ਕਬੱਡੀ ਕੱਪ : ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮ ਬਣੀ ਚੈਂਪੀਅਨ

ਕਬੱਡੀ ਕੱਪ : ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮ ਬਣੀ ਚੈਂਪੀਅਨ

ਜਲਾਲਾਬਾਦ/ਬਿਊਰੋ ਨਿਊਜ਼ :
ਸਰਕਲ ਸਟਾਈਲ ਕਬੱਡੀ ਵਿਚ ਭਾਰਤ ਨੇ ਆਪਣੀ ਬਾਦਸ਼ਾਹਤ ਕਾਇਮ ਰੱਖਦਿਆਂ ਪੁਰਸ਼ ਤੇ ਮਹਿਲਾ ਵਰਗ ਦਾ ਵਿਸ਼ਵ ਖ਼ਿਤਾਬ ਆਪਣੀ ਝੋਲੀ ਪਾਇਆ। ਜਲਾਲਾਬਾਦ ਦੇ ਮਲਟੀਪਰਪਜ਼ ਸਪੋਰਟਸ ਸਟੇਡੀਅਮ ਵਿਚ ਦਰਸ਼ਕਾਂ ਦੇ ਭਾਰੀ ਇਕੱਠ ਵਿਚ ਡਾ. ਬੀ.ਆਰ. ਅੰਬੇਡਕਰ 6ਵੇਂ ਵਿਸ਼ਵ ਕੱਪ ਕਬੱਡੀ ਦੇ ਸਮਾਪਤੀ ਸਮਾਰੋਹ ਤੋਂ ਪਹਿਲਾਂ ਪੁਰਸ਼ ਤੇ ਮਹਿਲਾ ਵਰਗ ਦੇ ਫਾਈਨਲ ਤੇ ਤੀਜੇ ਸਥਾਨ ਵਾਲੇ ਮੈਚ ਖੇਡੇ ਗਏ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਫਾਈਨਲ ਮੁਕਾਬਲਿਆਂ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਜਦੋਂ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸਮਾਪਤੀ ਸਮਾਰੋਹ ‘ਤੇ ਫਾਈਨਲ ਮੁਕਾਬਲਿਆਂ ਦੀ ਪ੍ਰਧਾਨਗੀ ਕੀਤੀ। ਫਾਈਨਲ ਮੈਚਾਂ ਤੇ ਸਮਾਪਤੀ ਸਮਾਰੋਹ ਲਈ ਤਨਜ਼ਾਨੀਆ ਦੇ ਕਾਰਜਕਾਰੀ ਹਾਈ ਕਮਿਸ਼ਨਰ ਮਿਸਟਰ ਮੁਹੰਮਦ ਹਿਜ਼ਾ ਮੁਹੰਮਦ ਉਚੇਚੇ ਤੌਰ ‘ਤੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਸੁਖਬੀਰ ਬਾਦਲ ਨੇ ਪੁਰਸ਼ ਵਰਗ ਦੇ ਫਾਈਨਲ ਵਿਚ ਖੇਡ ਰਹੀਆਂ ਭਾਰਤ ਤੇ ਇੰਗਲੈਂਡ ਅਤੇ ਮਹਿਲਾ ਵਰਗ ਦੇ ਫਾਈਨਲ ਵਿਚ ਖੇਡ ਰਹੀਆਂ ਭਾਰਤ ਤੇ ਅਮਰੀਕਾ ਦੀਆਂ ਟੀਮਾਂ ਨਾਲ ਜਾਣ-ਪਛਾਣ ਕੀਤੀ। ਰੰਗਾਰੰਗ ਸਮਾਪਤੀ ਸਮਾਰੋਹ ਤੋਂ ਪਹਿਲਾਂ ਹੋਏ ਪੁਰਸ਼ਾਂ ਦੇ ਫਾਈਨਲ ਵਿਚ ਭਾਰਤ ਨੇ ਇੰਗਲੈਂਡ ਨੂੰ 62-20 ਨਾਲ ਹਰਾ ਕੇ ਲਗਾਤਾਰ 6ਵੀਂ ਵਾਰ ਵਿਸ਼ਵ ਕੱਪ ‘ਤੇ ਕਬਜ਼ਾ ਜਮਾਉਂਦਿਆਂ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ। ਦੂਜੇ ਪਾਸੇ ਮਹਿਲਾ ਵਰਗ ਦੇ ਫਾਈਨਲ ਵਿਚ ਭਾਰਤ ਨੇ ਅਮਰੀਕਾ ਨੂੰ 45-10 ਨਾਲ ਹਰਾ ਕੇ ਲਗਾਤਾਰ ਪੰਜਵੀਂ ਵਾਰ ਵਿਸ਼ਵ ਖ਼ਿਤਾਬ ਜਿੱਤਦਿਆਂ ਇਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ। ਪਹਿਲੀ ਵਾਰ ਫਾਈਨਲ ਵਿੱਚ ਪੁੱਜੀ ਇੰਗਲੈਂਡ ਦੀ ਪੁਰਸ਼ ਟੀਮ ਨੇ ਉਪ ਜੇਤੂ ਰਹਿੰਦਿਆਂ ਇਕ ਕਰੋੜ ਰੁਪਏ ਦਾ ਇਨਾਮ ਤੇ ਮਹਿਲਾ ਵਰਗ ਵਿਚ ਵੀ ਪਹਿਲੀ ਵਾਰ ਫਾਈਨਲ ਖੇਡਣ ਵਾਲੀ ਅਮਰੀਕਾ ਦੀ ਟੀਮ ਨੇ ਉਪ ਜੇਤੂ ਦਾ ਖ਼ਿਤਾਬ ਜਿੱਤਦਿਆਂ 51 ਲੱਖ ਰੁਪਏ ਦਾ ਇਨਾਮ ਜਿੱਤਿਆ। ਇਸ ਤੋਂ ਪਹਿਲਾਂ ਪੁਰਸ਼ ਵਰਗ ਦੇ ਤੀਜੀ ਪੁਜ਼ੀਸ਼ਨ ਦੇ ਖੇਡੇ ਗਏ ਮੈਚ ਵਿਚ ਈਰਾਨ ਨੇ ਅਮਰੀਕਾ ਨੂੰ ਫਸਵੇਂ ਮੁਕਾਬਲੇ ਵਿਚ 43-38 ਨਾਲ ਹਰਾ ਕੇ ਤੀਜਾ ਸਥਾਨ ਤੇ ਮਹਿਲਾ ਵਰਗ ਵਿਚ ਨਿਊਜ਼ੀਲੈਂਡ ਨੇ ਕੀਨੀਆ ਨੂੰ 42-21 ਨਾਲ ਹਰਾ ਕੇ ਤੀਜਾ ਸਥਾਨ ਮੱਲਿਆ। ਪੁਰਸ਼ ਵਰਗ ਵਿਚ ਤੀਜੇ ਸਥਾਨ ‘ਤੇ ਰਹੀ ਅਮਰੀਕਾ ਨੂੰ 51 ਲੱਖ ਰੁਪਏ ਜਦੋਂ ਕਿ ਮਹਿਲਾ ਵਰਗ ਵਿਚ ਤੀਜਾ ਸਥਾਨ ਹਾਸਲ ਕਰਨ ਵਾਲੀ ਨਿਊਜ਼ੀਲੈਂਡ ਟੀਮ ਨੇ 25 ਲੱਖ ਰੁਪਏ ਦਾ ਇਨਾਮ ਜਿੱਤਿਆ।