ਬਟਾਲਾ ਪੁਲਿਸ ਵੱਲੋਂ ਦੋ ਹੋਰ ਸਿੱਖ ਨੌਜਵਾਨ ਗ੍ਰਿਫਤਾਰ

ਬਟਾਲਾ ਪੁਲਿਸ ਵੱਲੋਂ ਦੋ ਹੋਰ ਸਿੱਖ ਨੌਜਵਾਨ ਗ੍ਰਿਫਤਾਰ

ਪੁਲਿਸ ਵਲੋਂ ਦਿਖਾਈ ਗਈ ਬਰਾਮਦਗੀ (ਖੱਬੇ); ਗ੍ਰਿਫਤਾਰ ਕੀਤੇ ਗਏ ਨੌਜਵਾਨ (ਸੱਜੇ)
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਸਰਕਾਰ ਵਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਵੱਡੇ ਦਾਅਵੇ ਕਰਦਿਆਂ 21 ਅਤੇ 26 ਸਾਲ ਦੀ ਉਮਰ ਦੇ ਦੋ ਨੌਜਵਾਨਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਗਈ ਹੈ। ਸਰਕਾਰੀ ਪ੍ਰੈਸ ਬਿਆਨ ਅਨੁਸਾਰ ਬਟਾਲਾ ਪੁਲਿਸ ਨੇ ਧਰਮਿੰਦਰ ਸਿੰਘ (21 ਸਾਲ) ਅਤੇ ਕ੍ਰਿਪਾਲ ਸਿੰਘ (26 ਸਾਲ) ਨੂੰ ਐਫਆਈਆਰ ਨੰ: 46, ਨੂੰ ਧਾਰਾ 307,438,427,148,149 ਆਈਪੀਸੀ ਅਧੀਨ ਥਾਣਾ ਰੰਗੜ ਨੰਗਲ, ਜ਼ਿਲ੍ਹਾ ਬਟਾਲਾ ਤੋਂ ਗ੍ਰਿਫਤਾਰ ਕੀਤਾ ਹੈ ।
ਪ੍ਰੈਸ ਬਿਆਨ ਅਨੁਸਾਰ ਇਹਨਾਂ ਦੋ ਨੌਜਵਾਨਾਂ ਤੋਂ ਇਲਾਵਾ ਇਕ ਹੋਰ ਨੌਜਵਾਨ ਰਵਿੰਦਰ ਸਿੰਘ ਉਰਫ ਰਾਜਾ ਪੁੱਤਰ ਸਾਧੂ ਸਿੰਘ ਵਾਸੀ ਦੌਲਤਪੁਰਾ, ਪੁਲਿਸ ਥਾਣਾ ਕਾਦੀਆਂ ਨੂੰ ਵੀ ਧਰਮਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਕੇਸ ਵਿਚ ਵੀ ਪੁਲਿਸ ਨੇ ਉਹ ਹੀ ਦਾਅਵੇ ਕੀਤੇ ਹਨ ਜੋ ਹੁਣ ਤਕ ਹਰ ਗ੍ਰਿਫਤਾਰੀ ਵੇਲੇ ਲਗਭਗ ਇਕੋ ਜਿਹੇ ਹੁੰਦੇ ਹਨ, ਜਿਵੇਂ ਗ੍ਰਿਫਤਾਰ ਨੌਜਵਾਨਾਂ ਕੋਲੋਂ ਖਾਲਿਸਤਾਨ ਸਬੰਧੀ ਲਿਖਤ ਸਮੱਗਰੀ ਮਿਲਣੀ, ਸਪਰੇਅ ਮਿਲਣੀ ਅਤੇ ਨਫਰਤੀ ਹਿੰਸਾ ਭੜਕਾਉਣ ਦੇ ਯਤਨ ਕਰਨੇ।
ਪ੍ਰੈਸ ਬਿਆਨ ਅਨੁਸਾਰ, “ਇਨਾਂ ਦੋਵਾਂ ਨੂੰ ਹੋਰ ਵਿਦੇਸ਼ੀ ਤਾਕਤਾਂ ਤੋਂ ਬਿਨਾਂ ਗੁਰਪਤਵੰਤ ਸਿੰਘ ਪੰਨੂ , ਕਾਨੂੰਨੀ ਸਲਾਹਕਾਰ, ਸਿਖਜ਼ ਫਾਰ ਜਸਟਿਸ ਵੱਲੋਂ ਸਿਖਲਾਈ ਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਸੀ।”
ਪੰਜਾਬ ਪੁਲਿਸ ਦੇ ਦਾਅਵੇ ਅਨੁਸਾਰ ਪੁਲਿਸ ਨੇ ਜਾਮਾ ਤਲਾਸ਼ੀ ਦੌਰਾਨ ਧਰਮਿੰਦਰ ਸਿੰਘ ਕੋਲੋਂ 32 ਕੈਲੀਬਰ ਰਿਵਾਲਵਰ ਬਰਾਮਦ ਕੀਤਾ, ਜਦਕਿ ਕਿਰਪਾਲ ਸਿੰਘ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਇੱਕ .30 ਕੈਲੀਬਰ ਪਿਸਟਲ, ਸਿੱਖ ਰਿਫਰੈਂਡਮ-2020 ਸਬੰਧੀ ਪੋਸਟਰ, ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਤੇ ਰਿਫਰੈਂਡਮ-2020 ਦਾ ਸਟੈਂਸਲ ਅਤੇ ਸਪ੍ਰੇਅ ਪੇਂਟ ਦੀਆਂ ਬੋਤਲਾਂ ਹੱਥ ਲੱਗੀਆਂ।
ਜ਼ਿਕਰਯੋਗ ਹੈ ਕਿ ਪੁਲਿਸ ਦੇ ਦਾਅਵੇ ਅਨੁਸਾਰ ਹਥਿਆਰ ਬਰਾਮਦਗੀ ਹੋਣ ਦੀ ਗੱਲ ਕਹੀ ਗਈ ਹੈ ਪਰ ਗ੍ਰਿਫਤਾਰ ਨੌਜਵਾਨਾਂ ‘ਤੇ ਪਾਏ ਗਏ ਕੇਸ ਵਿਚ ਅਸਲਾ ਐਕਟ ਦੀ ਕਿਸੇ ਧਾਰਾ ਦਾ ਜ਼ਿਕਰ ਨਹੀਂ ਹੈ। ਐਫਆਈਆਰ ਅਨੁਸਾਰ ਧਾਰਾ 307 ਲਾਈ ਗਈ ਹੈ ਪਰ ਸਰਕਾਰੀ ਪ੍ਰੈਸ ਬਿਆਨ ਵਿਚ ਕਿਸੇ ਇਰਾਦਾ ਕਤਲ ਦਾ ਜ਼ਿਕਰ ਨਹੀਂ ਕੀਤਾ ਗਿਆ।
ਪ੍ਰੈਸ ਬਿਆਨ ਵਿਚ ਗੁਰਪਤਵੰਤ ਸਿੰਘ ਪਨੂੰ ਵਲੋਂ ਟਵੀਟ ਕੀਤੀ ਗਈ ਇਕ ਵੀਡੀਓ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਸ ਵਿਚ ਸਿੱਖਸ ਫਾਰ ਜਸਟਿਸ ਨਾਲ ਸਬੰਧਿਤ ਕੁਝ ਸੰਗਠਨਾਂ ਵਲੋਂ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਧਮਕੀ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਹਲਾਂਕਿ ਬਿਆਨ ਵਿਚ ਇਹ ਸਾਫ ਨਹੀਂ ਹੈ ਕਿ ਇਹਨਾਂ ਗ੍ਰਿਫਤਾਰੀਆਂ ਅਤੇ ਉਸ ਵੀਡੀਓ ਵਿਚ ਕੋਈ ਸਬੰਧ ਹੈ ਜਾ ਨਹੀਂ?
ਪ੍ਰੈਸ ਬਿਆਨ ਵਿਚ ਪਨੂੰ ਤੋਂ ਇਲਾਵਾ ਪਰਮਜੀਤ ਸਿੰਘ ਪੰਮਾ (ਯੂਕੇ), ਮਾਨ ਸਿੰਘ (ਯੂਕੇ) ਅਤੇ ਦੀਪ ਕੌਰ (ਮਲੇਸ਼ੀਆ) ਦਾ ਵੀ ਜ਼ਿਕਰ ਹੈ। ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ, “ਇਹਨਾਂ ਨੌਜਵਾਨਾਂ ਨੂੰ ਪੰਨੂ ਵੱਲੋਂ ਵਿੱਤੀ ਸਹਾਇਤਾ ਤੇ ਭੜਕਾਇਆ ਜਾ ਰਿਹਾ ਸੀ ਅਤੇ ਇਸ ਤੋਂ ਬਿਨਾਂ ਉਹ ਪਰਮਜੀਤ ਸਿੰਘ ਪੰਮਾ (ਯੂ.ਕੇ ), ਮਾਨ ਸਿੰਘ (ਯੂ.ਕੇ ), ਦੀਪ ਕੌਰ (ਮਲੇਸ਼ੀਆ ) ਦੇ ਵੀ ਸੰਪਰਕ ਵਿਚ ਸਨ ਤਾਂ ਜੋ ਹਿੰਸਕ ਗਤਿਵਿਧੀਆਂ ਨੂੰ ਅੰਜ਼ਾਮ ਦਿੱਤਾ ਜਾ ਸਕੇ ਅਤੇ ਆਈ.ਐਸ.ਆਈ ਦੇ ਸਹਿਯੋਗ ਨਾਲ ਵਿੱਢੀ ‘ ਲਿਬ੍ਰੇਸ਼ਨ ਆਫ ਪੰਜਾਬ ‘ਨਾਂ ਦੀ ਵੱਖਵਾਦੀ ਲਹਿਰ ਨੂੰ ਭਾਰਤ ਵਿੱਚ ਹੋਰ ਹੁਲਾਰਾ ਮਿਲ ਸਕੇ।”