ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਸਬੰਧੀ ਪਾਕਿ ਓਕਾਫ਼ ਵਲੋਂ ਸਹਿਯੋਗ ਦੇਣ ਤੋਂ ਇਨਕਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਸਬੰਧੀ ਪਾਕਿ ਓਕਾਫ਼ ਵਲੋਂ ਸਹਿਯੋਗ ਦੇਣ ਤੋਂ ਇਨਕਾਰ

ਸਿੱਖ ਸੰਗਤ ਗੁਰਦੁਆਰਾ ਪੰਜਾ ਸਾਹਿਬ ‘ਚ 4 ਸਤੰਬਰ ਨੂੰ ਮਨਾਏਗੀ ਪ੍ਰਕਾਸ਼ ਦਿਹਾੜਾ
ਪਿਸ਼ਾਵਰ/ਬਿਊਰੋ ਨਿਊਜ਼ :
ਪਾਕਿਸਤਾਨ ਸਿੱਖ ਸੰਗਤ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਸਬੰਧੀ ਮਹਿਕਮਾ ਓਕਾਫ਼ ਨੇ ਸੰਗਤ ਨੂੰ ਸਹਿਯੋਗ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਿਸ਼ਾਵਰ ਤੋਂ ਇਹ ਜਾਣਕਾਰੀ ਦਿੰਦਿਆਂ ਮੰਤਰੀ ਘੱਟ ਗਿਣਤੀ ਅਸਥਾਈ ਯੂਥ ਅਸੈਂਬਲੀ ਬਾਬਾ ਗੁਰਪਾਲ ਸਿੰਘ ਤੇ ਪਿਸ਼ਾਵਰੀ ਸਿੰਘ ਸੇਵਾ ਸੁਸਾਇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਸਿੱਖ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹਸਨ ਅਬਦਾਲ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ 4 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਦਿਹਾੜੇ ਮੌਕੇ ਕਰਾਏ ਜਾਣ ਵਾਲੇ ਮਹਾਨ ਗੁਰਮਤਿ ਸਮਾਗਮ ਲਈ ਭਾਰਤ ਤੋਂ ਕੀਰਤਨੀ ਜਥੇ ਤੇ ਢਾਡੀ ਰਾਗੀ ਸਿੰਘ ਮੰਗਵਾਉਣ ਲਈ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਤੋਂ ਮਨਜ਼ੂਰੀ ਲਈ ਗਈ ਸੀ। ਬੋਰਡ ਦੇ ਚੈਅਰਮੇਨ ਸਦੀਕ ਉਲ ਫ਼ਾਰੂਕ ਦੁਆਰਾ ਇਸ ਦੀ ਮਨਜ਼ੂਰੀ ਦੇਣ ਦੇ ਬਾਵਜੂਦ ਸਿੱਖ ਸੰਗਤ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਉੱਠੇ ਵਿਵਾਦ ਦੇ ਚਲਦਿਆਂ ਭਾਰਤ ਤੋਂ ਕੀਰਤਨੀ ਜਥੇ ਮੰਗਵਾਉਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਬਾਬਾ ਗੁਰਪਾਲ ਸਿੰਘ ਅਨੁਸਾਰ ਪੀ. ਐਸ. ਜੀ. ਪੀ. ਸੀ. ਤੇ ਮਹਿਕਾ ਈ. ਟੀ. ਪੀ. ਬੀ. ਵੱਲੋਂ ਸਮਾਗਮ ਵਿਚ ਸਹਿਯੋਗ ਨਾ ਦੇਣ ‘ਤੇ ਉਪਰੋਕਤ ਸਮਾਗਮ ਵਿਚ ਪਾਕਿਸਤਾਨ ਦੇ ਕੀਰਤਨੀ ਜਥਿਆਂ ਤੇ ਕਥਾ ਵਾਚਕਾਂ ਵੱਲੋਂ ਕਥਾ ਕੀਰਤਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਸ਼ਾਵਰੀ ਸਿੰਘ ਸੇਵਾ ਸੁਸਾਇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ 2 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕਰਵਾਇਆ ਜਾਵੇਗਾ, ਜਿਸ ਦੀ ਸਮਾਪਤੀ 4 ਸਤੰਬਰ ਨੂੰ ਹੋਵੇਗੀ। ਇਸ ਦੇ ਚਲਦਿਆਂ 2 ਤੋਂ 4 ਸਤੰਬਰ ਤਕ ਗੁਰਦੁਆਰਾ ਸਾਹਿਬ ਵਿਚ ਸਕੂਲੀ ਬੱਚਿਆਂ ਵੱਲੋਂ ਰੋਜ਼ਾਨਾ ਸੁਖਮਨੀ ਸਾਹਿਬ ਦਾ ਪਾਠ ਵੀ ਕੀਤਾ ਜਾਵੇਗਾ ਤੇ ਤਿੰਨੋ ਦਿਨ ਸ਼ਾਮ 4 ਵਜੇ ਤੋਂ ਰਾਤ 11 ਵਜੇ ਤਕ ਕਥਾ ਕੀਰਤਨ ਵੀ ਜਾਰੀ ਰਹੇਗਾ।