ਵਿਜੀਲੈਂਸ ਨੇ ਬਾਦਲਾਂ ਦਾ ਰਾਜ਼ਦਾਰ ਦਿਆਲ ਸਿੰਘ ਕੋਲਿਆਂਵਾਲੀ ਭ੍ਰਿਸ਼ਟਾਚਾਰ ਦੇ ਕੇਸ ‘ਚ ਅੜੁੰਗਿਆ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਡੀਜੀਪੀ ਸੁਰੇਸ਼ ਅਰੋੜਾ ਦੇ ਵਿਚਕਾਰ ਖੜ੍ਹੇ ਕੋਲਿਆਂਵਾਲੀ ਦੀ ਫਾਈਲ ਫੋਟੋ।
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਜੀਲੈਂਸ ਬਿਊਰੋ ਨੇ ਬਾਦਲ ਪਰਿਵਾਰ ਦੇ ਅਤਿ ਕਰੀਬੀ ਮੰਨੇ ਜਾਂਦੇ ਲੰਬੀ ਵਿਧਾਨ ਸਭਾ ਹਲਕੇ ਨਾਲ ਸਬੰਧਤ ਅਕਾਲੀ ਆਗੂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਵਿਰੁੱਧ ਭ੍ਰਿਸ਼ਟਾਚਾਰ ਅਤੇ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਕੈਪਟਨ ਸਰਕਾਰ ਦਾ ਇਹ ‘ਵਾਰ’ ਵੱਡਾ ਝਟਕਾ ਹੈ। ਵਿਜੀਲੈਂਸ ਵੱਲੋਂ ਇਹ ਮਾਮਲਾ ਮੁਹਾਲੀ ਪੁਲੀਸ ਥਾਣੇ ਵਿੱਚ ਵਿਜੀਲੈਂਸ ਦੀ ਪੜਤਾਲੀਆ ਰਿਪੋਰਟ ਦੇ ਅਧਾਰ ਉੱਤੇ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਕੈਪਟਨ ਸਰਕਾਰ ਨੇ ਬਾਦਲਾਂ ਦੇ ਕਰੀਬੀ ਕਿਸੇ ਅਕਾਲੀ ਨੇਤਾ ਖਿਲਾਫ਼ ਭ੍ਰਿਸ਼ਟਾਚਾਰ ਦਾ ਪਹਿਲਾ ਕੇਸ ਦਰਜ ਕੀਤਾ ਹੈ। ਵਿਜੀਲੈਂਸ ਦੀ ਪੜਤਾਲੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦਿਆਲ ਸਿੰਘ ਕੋਲਿਆਂਵਾਲੀ ਨੇ ਅਕਾਲੀ ਸਰਕਾਰ ਦੇ ਸਮੇਂ ਆਪਣੇ ਰੁਤਬੇ ਦੀ ਦੁਰਵਰਤੋਂ ਕਰਦਿਆਂ ਸਰਕਾਰੀ ਕਰਮਚਾਰੀਆਂ ਤੇ ਅਫ਼ਸਰਾਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਰਾਹੀਂ ਭਾਰੀ ਰਕਮਾਂ ਹਾਸਲ ਕੀਤੀਆਂ ਹਨ। ਵਿਜੀਲੈਂਸ ਨੇ ਕੋਲਿਆਂਵਾਲੀ ਉੱਤੇ ਪੰਜਾਬ ਸਮੇਤ ਰਾਜਸਥਾਨ, ਉੱਤਰਾਖੰਡ ਆਦਿ ਸੂਬਿਆਂ ਵਿੱਚ ਵੀ ਜ਼ਮੀਨ ਅਤੇ ਹੋਟਲ ਆਦਿ ਖ਼ਰੀਦਣ ਦੇ ਦੋਸ਼ ਲਾਏ ਹਨ। ਸੂਤਰਾਂ ਦਾ ਦੱਸਣਾ ਹੈ ਕਿ ਕਾਂਗਰਸੀ ਨੇਤਾਵਾਂ ਦੇ ਦਬਾਅ ਅਧੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਲਿਆਂਵਾਲੀ ਖਿਲਾਫ਼ ਕੁੱਝ ਮਹੀਨੇ ਪਹਿਲਾਂ ਹੀ ਵਿਜੀਲੈਂਸ ਪੜਤਾਲ ਦੀ ਇਜਾਜ਼ਤ ਦੇ ਦਿੱਤੀ ਸੀ। ਵਿਜੀਲੈਂਸ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਕੁੱਝ ਹੋਰਨਾਂ ਅਕਾਲੀ ਨੇਤਾਵਾਂ ਖਿਲਾਫ਼ ਵੀ ਵਿਜੀਲੈਂਸ ਪੜਤਾਲ ਕੀਤੀ ਜਾ ਰਹੀ ਹੈ ਤੇ ਸਰਕਾਰ ਵੱਲੋਂ ਹਰੀ ਝੰਡੀ ਦਿੱਤੇ ਜਾਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।
ਵਿਜੀਲੈਂਸ ਨੇ 1 ਅਪਰੈਲ 2009 ਤੋਂ ਲੈ ਕੇ 31 ਮਾਰਚ 2014 ਤੱਕ ਦੇ ਸਮੇਂ ਨੂੰ ਪੜਤਾਲ ਦਾ ਆਧਾਰ ਬਣਾਇਆ ਹੈ। ਬਿਊਰੋ ਮੁਤਾਬਕ ਇਸ ਸਮੇਂ ਦੌਰਾਨ ਕੋਲਿਆਂਵਾਲੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ 2 ਕਰੋੜ 39 ਲੱਖ 42 ਹਜ਼ਾਰ 854 ਰੁਪਏ ਦੀ ਆਮਦਨ ਹੋਈ ਸੀ। ਇਸ ਦੇ ਉਲਟ ਇਸ ਸਮੇਂ ਦੌਰਾਨ ਇਸ ਪਰਿਵਾਰ ਵੱਲੋਂ 4 ਕਰੋੜ 10 ਲੱਖ 63 ਹਜ਼ਾਰ 158 ਕਰੋੜ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਖ਼ਰੀਦੀ ਗਈ। ਵਿਜੀਲੈਂਸ ਮੁਤਾਬਕ ਆਮਦਨ ਤੇ ਖ਼ਰਚ ਵਿਚਲਾ ਪਾੜਾ 71.5 ਫੀਸਦੀ ਜ਼ਿਆਦਾ ਬਣਦਾ ਹੈ। ਵਿਜੀਲੈਂਸ ਦਾ ਕਹਿਣਾ ਹੈ ਕਿ ਦਿਆਲ ਸਿੰਘ ਕੋਲਿਆਂਵਾਲੀ ਨੇ ਜਨਸੇਵਕ ਹੁੰਦਿਆਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਕਰੋੜਾਂ ਰੁਪਏ ਗਲਤ ਤਰੀਕਿਆਂ ਰਾਹੀਂ ਕਮਾਏ। ਐੱਫਆਈਆਰ. ਵਿੱਚ ਕੋਲਿਆਂਵਾਲੀ ਦੇ ਪਰਿਵਾਰ ਕੋਲ 4 ਲਗਜ਼ਰੀ ਗੱਡੀਆਂ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਸੇ ਤਰ੍ਹਾਂ ਪਿੰਡ ਕੋਲਿਆਂਵਾਲੀ ਵਿੱਚ 5 ਏਕੜ ਵਿੱਚ ਮਹਿਲਨੁਮਾ ਘਰ ਅਤੇ ਮੁੰਡੇ ਦੇ ਵਿਆਹ ‘ਤੇ ਸ਼ਾਹੀ ਖ਼ਰਚ ਦਾ ਹਵਾਲਾ ਵੀ ਦਿੱਤਾ ਗਿਆ ਹੈ। ਬਿਊਰੋ ਵੱਲੋਂ ਕੋਲਿਆਂਵਾਲੀ ਦੇ ਅਧੀਨ ਸੇਵਾਵਾਂ ਚੋਣ ਬੋਰਡ ਦਾ ਮੈਂਬਰ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦਾ ਚੇਅਰਮੈਨ ਹੋਣ ਦੇ ਸਮੇਂ ਨੂੰ ਜਨ ਸੇਵਕ ਦੇ ਰੁਤਬੇ ਨਾਲ ਜੋੜਿਆ ਹੈ। ਬਾਦਲਾਂ ਦੇ ਰਾਜ ਵਿੱਚ ਦਿਆਲ ਸਿੰਘ ਕੋਲਿਆਂਵਾਲੀ ਦੀ ਤੂਤੀ ਬੋਲਦੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੰਬੀ ਪਿੰਡ ਵਿਚ ਦਿੱਤੇ ਧਰਨੇ ਦੌਰਾਨ ਕਾਂਗਰਸ ਸਰਕਾਰ ਦੇ ਹੋਂਦ ‘ਚ ਆਉਣ ਤੋਂ ਬਾਅਦ ਕੋਲਿਆਂਵਾਲੀ ਨੂੰ ਗ੍ਰਿਫ਼ਤਾਰ ਕਰਨ ਦਾ ਐਲਾਨ ਕੀਤਾ ਸੀ।
Comments (0)