ਭਾਰਤ ‘ਚ ਘੱਟ ਗਿਣਤੀਆਂ ਉੱਤੇ ਜ਼ੁਲਮਾਂ ਖ਼ਿਲਾਫ਼ ਸਿੱਖ ਜਥੇਬੰਦੀਆਂ ਵੱਲੋਂ ਵਿਸਾਖੀ ਮੌਕੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਅੱਗੇ ਮੁਜ਼ਾਹਰਾ

ਭਾਰਤ ‘ਚ ਘੱਟ ਗਿਣਤੀਆਂ ਉੱਤੇ ਜ਼ੁਲਮਾਂ ਖ਼ਿਲਾਫ਼ ਸਿੱਖ ਜਥੇਬੰਦੀਆਂ ਵੱਲੋਂ ਵਿਸਾਖੀ ਮੌਕੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਅੱਗੇ ਮੁਜ਼ਾਹਰਾ

ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼
ਡਾ. ਭੀਮਰਾਓ ਅੰਬੇਡਕਰ ਦੇ 127ਵੇਂ ਜਨਮ ਦਿਹਾੜੇ ਮੌਕੇ ਸਿੱਖ ਜਥੇਬੰਦੀਆਂ ਨੇ ਸ਼ਨਿਚਰਵਾਰ ਨੂੰ ਇੱਥੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਦੇ ਬਾਹਰ ਮੁਜ਼ਾਹਰਾ ਕਰਕੇ ਭਾਰਤ ‘ਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ‘ਤੇ ਜ਼ੁਲਮਾਂ ਖ਼ਿਲਾਫ਼ ਰੋਸ ਜ਼ਾਹਰ ਕੀਤਾ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਮਿਸ਼ਨ ਨੇ ਡਾ. ਅੰਬੇਡਕਰ ਦੇ ਜਨਮ ਦਿਨ ਮੌਕੇ ‘ਲਿਵਿੰਗ ਨੋ ਵਨ ਬਿਹਾਈਂਡ’ ਨਾਂ ਹੇਠ ਵਿਸ਼ੇਸ਼ ਪ੍ਰੋਗਰਾਮ ਰੱਖਿਆ ਹੋਇਆ ਸੀ। ਇਸ ਮਗਰੋਂ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਨੁਮਾਇੰਫੇ ਸਈਦ ਅਕਬਰੂਦੀਨ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਸਿੱਖਾਂ ਦੇ ਧੜਿਆਂ ਨੇ ਖੜ੍ਹੇ ਹੋ ਕੇ ਸ਼ਾਂਤ ਢੰਗ ਨਾਲ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਤੇ ‘ਘੱਟ ਗਿਣਤੀਆਂ ਖਤਰੇ ‘ਚ’ ਤੇ ’84 ਨੂੰ ਨਾ ਭੁੱਲੇ’ ਲਿਖੇ ਪੋਸਟਰ ਤੇ ਅਯੁੱਧਿਆ ਦੀ ਬਾਬਰੀ ਮਸਜਿਦ ਤੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਲਹਿਰਾਈਆਂ। ਇਹ ਮੁਜ਼ਾਹਰਾਕਾਰੀ ਅਕਬਰੂਦੀਨ ਦੇ ਸਾਰੇ ਭਾਸ਼ਣ ਦੌਰਾਨ ਰੋਸ ਵਜੋਂ ਸ਼ਾਂਤ ਖੜ੍ਹੇ ਰਹੇ ਤੇ ਭਾਸ਼ਣ ਖਤਮ ਹੁੰਦਿਆਂ ਹੀ ਕਾਨਫਰੰਸ ਰੂਮ ‘ਚੋਂ ਚਲੇ ਗਏ। ਬਾਹਰ ਆ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਐੱਸਏ ਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਯੂਐੱਸਏ ਨੇ ਦੱਸਿਆ ਕਿ ਉਨ੍ਹਾਂ ਸ਼ਾਂਤਮਈ ਢੰਗ ਨਾਲ ਰੋਸ ਜ਼ਾਹਿਰ ਕੀਤਾ ਹੈ। ਉਹ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਆਵਾਜ਼ ਉਠਾ ਰਹੇ ਸਨ।

ਆਪਣੇ ਕੰਮਾਂ ਕਾਰਨ ਮਹਾਨ ਬਣੇ ਡਾ. ਅੰਬੇਡਕਰ: ਯੂਐੱਨ
ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਦੇ ਪ੍ਰਸ਼ਾਸਕ ਐਚਿਮ ਸਟੀਨਰ ਨੇ ਸਮਾਗਮ ਦੌਰਾਨ ਮੁੱਖ ਭਾਸ਼ਣ ਦਿੰਦਿਆਂ ਕਿਹਾ ਕਿ ਡਾ. ਅੰਬੇਡਕਰ ਵੱਲੋਂ ਪੱਛੜੇ ਵਰਗ ਦੇ ਲੋਕਾਂ ਨੂੰ ਸਿਆਸੀ ਤੇ ਸਮਾਜਿਕ ਤੌਰ ‘ਤੇ ਅੱਗੇ ਲਿਆਉਣ ਲਈ ਕੀਤੀਆਂ ਕੋਸ਼ਿਸ਼ਾਂ ਨੇ ਹੀ ਉਨ੍ਹਾਂ ਨੂੰ ਮਹਾਨ ਬਣਾਇਆ ਤੇ ਉਨ੍ਹਾਂ ਦਾ ਨਜ਼ਰੀਆ ਸੰਯੁਕਤ ਰਾਸ਼ਟਰ 2030 ਤੱਕ ਦੇ ਵਿਕਾਸ ਪ੍ਰੋਗਰਾਮ ‘ਚ ਸਾਫ਼ ਝਲਕਦਾ ਹੈ।