋਨੀ, ਸੰਦੀਪ ਸ਼ਰਮਾ, ਬਲਤੇਜ ਸਿੰਘ, ਹਰਭਜਨ ਸਿੰਘ ਤੇ ਅਭਿਸ਼ੇਕ ਸ਼ਰਮਾ ਨੂੰ ਇਕ ਇਕ ਵਿਕਟ ਮਿਲੀ। ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਸ਼ੁਰੂਆਤ ਚੰਗੀ ਨਹੀਂ ਰਹੀ, ਪਰ ਯੁਵਰਾਜ(66) ਤੇ ਗੁਰਕੀਰਤ ਸਿੰਘ (ਨਾਬਾਦ 66) ਨੇ ਟੀਮ ਨੂੰ ਸੰਭਾਲਿਆ। ਇਸ ਦੌਰਾਨ 15 ਦੌੜਾਂ ਦੇ ਵਕਫ਼ੇ ਵਿਚ ਤਿੰਨ ਵਿਕਟਾਂ ਡਿੱਗਣ ਨਾਲ ਟੀਮ ਮੁੜ ਸੰਕਟ ਵਿਚ ਆ ਗਈ। ਅਜਿਹੇ ਮੌਕੇ ਗੋਨੀ ਨੇ 24 ਗੇਂਦਾਂ ‘ਤੇ ਦੋ ਚੌਕੇ ਤੇ ਤਿੰਨ ਛੱਕਿਆਂ ਨਾਲ ਨਾਬਾਦ 46 ਦੌੜਾਂ ਬਣਾ ਕੇ ਟੀਮ ਦੇ ਸਕੋਰ ਨੂੰ 49.1 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ਨਾਲ 247 ਦੌੜਾਂ ਤਕ ਪਹੁੰਚਾਇਆ। ਪੰਜਾਬ ਦੀ ਚਾਰ ਮੈਚਾਂ ਵਿੱਚ ਇਹ ਦੂਜੀ ਜਿੱਤ ਹੈ।