ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਿੰਟੂ ਦਾ ਪੋਸਟਮਾਰਟਮ
ਪਟਿਆਲਾ/ਬਿਊਰੋ ਨਿਊਜ਼
ਖਾਲਿਸਤਾਨੀ ਆਗੂ ਤੇ ਨਾਭਾ ਜੇਲ੍ਹ ਬਰੇਕ ਕਾਂਡ ਦੇ ਮੁਲਜ਼ਮ ਹਰਮਿੰਦਰ ਸਿੰਘ ਮਿੰਟੂ ਦੀ ਦੇਹ ਦਾ ਪੋਸਟਮਾਰਟਮ ਅੱਜ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਹੋਇਆ। ਇਸ ਮੌਕੇ ਮਿੰਟੂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਹਸਪਤਾਲ ਦੇ ਬਾਹਰ ਗਰਮਖਿਆਲੀਆਂ ਨੇ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਘੇਰਨ ਦੀ ਕੋਸ਼ਿਸ਼ ਕੀਤੀ ਅਤੇ ਖਾਲਿਸਤਾਨ ਪੱਖੀ ਨਾਅਰੇ ਵੀ ਲਾਏ ਪਰ ਪੁਲੀਸ ਨੇ ਜਲਦੀ ਹੀ ਰਾਹ ਖਾਲੀ ਕਰਵਾ ਕੇ ਐਂਬੂਲੈਂਸ ਤੋਰ ਦਿੱਤੀ। ਪਰਿਵਾਰਕ ਮੈਂਬਰਾਂ ਮੁਤਾਬਿਕ ਮਿੰਟੂ ਦਾ ਅੰਤਿਮ ਸੰਸਕਾਰ ਜਲੰਧਰ ਵਿੱਚ ਉਸਦੇ ਜੱਦੀ ਪਿੰਡ ਡੱਲੀ ਵਿੱਚ ਭਲਕੇ 20 ਅਪਰੈਲ ਨੂੰ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਬੁੱਧਵਾਰ ਨੂੰ ਸੀਨੇ ਵਿੱਚ ਦਰਦ ਹੋਣ ‘ਤੇ ਕੇਂਦਰੀ ਜੇਲ੍ਹ ਪਟਿਆਲਾ ਤੋਂ ਜਦੋਂ ਮਿੰਟੂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਸੀ। ਕੱਲ੍ਹ ਸ਼ਾਮ ਤੋਂ ਹੀ ਉਸ ਦੀ ਲਾਸ਼ ਪੁਲੀਸ ਪਹਿਰੇ ਹੇਠ ਮੁਰਦਾਘਰ ਵਿੱਚ ਪਈ ਸੀ। ਗੋਆ ਤੋਂ ਉਸ ਦੀ ਮਾਤਾ ਗੁਰਦੇਵ ਕੌਰ ਤੇ ਦੋ ਭਰਾ ਲਖਵਿੰਦਰ ਸਿੰਘ ਤੇ ਸਤਿੰਦਰ ਸਿੰਘ ਦੇ ਅੱਜ ਦੁਪਹਿਰ ਵੇਲੇ ਇੱਥੇ ਪੁੱਜਣ ‘ਤੇ ਜੇ.ਐੱਮ.ਆਈ.ਸੀ. ਅਮਨਦੀਪ ਸਿੰਘ ਦੀ ਨਿਗਰਾਨੀ ਹੇਠ ਤਿੰਨ ਡਾਕਟਰਾਂ ਵੱਲੋਂ ਪੋਸਟ ਮਾਰਟਮ ਕੀਤਾ ਗਿਆ। ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਮਿੰਟੂ ਦੇ ਵਕੀਲ ਬਰਜਿੰਦਰ ਸਿੰਘ ਸੋਢੀ ਸਮੇਤ ਮਿੰਟੂ ਦੇ ਪਰਿਵਾਰਕ ਮੈਂਬਰ ਵੀ ਪੋਸਟ ਮਾਰਟਮ ਮੌਕੇ ਹਸਪਤਾਲ ਵਿੱਚ ਮੌਜੂਦ ਸਨ। ਸ਼ਾਮ ਚਾਰ ਵਜੇ ਮਿੰਟੂ ਦੀ ਦੇਹ ਲੈ ਕੇ ਐਂਬੂਲੈਂਸ ਜਿਉਂ ਹੀ ਹਸਪਤਾਲ ਵਿੱਚੋਂ ਬਾਹਰ ਨਿਕਲੀ ਤਾਂ ਦੇਹ ਦੇ ਅੰਤਿਮ ਦਰਸ਼ਨ ਕਰਨ ਦੀ ਮੰਗ ਕਰਦਿਆਂ ਵੱਡੀ ਗਿਣਤੀ ਗਰਮਖਿਆਲੀ ਆਗੂਆਂ ਤੇ ਵਰਕਰਾਂ ਨੇ ਗੇਟ ਅੱਗੇ ਹੋ ਕੇ ਐਂਬੂਲੈਂਸ ਘੇਰਨ ਦੀ ਕੋਸ਼ਿਸ਼ ਕੀਤੀ। ਐੱਸ.ਪੀ. (ਸਿਟੀ) ਕੇਸਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੁਲੀਸ ਅਮਲੇ ਨੇ ਸਾਰਿਆਂ ਨੂੰ ਲਾਂਭੇ ਕਰਕੇ ਰਸਤਾ ਖਾਲੀ ਕਰਵਾਇਆ ਤੇ ਕਾਫ਼ਲਾ ਰਵਾਨਾ ਕੀਤਾ। ਇੱਥੇ ਪੁੱਜੇ ਆਗੂਆਂ ਵਿੱਚ ਭਾਈ ਅਮਰੀਕ ਸਿੰਘ ਅਜਨਾਲਾ, ਬਖ਼ਸ਼ੀਸ਼ ਸਿੰਘ ਬਾਬਾ, ਬੀਬੀ ਸੋਹਣਜੀਤ ਕੌਰ, ਦਲਜੀਤ ਸਿੰਘ ਸਮਾਣਾ, ਲਖਵੀਰ ਸਿੰਘ ਕਪੂਰੀ, ਗਗਨ ਭੁੱਲਰ, ਪ੍ਰੋ. ਮਹਿੰਦਰਪਾਲ ਸਿੰਘ ਪਟਿਆਲਾ, ਜ਼ੋਰਾਵਰ ਸਿੰਘ ਭੁਨਰਹੇੜੀ, ਰਣਜੀਤ ਸਿੰਘ ਹਰਪਾਲਪੁਰ, ਬਗੀਚਾ ਸਿੰਘ ਵੜੈਚ, ਜਗਜੀਤ ਸਿੰਘ ਰਾਜਪੁਰਾ ਅਤੇ ਸੂਬਾ ਸਿੰਘ ਆਦਿ ਸ਼ਾਮਲ ਸਨ। ਕਾਫਲੇ ਤੁਰਨ ਮੌਕੇ ਗਰਮਖਿਆਲੀਆਂ ਨੇ ਖਾਲਿਸਤਾਨ ਪੱਖੀ ਨਾਅਰੇ ਵੀ ਲਾਏ। ਸਮੂਹ ਆਗੂਆਂ ਨੇ ਮਿੰਟੂ ਦੀ ਮੌਤ ਦੀ ਸਬੰਧੀ ਉੱਚ ਪੱਧਰੀ ਜਾਂਚ ‘ਤੇ ਵੀ ਜ਼ੋਰ ਦਿੱਤਾ। ਮਿੰਟੂ ਦੇ ਇੱਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਵਿਦੇਸ਼ ਵਿੱਚ ਦਿਲ ਦੇ ਅਪਰੇਸ਼ਨ ਦੌਰਾਨ ਮਿੰਟੂ ਦੇ ਸਟੰਟ ਪਏ ਸਨ।
ਸ਼੍ਰੋਮਣੀ ਕਮੇਟੀ ਨੇ ਮਿੰਟੂ ਦੀ ਮੌਤ ਦੀ ਨਿਰਪੱਖ ਜਾਂਚ ਮੰਗੀ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਹਰਮਿੰਦਰ ਸਿੰਘ ਮਿੰਟੂ ਦੀ ਮੌਤ ‘ਤੇ ਅਫ਼ਸੋਸ ਪ੍ਰਗਟਾਉਂਦਿਆਂ ਉਸ ਦੇ ਮੌਤ ਦੇ ਕਾਰਨਾਂ ਦੀ ਜਾਂਚ ਮੰਗੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮਿੰਟੂ ਦੀ ਅਚਨਚੇਤੀ ਮੌਤ ‘ਤੇ ਅਫ਼ਸੋਸ ਪ੍ਰਗਟ ਕਰਦਿਆਂ ਆਖਿਆ ਕਿ ਭਾਵੇਂ ਉਸ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ ਦੱਸੀ ਜਾ ਰਹੀ ਹੈ, ਪਰ ਸਿੱਖ ਜਗਤ ਵੱਲੋਂ ਪ੍ਰਗਟਾਏ ਜਾ ਰਹੇ ਖ਼ਦਸ਼ਿਆਂ ਤਹਿਤ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੌਰਾਨ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਕ੍ਰਿਪਾਲ ਸਿੰਘ ਰੰਧਾਵਾ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਬਾਬਾ ਦਰਸ਼ਨ ਸਿੰਘ ਨੇ ਦੋਸ਼ ਲਾਇਆ ਕਿ ਮਿੰਟੂ ਦਾ ਕਤਲ ਹੋਇਆ ਹੈ।
Comments (0)