ਬਦਲਾਖੋਰੀ ਦੀ ਥਾਂ ਸਾਡਾ ਨਿਸ਼ਾਨਾ ਬਦਲਾਅ ਦਾ ਹੈ: ਅਮਰਿੰਦਰ ਸਿੰਘ

ਬਦਲਾਖੋਰੀ ਦੀ ਥਾਂ ਸਾਡਾ ਨਿਸ਼ਾਨਾ ਬਦਲਾਅ ਦਾ ਹੈ: ਅਮਰਿੰਦਰ ਸਿੰਘ

ਅਕਾਲੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਚੁੱਪ ਵੱਟੀ

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਨੂੰ ਸੰਬੋਧਨ ਕਰਦੇ ਹੋਏ।
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਆਪਣੇ ਇਰਾਦੇ ਸਪੱਸ਼ਟ ਕਰਦਿਆਂ ਕਿਹਾ ਕਿ ਸਰਕਾਰ ਬਦਲੇ ਦੀ ਰਾਜਨੀਤੀ ਦੀ ਥਾਂ ‘ਬਦਲਾਅ’ ਦੀ ਰਾਜਨੀਤੀ ਕਰੇਗੀ। ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਨ ‘ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਅਕਾਲੀ-ਭਾਜਪਾ ਗੱਠਜੋੜ ਦੇ 10 ਸਾਲਾ ਰਾਜ ਦੌਰਾਨ ਹਰ ਪੱਖ ਤੋਂ ਭੱਠਾ ਬਿਠਾਉਣ ਦੇ ਦੋਸ਼ ਤਾਂ ਲਾਏ ਪਰ ਜਦੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਬਾਦਲ ਪਰਿਵਾਰ ਵੱਲ ਨਿਸ਼ਾਨਾ ਸੇਧਦਿਆਂ ਪਿਛਲੇ 10 ਸਾਲਾਂ ਵਿੱਚ ਹੋਈਆਂ ‘ਬੇਨਿਯਮੀਆਂ’ ਦੀ ਜਾਂਚ ਕਰਾਉਣ ਦੀ ਗੱਲ ਕਹੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪੂਰੀ ਤਰ੍ਹਾਂ ਖਾਮੋਸ਼ੀ ਧਾਰ ਲਈ। ਸ੍ਰੀ ਖਹਿਰਾ ਨੇ ਕਿਹਾ ਕਿ ਕਿਸੇ ਬੇਕਸੂਰ ਖਿਲਾਫ਼ ਤਾਂ ਕਾਰਵਾਈ ਭਾਵੇਂ ਨਾ ਹੋਵੇ ਪਰ ਹੋਟਲ ਤੇ ਟਰਾਂਸਪੋਰਟ ਕੰਪਨੀਆਂ ਖੜ੍ਹੀਆਂ ਕਰਨ ਵਾਲਿਆਂ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਵਿਰੋਧੀ ਧਿਰ ਦੇ ਨੇਤਾ ਦਾ ਇਸ਼ਾਰਾ ਬਾਦਲ ਪਰਿਵਾਰ ਵੱਲ ਸੀ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸਦਨ ‘ਚ ਮੌਜੂਦ ਸਨ। ਸ੍ਰੀ ਖਹਿਰਾ ਨੇ ਜਦੋਂ ਇਹ ਮੰਗ ਰੱਖੀ ਤਾਂ ਕਾਂਗਰਸ ਦੇ ਬਹੁ ਗਿਣਤੀ ਵਿਧਾਇਕਾਂ ਨੇ ਵੀ ਮੇਜ ਥਪਥਪਾ ਕੇ ਸਮਰਥਨ ਕੀਤਾ। ਮੁੱਖ ਮੰਤਰੀ ਨੇ ਸਾਰੇ ਮਾਮਲੇ ‘ਤੇ ਚੁੱਪ ਹੀ ਨਹੀਂ ਵੱਟੀ ਸਗੋਂ ਆਪਣੇ ਸੰਬੋਧਨ ਦੌਰਾਨ ਭਾਰਤੀ ਸੈਨਾ (ਨੈਸ਼ਨਲ ਡਿਫੈਂਸ ਅਕੈਡਮੀ) ਵਿੱਚ ਭਰਤੀ ਵਧਾਉਣ ਬਦਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਾਰੀਫ ਵੀ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ-ਭਾਜਪਾ ਸਰਕਾਰ ‘ਤੇ ਸੂਬੇ ਦੀ ਕਾਨੂੰਨ ਵਿਵਸਥਾ ਵਿਗਾੜਨ ਦੇ ਦੋਸ਼ ਲਾਏ ਤੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਵੇਂ ਕਤਲਾਂ ਦੀ ਗੁੱਥੀ ਸੁਲਝਾ ਕੇ ਅਤਿਵਾਦੀਆਂ ਨੂੰ ਹੀ ਨਹੀਂ ਫੜਿਆ ਸਗੋਂ 707 ਗੈਂਗਸਟਰਾਂ ਨੂੰ ਵੀ ਕਾਬੂ ਕੀਤਾ ਹੈ। ਮੁੱਖ ਮੰਤਰੀ ਨੇ ‘ਗੈਂਗਸਟਰਾਂ’ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਆਤਮ ਸਮਰਪਣ ਕਰ ਦਿਉ ਜਾਂ ਫਿਰ ਕਾਰਵਾਈ ਲਈ ਤਿਆਰ ਰਹੋ। ਅਕਾਲੀ ਦਲ ਦੀਆਂ ਪੋਲ ਖੋਲ੍ਹ ਰੈਲੀਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਸਰਕਾਰ ਅਕਾਲੀਆਂ ਦੀ ਪੋਲ ਖੋਲ੍ਹਣ ‘ਤੇ ਆ ਗਈ ਤਾਂ ਬਹੁਤ ਕੁਝ ਖੁੱਲ੍ਹ ਜਾਵੇਗਾ। ਜਾਂਚ ਕਮਿਸ਼ਨਾਂ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਸਟਿਸ (ਸੇਵਾਮੁਕਤ) ਮਹਿਤਾਬ ਸਿੰਘ ਗਿੱਲ ਦੀ ਅਗਵਾਈ ਹੇਠਲੇ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਕ ਕਾਰਵਾਈ ਕੀਤੀ ਜਾ ਚੁੱਕੀ ਹੈ ਤੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਦੀ ਰਿਪੋਰਟ ਮੁਤਾਬਕ ਬੇਅਦਬੀ ਮਾਮਲਿਆਂ ਦੀਆਂ ਰਿਪੋਰਟਾਂ ‘ਤੇ ਵੀ ਕਾਰਵਾਈ ਕੀਤੀ ਜਾਵੇਗੀ। ਵਿਕਾਸ ਕਰ ਲਾਉਣ ਦੀ ਪੈਰਵੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਭਲੇ ਲਈ ਹੋਰ ਵੀ ਸਖ਼ਤ ਫੈਸਲੇ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੁਫ਼ਤ ਬਿਜਲੀ ਹਰ ਹਾਲ ਜਾਰੀ ਰਹੇਗੀ ਤੇ ਜਿਹੜੇ ਮੀਟਰ ਲਾਏ ਜਾ ਰਹੇ ਹਨ ਉਹ ਮਹਿਜ਼ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਚੈੱੱਕ ਕਰਨ ਲਈ ਹੀ ਲਾਏ ਜਾ ਰਹੇ ਹਨ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ 9500 ਕਰੋੜ ਰੁਪਏ ਦੀ ਕਰਜ਼ਾ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਵਾਅਦੇ ਨੂੰ ਹਰ ਹਾਲ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ‘ਤੇ ਹਰਿਆਣਾ ਰਾਜ ਨੂੰ ਹੱਕ ਛੱਡਣ ਦੀ ਸਲਾਹ ਦਿੰਦਿਆਂ ਕਿਹਾ ਕਿ ਹਰਿਆਣਾ ਕੋਲ ਸ਼ਾਰਦਾ ਤੇ ਯਮੁਨਾ ਨਦੀਆਂ ਦਾ ਪਾਣੀ ਮਿਲਣ ਤੋਂ ਬਾਅਦ ਪੰਜਾਬ ਨਾਲੋਂ ਵੀ ਜ਼ਿਆਦਾ ਪਾਣੀ ਹੋਵੇਗਾ ਤੇ ਪੰਜਾਬ ਨਾਲੋਂ ਜ਼ਮੀਨ ਵੀ ਘੱਟ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਹੱਕ ਛੱਡਣਾ ਚਾਹੀਦਾ ਹੈ ਕਿਉਂਕਿ ਪੰਜਾਬ ਕੋਲ ਇੱਕ ਬੂੰਦ ਵੀ ਫਾਲਤੂ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਟਰੱਕ ਯੂਨੀਅਨਾਂ ਦੀ ਸੂਬੇ ਵਿੱਚ ਜੁੱਟਬੰਦੀ ‘ਤੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਨਵੀਂ ਪੰਜਾਬ ਟਰਾਂਸਪੋਰਟ ਸਕੀਮ 2018 ਨੋਟੀਫਾਈ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਸਾਲ ਸਿਸਟਮ ਨੂੰ ਮੁੜ ਢਾਂਚਾਗਤ ਕੀਤਾ ਹੈ। ਨਵੀਆਂ ਨੀਤੀਆਂ ਅਤੇ ਪ੍ਰੋਗਰਾਮ ਤਿਆਰ ਕੀਤੇ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ 2017 ਦੀ ਚੋਣ ਦੌਰਾਨ ਤਕਰੀਬਨ 13 ਲੱਖ ਨੌਜਵਾਨਾਂ ਨੇ ਨੌਕਰੀ ਜਾਂ ਲਾਭਦਾਇਕ ਰੁਜ਼ਗਾਰ ਵਾਸਤੇ ਸੰਪਰਕ ਕੀਤਾ ਹੈ ਜਿਸ ਲਈ ਸਰਕਾਰ ਨੇ ”ਘਰ ਘਰ ਰੁਜ਼ਗਾਰ ਤੇ ਕਾਰੋਬਾਰ” ਨੂੰ ਮਿਸ਼ਨ ਬਣਾ ਕੇ ਆਪਣਾ ਕੰਮ ਸ਼ੁਰੂ ਕੀਤਾ ਹੈ। ਇਸ ਸਮੇਂ ਦੌਰਾਨ ਵੱਖ-ਵੱਖ ਸ਼੍ਰੇਣੀਆਂ ਦੀਆਂ 166291 ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ 31084 ਮੈਗਾ ਰੁਜ਼ਗਾਰ ਮੇਲਿਆਂ ਅਤੇ 27718 ਸਰਕਾਰੀ ਨੌਕਰੀਆਂ ਤੋਂ ਇਲਾਵਾ 36022 ਸਵੈ-ਰੁਜ਼ਗਾਰ ਮੌਕੇ ਸ਼ਾਮਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵਾਅਦੇ ਮੁਤਾਬਕ ਨੌਜਵਾਨਾਂ ਨੂੰ ਸਮਾਰਟ ਫੋਨ ਵੀ ਦਿੱਤੇ ਜਾਣਗੇ।