ਹਿੰਦੀ-ਅੰਗਰੇਜ਼ੀ ਦੇ ਸਰਕਾਰੀ ਬੋਰਡਾਂ ‘ਤੇ ਸਿਆਹੀ ਪੋਚਣ ਵਾਲੇ ਬਲਜੀਤ ਸਿੰਘ ਖਾਲਸਾ ਨੂੰ ਤਿੰਨ ਮਹੀਨੇ ਦੀ ਕੈਦ

ਹਿੰਦੀ-ਅੰਗਰੇਜ਼ੀ ਦੇ ਸਰਕਾਰੀ ਬੋਰਡਾਂ ‘ਤੇ ਸਿਆਹੀ ਪੋਚਣ ਵਾਲੇ ਬਲਜੀਤ ਸਿੰਘ ਖਾਲਸਾ ਨੂੰ ਤਿੰਨ ਮਹੀਨੇ ਦੀ ਕੈਦ

ਪੰਜਾਬ ਦੀ ਰਾਜਧਾਨੀ ‘ਚ ਬੋਰਡਾਂ ‘ਤੇ ਪੰਜਾਬੀ ਲਿਖਵਾਉਣ ਲਈ ਚੁੱਕਿਆ ਸੀ ਕਦਮ
ਚੰਡੀਗੜ੍ਹ/ਬਿਊਰੋ ਨਿਊਜ਼ :
ਪਿਛਲੇ ਲੰਮੇ ਸਮੇ ਤੋਂ ਚੰਡੀਗੜ੍ਹ• ‘ਚ ਪੰਜਾਬੀ ਬੋਲੀ ਨੂੰ ਲਾਗੂ ਕਰਵਾਉਣ ਲਈ ਯਤਨ ਕਰ ਰਹੇ ਬਲਜੀਤ ਸਿੰਘ ਖਾਲਸਾ ਨੂੰ ਅਦਾਲਤ ਨੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ ਤਿੰਨ ਮਹੀਨੇ ਦੀ ਸਜਾ ਸੁਣਾਈ ਹੈ। ਬਲਜੀਤ ਸਿੰਘ ਖਾਲਸਾ ਨੇ ਸ਼ਹਿਰ ਅੰਦਰ ਉਨ੍ਹਾਂ ਸਾਈਨ ਬੋਰਡਾਂ ‘ਤੇ ਕਾਲੀ ਸਿਆਹੀ ਫੇਰੀ ਸੀ ਜਿਨ੍ਹਾਂ ਉਤੇ ਅੰਗਰੇਜ਼ੀ-ਹਿੰਦੀ ਦੇ ਨਾਲ ਪੰਜਾਬੀ ਭਾਸ਼ਾ ਨਹੀਂ ਲਿਖੀ ਗਈ ਸੀ। ਬਲਜੀਤ ਸਿੰਘ ਨੂੰ ਅਦਾਲਤ ਨੇ ਤਿੰਨ ਮਹੀਨੇ ਕੈਦ ਦੇ ਨਾਲ 20 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਇਹ ਸਜਾ ਸੈਕਟਰ 17 ‘ਚ ਪੈਂਦੇ ਆਮਦਨ ਕਰ ਵਿਭਾਗ ਦੇ ਦਫ਼ਤਰ ਸਾਹਮਣੇ ਲੱਗੇ ਸਾਈਨ ਬੋਰਡ ‘ਤੇ ਸਿਆਹੀ ਫੇਰਨ ਦੇ ਮਾਮਲੇ ‘ਚ ਸੁਣਾਈ ਹੈ। ਬਲਜੀਤ ਸਿੰਘ ਖਾਲਸਾ ਨੇ ਸਜਾ ਸੁਣਾਏ ਜਾਣ ਤੋਂ ਬਾਅਦ ਜ਼ਮਾਨਤ ਲਈ ਅਰਜ਼ੀ ਦਾਇਰ ਨਹੀਂ ਕੀਤੀ, ਇਸ ਕਰਕੇ ਉਸ ਨੂੰ ਅਦਾਲਤ ਨੇ ਜੇਲ੍ਹ•ਭੇਜ ਦਿੱਤਾ।
ਬਲਜੀਤ ਸਿੰਘ ਖਾਲਸਾ ਨੂੰ ਅਦਾਲਤ ਨੇ ਦਿੱਲੀ ਪ੍ਰੀਵੈਨਸ਼ਨ ਆਫ ਡੀਫੈਂਸਮੈਂਟ ਆਫ ਪਬਲਿਕ ਪ੍ਰੋਪਰਟੀ ਐਕਟ 2007 ਦੇ ਸੈਕਸ਼ਨ 3 ਤਹਿਤ ਦੋਸ਼ੀ ਠਹਿਰਾਇਆ ਹੈ। ਜਾਣਕਾਰੀ ਅਨੁਸਾਰ ਮਾਮਲਾ ਬੀਤੇ ਸਾਲ 16 ਅਗਸਤ ਦਾ ਹੈ। ਮਾਮਲੇ ਦੀ ਸ਼ਿਕਾਇਤ ਚੰਡੀਗੜ੍ਹ•ਪੁਲਿਸ ਦੇ ਇਕ ਹੈਡ ਕਾਂਸਟੇਬਲ ਨੇ ਪੁਲਿਸ ਨੂੰ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਡਿਊਟੀ ਸੈਕਟਰ 17 ਵਿਚ ਸੀ, ਜਿਥੇ ਉਸ ਨੇ ਦੇਖਿਆ ਕਿ ਇਕ ਸਰਦਾਰ ਵਿਅਕਤੀ ਆਮਦਨ ਕਰ ਵਿਭਾਗ ਦੇ ਦਫ਼ਤਰ ਸਾਹਮਣੇ ਲੱਗੇ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਦੇ ਸਾਈਨ ਬੋਰਡ ‘ਤੇ ਕਾਲੀ ਸਿਆਹੀ ਡੋਲ੍ਹ ਦਿੱਤੀ। ਸ਼ਿਕਾਇਤਕਰਤਾ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਅਤੇ ਪੁੱਛਣ ‘ਤੇ ਉਸ ਨੇ ਆਪਣਾ ਨਾਮ ਬਲਜੀਤ ਸਿੰਘ ਖਾਲਸਾ ਦੱਸਿਆ ਸੀ। ਪੁਲਿਸ ਨੇ ਸਬੰਧਤ ਮਾਮਲਾ ਪੁਲਿਸ ਸਟੇਸ਼ਨ ਸੈਕਟਰ 17 ਵਿਚ ਦਰਜ ਕੀਤਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇ ਤੋਂ ਬਲਜੀਤ ਸਿੰਘ ਖਾਲਸਾ ਚੰਡੀਗੜ੍ਹ• ਵਿਚ ਪੰਜਾਬੀ ਭਾਸ਼ਾ ਨੂੰ ਉਸ ਦੀ ਬਣਦੀ ਜਗ੍ਹਾ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ।