ਕੈਪਟਨ ਦੇ ਵਾਅਦਿਆਂ ਤੇ ਦਾਅਵਿਆਂ ਦੇ ਉੱਲਟ ਪੰਜਾਬ ਅਜੇ ਵੀ ਸ਼ਰੇਆਮ ਹੁੰਦੈ ਨਸ਼ਿਆਂ ਦਾ ਕਾਰੋਬਾਰ

ਕੈਪਟਨ ਦੇ ਵਾਅਦਿਆਂ ਤੇ ਦਾਅਵਿਆਂ ਦੇ ਉੱਲਟ ਪੰਜਾਬ ਅਜੇ ਵੀ ਸ਼ਰੇਆਮ ਹੁੰਦੈ ਨਸ਼ਿਆਂ ਦਾ ਕਾਰੋਬਾਰ

ਡੀਜੀਪੀ ਸੁਰੇਸ਼ ਅਰੋੜਾ ਪਿੰਡ ਦੀ ਮਹਿਲਾ ਸਰਪੰਚ ਨਾਲ ਗੱਲਬਾਤ ਕਰਦੇ ਹੋਏ।
ਮੋਗਾ/ਬਿਊਰੋ ਨਿਊਜ਼:
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਵਧਦੇ ਨਸ਼ਿਆਂ ਦੇ  ਛੇਵੇਂ ਦਰਿਆ ਨੂੰ ਮੋਤੀਆਂ ਵਾਲੀ ਸਰਕਾਰ ਵੀ ਠੱਲ੍ਹ ਨਹੀਂ ਪਾ ਸਕੀ। ਨਸ਼ਾ, ਰੇਤ, ਕੇਬਲ, ਟਰਾਂਸਪੋਰਟ ਮਾਫੀਆ ਨੇ ਅਮੀਰ ਸੂਬੇ ਪੰਜਾਬ ਨੂੰ ਕੱਖੋਂ ਹੌਲਾ ਕਰਕੇ ਰੱਖ ਦਿੱਤਾ।
ਨਸ਼ਿਆਂ ਦੀ ਆਦਤ ਕਾਰਨ ਪੰਜਾਬ ਦੀ ਜਵਾਨੀ ਦਾ ਸਰੀਰ ਨਿੱਸਲ ਹੋ ਗਿਆ, ਨਾ ?ੁਹ ਸ਼ਕਲ-ਸੂਰਤ ਹੀ ਰਹੀ ਅਤੇ ਨਾ ਹੀ ਤਕੜਾ ਜੁੱਸਾ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਜ਼ਮੀਨੀ ਪੱਧਰ ‘ਤੇ ਨਸ਼ਿਆਂ ਦੀ ਸਪਲਾਈ ਚੇਨ  ਤੋੜਨ ਵਿੱਚ ਅਸਫ਼ਲ ਸਾਬਤ ਹੋਈ ਹੈ। ਭਾਵੇਂ ਪੁਲੀਸ ਨੇ ਹੁਣ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੂਰਾ ਤਾਣ ਲਾ ਦਿੱਤਾ ਹੈ ਪਰ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਆਮ ਨਸ਼ੇੜੀਆਂ ਜਾਂ ਛੋਟੇ ਤਸਕਰਾਂ ਤੱਕ ਸੀਮਤ ਹੈ। ਪੁਲੀਸ ਦੀ ਸਖ਼ਤੀ ਕਾਰਨ ਨਸ਼ਾ ਬੰਦ ਹੋਣ ਦੀ ਥਾਂ ਮਹਿੰਗਾ ਹੋ ਗਿਆ ਹੈ। ਭਾਵੇਂ ਹਰ ਪਿੰਡ ਵਿੱਚ ਨਸ਼ਾ ਵਿਕ ਰਿਹਾ ਹੈ ਪਰ ਇੱਥੇ ਨਸ਼ਿਆਂ ਲਈ ਬਦਨਾਮ ਪਿੰਡਾਂ ਦੌਲੇਵਾਲਾ ਮਾਇਰ, ਨੂਰਪੁਰ ਹਕੀਮਾਂ ਤੇ ਕੋਟ ਮੁਹੰਮਦ ਖਾਂ ਦੇ ਬਹੁਤੇ ਤਸਕਰ ਜੇਲ੍ਹਾਂ ਵਿੱਚ ਹਨ ਪਰ ਧੰਦਾ ਬੇਰੋਕ ਜਾਰੀ ਹੈ। ਪੁਲੀਸ ਅਧਿਕਾਰੀ ਵੀ ਮੰਨਦੇ ਹਨ ਕਿ ਨਸ਼ਿਆਂ ਨੂੰ ਠੱਲ੍ਹ ਪਾਉਣੀ ਸੌਖੀ ਨਹੀਂ। ਜ਼ਿਲ੍ਹਾ ਪੁਲੀਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਇੱਥੇ ਡਰੱਗ ਸੈੱਲ ਮੁਖੀ ਨੂੰ ਛੱਡ ਕੇ ਬਾਕੀ ਸਾਰਾ ਅਮਲਾ ਬਦਲ ਦਿੱਤਾ ਹੈ। ਪਿੰਡ ਦੌਲੇਵਾਲਾ ਦੇ ਪੰਚ ਹਰਬੰਸ ਸਿੰਘ ਤੇ ਹੋਰਾਂ ਨੇ ਕਿਹਾ ਕਿ ਪਿੰਡ ਵਿੱਚ ਇੱਜ਼ਤਦਾਰ ਲੋਕ ਵੀ ਹਨ ਪਰ ਕੁਝ ਲੋਕਾਂ ਕਾਰਨ ਇਸ ਪਿੰਡ ਦੇ ਮੱਥੇ ਉੱਤੇ ਕਲੰਕ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪਿੰਡ ਵਿੱਚ ਪੁਲੀਸ ਚੌਕੀ ਬਿਠਾ ਦਿੱਤੀ ਗਈ ਹੈ, ਪਰ ਪੁਲੀਸ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵੇ ਤਾਂ ਡਰੱਗ ਐਬਿ?ੂਜ਼ ਪ੍ਰੀਵੈਨਸ਼ਨ ਅਫਸਰ (ਡੇਪੋ) ਦੀ ਵੀ ਲੋੜ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਦੀ ਸਖ਼ਤੀ ਦਾ ਕੋਈ ਬਹੁਤਾ ਫ਼ਰਕ ਨਹੀਂ ਪਿਆ।  ਪਿੰਡ ਨੂਰਪੁਰ ਹਕੀਮਾਂ ਦੀ ਮਹਿਲਾ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਸਾਬਕਾ ਸਰਪੰਚ ਅਸ਼ੋਕ ਸਿੰਘ ਨੇ ਕਿਹਾ ਕਿ ਜੇ ਪਹਿਲਾਂ ਸਖ਼ਤੀ ਹੁੰਦੀ ਤਾਂ ਅੱਜ ਪਿੰਡ ਦਾ ਇਹ ਹਾਲ ਨਾ ਹੁੰਦਾ। ਉਨ੍ਹਾਂ ਦਾਅਵਾ ਕੀਤਾ ਕਿ ਪਿੰਡ ‘ਚ ਨਸ਼ੇ ਦੀ ਵਿਕਰੀ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਪੁਲੀਸ ਲਈ ਕਥਿਤ ਕਮਾਈ ਦੇ ਸਾਧਨ ਬਣੇ ਇਸ ਧੰਦੇ ਨੂੰ ਨਕੇਲ ਪਾਉਣ ਲਈ ਪੁਲੀਸ-ਤਸਕਰ ਗੱਠਜੋੜ ਤੋੜਨ ਦੀ ਲੋੜ ਹੈ। ਇੱਥੇ ਡਰੱਗ ਸੈੱਲ ਮੁਖੀ ਇੰਸਪੈਕਟਰ ਰੁਮੇਸ਼ਪਾਲ ਨੇ ਪੁਲੀਸ ਦੀ ਸਖ਼ਤੀ ਤੇ ਦਬਾਅ ਕਾਰਨ ਨਸ਼ੇ ਨੂੰ ਠੱਲ੍ਹ ਪੈਣ ਦਾ ਦਾਅਵਾ ਕਰਦਿਆਂ ਇਹ ਮੰਨਿਆ ਕਿ ਨਸ਼ਿਆਂ ਨੂੰ ਪਿੰਡਾਂ ਵਿੱਚ ਹੁਣ  ਔਰਤਾਂ ਨੇ ਕਿੱਤਾ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮੁਲਾਜ਼ਮ ਵੀ ਸ਼ਿਕਾਇਤ ਤੋਂ ਡਰਦੇ ਇਨ੍ਹਾਂ ਪਿੰਡਾਂ ਵਿੱਚ ਜਾਣ ਲਈ ਤਿਆਰ ਨਹੀਂ।
ਜ਼ਿਲ੍ਹਾ ਪੁਲੀਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਨਸ਼ਾ ਤਸਕਰੀ ਨੂੰ ਠੱਲ੍ਹ ਪੈਣ ਦਾ ਦਾਅਵਾ ਕਰਦਿਆਂ ਕਿਹਾ ਕਿ ਬਹੁਤੇ ਅਹਿਮ ਤਸਕਰ ਜੇਲ੍ਹਾਂ ਵਿੱਚ ਡੱਕ ਦਿੱਤੇ ਗਏ ਹਨ ਤੇ ਬਾਕੀ ਸਖ਼ਤੀ ਕਾਰਨ ਹੋਰਨਾਂ ਸੂਬਿਆਂ ਆਦਿ ਵਿੱਚ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਛੇੜੀ ਜੰਗ ਵਿੱਚ ਕਿਸੇ ਤਰ੍ਹਾਂ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨਾਲ ਸਖ਼ਤੀ ਨਾਲ ਨਿਪਟਣ ਦੇ ਹੁਕਮ ਦਿੱਤੇ ਗਏ ਹਨ।