ਫੁਟਬਾਲ ਵਿੱਚ ਨਸਲਵਾਦ ‘ਤੇ ਗੌਰ ਕਰਨੀ ਲਾਜ਼ਮੀ : ਸੁਖਬੀਰ ਸਿੰਘ

ਫੁਟਬਾਲ ਵਿੱਚ ਨਸਲਵਾਦ ‘ਤੇ ਗੌਰ ਕਰਨੀ ਲਾਜ਼ਮੀ : ਸੁਖਬੀਰ ਸਿੰਘ

ਸਿੰਗਾਪੁਰ/ਬਿਊਰੋ ਨਿਊਜ਼ :
ਇੱਥੇ ਇੱਕ ਫੁਟਬਾਲ ਮੈਚ ਵਿੱਚ ਵਿਵਾਦਤ ਫ਼ੈਸਲਿਆਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਨਸਲੀ ਟਿਪਣੀਆਂ ਝੱਲ ਰਹੇ ਭਾਰਤੀ ਮੂਲ ਦੇ 33 ਸਾਲਾ ਸਿੱਖ ਰੈਫਰੀ ਨੇ ਫੁਟਬਾਲ ਨਾਲ ਸਬੰਧਤ ਭਾਈਚਾਰੇ ਨੂੰ ਏਕਤਾ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਸੁਖਬੀਰ ਸਿੰਘ ਨੇ ਬੀਤੇ ਸ਼ਨਿਚਰਵਾਰ ਇੰਟਰਨੈਸ਼ਨ ਚੈਂਪੀਅਨਜ਼ ਕੱਪ ਦੇ ਮੈਚ ਦੌਰਾਨ ਕਥਿਤ ਤੌਰ ‘ਤੇ ਕੁਝ ਵਿਵਾਦਤ ਫ਼ੈਸਲੇ ਲਏ ਸਨ, ਜਿਸ ਵਿੱਚ ਇੰਟਰ ਮਿਲਾਨ ਨੇ ਚੈਲਸੀ ਨੂੰ 2-1 ਨਾਲ ਹਰਾ ਦਿੱਤਾ ਸੀ। ਉਸ ਦੇ ਫ਼ੈਸਲਿਆਂ ਖ਼ਿਲਾਫ਼ ਕੁਝ ਲੋਕਾਂ ਨੇ ਟਵਿਟਰ ‘ਤੇ ਨਸਲ ਦੇ ਆਧਾਰ ‘ਤੇ ਟਿਪਣੀਆਂ ਕੀਤੀਆਂ ਹਨ।
ਸੁਖਬੀਰ ਨੇ ‘ਸਟ੍ਰੇਟ ਟਾਈਮ’ ਨੂੰ ਕਿਹਾ, ‘ਮੈਂ ਨਹੀਂ ਕਹਾਂਗਾ ਕਿ ਮੇਰੇ ‘ਤੇ ਕੋਈ ਅਸਰ ਪਿਆ ਹੈ ਕਿਉਂਕਿ ਮੈਂ ਤਾਂ ਟਵੀਟ ਪੜ੍ਹੇ ਹੀ ਨਹੀਂ। ਇਸ ਦਾ ਮਤਲਬ ਇਹ ਵੀ ਨਹੀਂ ਕਿ ਮੈਨੂੰ ਨਸਲਵਾਦ ਨਾਲ ਕੋਈ ਫ਼ਰਕ ਨਹੀਂ ਪੈਂਦਾ। ਫੁਟਬਾਲ ਵਿੱਚ ਨਸਲਵਾਦ ‘ਤੇ ਗੌਰ ਕਰਨੀ ਲਾਜ਼ਮੀ ਹੈ। ਨਸਲ ਦੇ ਆਧਾਰ ‘ਤੇ ਕਿਸੇ ਕਿਸਮ ਦਾ ਪੱਖਪਾਤ ਨਹੀਂ ਹੋਣਾ ਚਾਹੀਦਾ।’
ਉਸ ਨੇ ਕਿਹਾ ਕਿ ਸਾਰਿਆਂ ਨੂੰ ਖੁੱਲ੍ਹ ਕੇ ਉਸ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਣਾ ਚਾਹੀਦਾ ਹੈ, ਜਿਸ ਵਿੱਚ ਉਹ ਹਿੱਸਾ ਲੈਣਾ ਚਾਹੁੰਦੇ ਹਨ। ਖ਼ਾਸ ਕਰ ਕੇ ਖੇਡਾਂ ਸਬੰਧੀ ਇਹ ਗੱਲ ਪੂਰਨ ਰੂਪ ਵਿੱਚ ਲਾਗੂ ਹੋਣੀ ਚਾਹੀਦੀ ਹੈ। ਖੇਡ ਲੋਕਾਂ ਨੂੰ ਜੋੜਨ ਲਈ ਹੈ, ਵੰਡੀਆਂ ਪਾਉਣ ਲਈ ਨਹੀਂ। ਪੱਖਪਾਤ ਵਿਰੋਧੀ ਬਿਊਰੋ ‘ਕਿੱਕ ਇਟ ਆਊਟ’ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਤੇ ਇਸ ਕਦਮ ਦੀ ਸੁਖਬੀਰ ਨੇ ਸ਼ਲਾਘਾ ਕੀਤੀ ਹੈ।