36ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਐਡੀਲੇਡ ਦੀ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

36ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਐਡੀਲੇਡ ਦੀ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

(36ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਐਡੀਲੇਡ 2024)

ਪਿਛਲੇ ਪੈਂਤੀ ਵਰ੍ਹਿਆਂ ਤੋਂ ਆਸਟ੍ਰੇਲੀਆ ਵਿਚ ਨਿਵੇਕਲੇ ਢੰਗ ਨਾਲ ਹੋ ਰਹੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੁਨੀਆ ਲਈ ਖਿੱਚ ਦਾ ਕੇਂਦਰ ਹਨ। 36ਵੀਆਂ ਸਿੱਖ ਖੇਡਾਂ ਦੀ ਜ਼ੁੰਮੇਵਾਰੀ ਇਕ ਬਾਰ ਫੇਰ ਐਡੀਲੇਡ ਦੇ ਹਿੱਸੇ ਆਈ ਹੈ। ਜੋ ਕਿ 2024 ਦੇ ਈਸਟਰ ਮੌਕੇ ਕਰਵਾਈਆਂ ਜਾ ਰਹੀਆਂ ਹਨ। ਜਿਸ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਗਈ ਹੈ। ਇਹਨਾਂ ਸਿੱਖ ਖੇਡਾਂ ਦੇ ਇਤਿਹਾਸ 'ਚ ਇਕ ਹੋਰ ਨਿਵੇਕਲੀ ਪੈੜ ਪਾਉਂਦੇ ਹੋਏ 2017 ਦੀਆਂ ਸਫਲ ਖੇਡਾਂ ਦੀ ਪ੍ਰਬੰਧਕੀ ਕਮੇਟੀ ਵੱਲੋਂ ਪ੍ਰਧਾਨ ਮੋਹਨ ਸਿੰਘ ਨਾਗਰਾ ਦੀ ਅਗਵਾਈ ਵਿਚ ਸੈਵ-ਇੱਛਾ ਨਾਲ ਆਪਣੇ-ਆਪਣੇ ਅਹੁਦੇ ਨੂੰ ਤਿਆਗ ਕੇ ਨਵੇਂ ਨੁਮਾਇੰਦਿਆਂ ਲਈ ਕੁਰਸੀਆਂ ਖ਼ਾਲੀ ਕਰ ਕੇ ਜਿੱਥੇ ਇਕ ਨਵੀਂ ਪਿਰਤ ਪਾਈ ਹੈ ਉੱਥੇ ਸਿੱਖ ਖੇਡਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਨਵੀਂ ਆ ਰਹੀ ਪ੍ਰਬੰਧਕੀ ਟੀਮ ਨੂੰ ਤਕਰੀਬਨ ਚਾਲੀ ਹਜ਼ਾਰ ਡਾਲਰ ਦਾ ਸ਼ੁਰੂਆਤੀ ਫ਼ੰਡ ਦੇ ਕੇ ਇਕ ਨਵਾਂ ਇਤਿਹਾਸ ਸਿਰਜਿਆ ਹੈ। 

ਇੱਥੇ ਜ਼ਿਕਰਯੋਗ ਹੈ ਕਿ 2017 ਦੀਆਂ ਸਿੱਖ ਖੇਡਾਂ ਵਿਚ ਪ੍ਰਧਾਨ ਮੋਹਨ ਸਿੰਘ ਨਾਗਰਾ, ਉਪ ਪ੍ਰਧਾਨ ਗੁਰਮੀਤ ਸਿੰਘ ਢਿੱਲੋਂ ਅਤੇ ਰੁਪਿੰਦਰ ਸਿੰਘ, ਸਕੱਤਰ ਮਿੰਟੂ ਬਰਾੜ, ਖ਼ਜ਼ਾਨਚੀ ਪ੍ਰਦੀਪ ਪਾਂਗਲੀ, ਸਹਿ ਸਕੱਤਰ ਗੁਰਨਾਮ ਸਿੰਘ ਸੈਂਭੀ ਅਤੇ ਸਹਿ ਖ਼ਜ਼ਾਨਚੀ ਮਨਿੰਦਰ ਬੀਰ ਸਿੰਘ ਢਿੱਲੋਂ ਦੀ ਟੀਮ ਨੇ ਉਦੋਂ ਤੱਕ ਦੇ ਸਿੱਖ ਖੇਡਾਂ ਦੇ ਇਤਿਹਾਸ 'ਚ ਸਭ ਤੋਂ ਸੁਚਾਰੂ ਅਤੇ ਸਫਲ ਖੇਡਾਂ ਕਰਵਾਉਣ ਦਾ ਰਿਕਾਰਡ ਬਣਾਇਆ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 2017 ਤੋਂ ਹੁਣ ਤੱਕ ਹੋਈਆਂ ਸਾਰੀਆਂ ਸਿੱਖ ਖੇਡਾਂ 'ਚ ਸਾਊਥ ਆਸਟ੍ਰੇਲੀਆ ਵੱਲੋਂ ਖੇਡਣ ਵਾਲੇ ਖਿਡਾਰੀਆਂ ਨੂੰ ਹਰ ਸਾਲ ਮਾਲੀ ਮਦਦ ਕਰਨ ਦੀ ਸ਼ੁਰੂਆਤ ਵੀ ਇਸੇ ਕਮੇਟੀ ਵੱਲੋਂ ਕੀਤੀ ਗਈ।  

ਨਵੀਂ ਪ੍ਰਬੰਧਕੀ ਕਮੇਟੀ ਦੀ ਪ੍ਰਧਾਨਗੀ ਸ ਬਲਵੰਤ ਸਿੰਘ ਕਰਨਗੇ ਅਤੇ ਉਹਨਾਂ ਨਾਲ ਉਪ ਪ੍ਰਧਾਨ ਸੁਖਵਿੰਦਰ ਪਾਲ ਸਿੰਘ ਬੱਲ, ਸਕੱਤਰ ਮਹਾਂਬੀਰ ਸਿੰਘ ਗਰੇਵਾਲ, ਖ਼ਜ਼ਾਨਚੀ ਪਰਮਿੰਦਰ ਸਿੰਘ, ਖੇਡ ਪ੍ਰਬੰਧਾਂ ਲਈ ਹਰਜਿੰਦਰ ਸਿੰਘ ਲਸਾੜਾ ਸਭਿਆਚਾਰ ਲਈ ਰਾਜਵੰਤ ਸਿੰਘ ਅਤੇ ਔਰਤਾਂ ਦੀ ਨੁਮਾਇੰਦਗੀ ਲਈ ਈਸ਼ਾਰੀਤ ਕੌਰ ਨਾਗਰਾ ਜੈਸਮੀਨ ਕੌਰ ਪਾਂਗਲੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ। ਹੁਣ ਇਸ ਕਮੇਟੀ ਦੇ ਮੋਢਿਆਂ ਉੱਤੇ ਪਿਛਲਾ ਮਿਆਰ ਕਾਇਮ ਰੱਖਣ ਦੀ ਬਹੁਤ ਹੀ ਵੱਡੀ ਜ਼ੁੰਮੇਵਾਰੀ ਹੋਵੇਗੀ। 

ਪ੍ਰਧਾਨ: ਬਲਵੰਤ ਸਿੰਘ 

ਬਲਵੰਤ ਸਿੰਘ ਸਾਊਥ ਆਸਟ੍ਰੇਲੀਆ ਦੇ ਉੱਘੇ ਕਾਰੋਬਾਰੀ ਹਨ ਅਤੇ ਪਿਛਲੇ ਚਾਲੀ ਵਰ੍ਹਿਆਂ ਤੋਂ ਐਡੀਲੇਡ ਵਿਖੇ ਰਹਿ ਰਹੇ ਹਨ। ਸਿੱਖ ਖੇਡਾਂ ਦੇ ਬਾਨੀਆਂ ਵਿਚੋਂ ਉਹ ਇਕ ਹਨ। 1988 'ਚ ਹੋਈਆਂ ਪਹਿਲੀਆਂ ਸਿੱਖ ਖੇਡਾਂ ਦੀ ਪ੍ਰਬੰਧਕੀ ਟੀਮ ਦੇ ਵੀ ਉਹ ਮੈਂਬਰ ਸਨ। ਵੇਲੇ-ਵੇਲੇ ਸਿਰ ਗੁਰਦਵਾਰਾ ਸਾਹਿਬ ਗਲੇਨਓਸਮੰਡ ਦੇ ਪ੍ਰਬੰਧਨ ਦੀ ਜ਼ੁੰਮੇਵਾਰੀ ਸਾਂਭ ਚੁੱਕੇ ਹਨ। ਸਮਾਜਿਕ ਅਤੇ ਧਾਰਮਿਕ ਕੰਮਾਂ 'ਚ ਉਹ ਅਕਸਰ ਵੱਧ ਚੜ ਕੇ ਹਿੱਸਾ ਪਾਉਂਦੇ ਰਹਿੰਦੇ ਹਨ। ਇਸ ਬਾਰ ਉਹ ਯੂਨਾਈਟਿਡ ਸਿੱਖਾਂ ਆਫ਼ ਸਾਊਥ ਆਸਟ੍ਰੇਲੀਆ ਵੱਲੋਂ ਨੁਮਾਇੰਦਗੀ ਕਰ ਰਹੇ ਹਨ। 

ਉਪ ਪ੍ਰਧਾਨ: ਸੁਖਵਿੰਦਰ ਪਾਲ ਸਿੰਘ ਬੱਲ

ਸੁਖਵਿੰਦਰ ਪਾਲ ਸਿੰਘ ਸਾਊਥ ਆਸਟ੍ਰੇਲੀਆ 'ਚ ਪਿਛਲੇ ਚੌਦਾਂ ਵਰ੍ਹਿਆਂ ਤੋਂ ਰਹਿ ਰਹੇ ਹਨ। ਉਹ ਡਿਸੇਬਲਟੀ ਦੇ ਖੇਤਰ 'ਚ ਕੰਮ ਕਰਦੇ ਹਨ। ਇਹਨਾਂ ਖੇਡਾਂ 'ਚ ਉਹ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੀ ਨੁਮਾਇੰਦਗੀ ਕਰ ਰਹੇ ਹਨ। 

ਸਕੱਤਰ: ਮਹਾਂਬੀਰ ਸਿੰਘ ਗਰੇਵਾਲ

ਮਹਾਂਬੀਰ ਸਿੰਘ ਗਰੇਵਾਲ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਾਊਥ ਆਸਟ੍ਰੇਲੀਆ ਵਿਖੇ ਰਹਿ ਰਹੇ ਹਨ। ਉਹ ਸਿੱਖ ਖੇਡਾਂ ਦੀ ਬਾਨੀ ਟੀਮ ਦਾ ਹਿੱਸਾ ਰਹੇ ਹਨ ਅਤੇ ਲੰਮਾ ਚਿਰ ਇਹਨਾਂ ਖੇਡਾਂ ਦੀ ਨੈਸ਼ਨਲ ਕਮੇਟੀ ਦੀ ਪ੍ਰਧਾਨਗੀ ਵੀ ਕੀਤੀ ਹੈ। ਜਿੱਥੇ ਇਹ ਇਕ ਆਸਟ੍ਰੇਲੀਆ ਦੇ ਉੱਘੇ ਕਾਰੋਬਾਰੀ ਹਨ ਉੱਥੇ ਗੁਰਦਵਾਰਾ ਸਾਹਿਬ ਗੁਰੂ ਨਾਨਕ ਦਰਬਾਰ ਐਲਨਬਾਈ ਗਾਰਡਨ ਦਾ ਪ੍ਰਬੰਧ ਵੀ ਕਰਦੇ ਹਨ। ਇਸ ਕਮੇਟੀ 'ਚ ਇਹ ਗੁਰੂ ਦਰਬਾਰ ਦੀ ਨੁਮਾਇੰਦਗੀ ਕਰ ਰਹੇ ਹਨ।

ਖ਼ਜ਼ਾਨਚੀ: ਪਰਮਿੰਦਰ ਸਿੰਘ 

ਪਰਮਿੰਦਰ ਸਿੰਘ ਤਕਰੀਬਨ ਪੰਦਰਾਂ ਵਰ੍ਹਿਆਂ ਤੋਂ ਸਾਊਥ ਆਸਟ੍ਰੇਲੀਆ ਵਿਖੇ ਰਹਿ ਰਹੇ ਹਨ। ਉਹ ਗੁਰਦਵਾਰਾ ਸਾਹਿਬ ਸਰਬੱਤ ਖ਼ਾਲਸਾ ਪ੍ਰਾਸਪੈਕਟਸ ਦੀ ਨੁਮਾਇੰਦਗੀ ਇਸ ਕਮੇਟੀ 'ਚ ਕਰ ਰਹੇ ਹਨ। ਉਹ ਵੇਲੇ ਵੇਲੇ ਸਿਰ ਧਾਰਮਿਕ ਅਤੇ ਖੇਡ ਗਤੀਵਿਧੀਆਂ ਦਾ ਪ੍ਰਬੰਧਨ ਸਰਬੱਤ ਖ਼ਾਲਸਾ ਵੱਲੋਂ ਕਰਦੇ ਰਹੇ ਹਨ। 

ਖੇਡ ਪ੍ਰਤੀਨਿਧੀ: ਹਰਜਿੰਦਰ ਸਿੰਘ ਲਸਾੜਾ 

ਹਰਜਿੰਦਰ ਸਿੰਘ ਲਸਾੜਾ ਸਾਊਥ ਆਸਟ੍ਰੇਲੀਆ 'ਚ ਪਿਛਲੇ ਪੰਦਰਾਂ ਵਰ੍ਹਿਆਂ ਤੋਂ ਰਹਿ ਰਹੇ ਹਨ। ਉਦੋਂ ਤੋਂ ਹੀ ਸਿੱਖ ਖੇਡਾਂ ‘ਚ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਉਹ ਹਾਕੀ ਦੇ ਇਕ ਸ਼ਾਨਦਾਰ ਖਿਡਾਰੀ ਹਨ। ਐਡੀਲੇਡ ਸਿੱਖਸ ਹਾਕੀ ਕਲੱਬ ਦੇ ਬਾਨੀਆਂ ਵਿਚੋਂ ਇੱਕ ਹਨ। ਉਹ ਗੋਰਿਆਂ ਦੇ ਕਲੱਬ ਵੁਡਵਿੱਲ ਲਈ ਨਾ ਸਿਰਫ਼ ਖੇਡਦੇ ਹਨ ਸਗੋਂ ਉਹਨਾਂ ਦੀ ਪ੍ਰਬੰਧਕੀ ਟੀਮ ਦਾ ਵੀ ਹਿੱਸਾ ਹਨ। ਉਹਨਾਂ ਕੋਲ ਸਿੱਖ ਖੇਡਾਂ 'ਚ ਇਕ ਖਿਡਾਰੀ ਅਤੇ ਪ੍ਰਬੰਧਕ ਦਾ ਚੰਗਾ ਤਜਰਬਾ ਹੈ। 

ਸਭਿਆਚਾਰਕ ਗਤੀਵਿਧੀਆਂ: ਰਾਜਵੰਤ ਸਿੰਘ 

ਰਾਜਵੰਤ ਸਿੰਘ ਪਿਛਲੇ ਸਤਾਰਾਂ ਵਰ੍ਹਿਆਂ ਤੋਂ ਸਾਊਥ ਆਸਟ੍ਰੇਲੀਆ ਵਿਖੇ ਰਹਿ ਰਹੇ ਹਨ ਅਤੇ ਸ਼ੁਰੂ ਤੋਂ ਹੀ ਸਿੱਖ ਖੇਡਾਂ ਨਾਲ ਜੁੜੇ ਰਹੇ ਹਨ। ਉਹ ਰੀਅਲ ਐਸਟੇਟ ਦੇ ਕਾਰੋਬਾਰੀ ਹਨ। ਉਹ ਫੁੱਟਬਾਲ ਦੇ ਇਕ ਚੰਗੇ ਖਿਡਾਰੀ ਹਨ ਅਤੇ ਸਾਊਥ ਆਸਟ੍ਰੇਲੀਆ ਦੇ ਪਹਿਲੇ ਪੰਜਾਬੀ ਫੁੱਟਬਾਲ ਕਲੱਬ ਦੇ ਬਾਨੀਆਂ 'ਚੋਂ ਇਕ ਹਨ। ਉਹ ਇਸ ਕਮੇਟੀ 'ਚ ਪੰਜਾਬ ਲਾਇਨਜ਼ ਕਲੱਬ ਦੀ ਨੁਮਾਇੰਦਗੀ ਕਰ ਰਹੇ ਹਨ। 

ਇਸਤਰੀਆਂ ਦੀ ਨੁਮਾਇੰਦਗੀ: ਇਸ਼ਾਰੀਤ ਕੌਰ ਨਾਗਰਾ 

ਈਸ਼ਾ ਆਸਟ੍ਰੇਲੀਆ ਦੇ ਹੀ ਜੰਮ ਪਲ਼ ਹਨ ਅਤੇ ਹੈਂਡ ਬਾਲ ਦੇ ਇਕ ਚੰਗੇ ਖਿਡਾਰਨ ਹਨ। ਬਚਪਨ ਤੋਂ ਸਿੱਖ ਖੇਡਾਂ 'ਚ ਕਿਸੇ ਨਾ ਕਿਸੇ ਰੂਪ 'ਚ ਆਪਣਾ ਯੋਗਦਾਨ ਪਾਉਂਦੇ ਰਹੇ ਹਨ। 

ਇਸਤਰੀਆਂ ਦੀ ਨੁਮਾਇੰਦਗੀ: ਜੈਸਮੀਨ ਕੌਰ ਪਾਂਗਲੀ

ਜੈਸਮੀਨ ਖ਼ੁਦ ਇੱਕ ਚੰਗੇ ਫੁੱਟਬਾਲ ਖਿਡਾਰਨ ਹਨ ਅਤੇ ਬਚਪਨ ਤੋਂ ਅੱਡੋ ਅੱਡ ਉਮਰ ਵਰਗ 'ਚ ਉਹ ਸਿੱਖ ਖੇਡਾਂ 'ਚ ਖੇਡਦੇ ਆ ਰਹੇ ਹਨ। 

 

ਮਿੰਟੂ ਬਰਾੜ

 ਮੀਡੀਆ ਕੋਆਰਡੀਨੇਟਰ