ਪਵਿੱਤਰ ਬਾਸੀ ਦੇ ਕਤਲ ਦੇ ਦੋਸ਼ ‘ਚ ਦੋ ਪੰਜਾਬੀ ਮੁੰਡੇ ਪੁਲੀਸ ਵਲੋਂ ਕਾਬੂ

ਪਵਿੱਤਰ ਬਾਸੀ ਦੇ ਕਤਲ ਦੇ ਦੋਸ਼ ‘ਚ ਦੋ ਪੰਜਾਬੀ ਮੁੰਡੇ ਪੁਲੀਸ ਵਲੋਂ ਕਾਬੂ

ਮ੍ਰਿਤਕ ਪਵਿੱਤਰ ਸਿੰਘ ਬਾਸੀ
ਟੋਰਾਂਟੋ/ਨਿਊਜ਼ ਬਿਊਰੋ:

ਬਰੈਂਪਟਨ ਦੇ ਨੌਜਵਾਨ ਪਵਿੱਤਰ ਬਾਸੀ (21 ਸਾਲ) ਨੂੰ ਬੀਤੇ ਸੋਮਵਾਰ ਡਾਂਗਾਂ ਨਾਲ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਮੁਕਾਉੁਣ ਦੇ ਕੇਸ ਦੀ ਪੈੜ ਨੱਪਦਿਆਂ ਪੁਲੀਸ ਨੇ ਦੋ ਪੰਜਾਬੀ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਕਰਨਵੀਰ ਬਾਸੀ (22 ਸਾਲ) ਅਤੇ ਗੁਰਯੋਧ ਖੱਟੜਾ (22ਸਾਲ ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਪਹਿਲੇ ਦਰਜੇ ਦੇ ਕੇਸ ਦਰਜ ਕੀਤੇ ਹਨ।
ਪੁਲੀਸ ਮੁਤਾਬਕ ਕਰਨਵੀਰ ਬਾਸੀ ਦਾ ਭਾਵੇਂ ਪਵਿੱਤਰ ਬਾਸੀ ਨਾਲ ਗੋਤ ਰਲਦਾ ਹੈ ਪਰ ਦੋਹਾਂ ਦੀ ਆਪਸ ਵਿੱਚ ਕੋਈ ਰਿਸ਼ਤੇਦਾਰੀ ਨਹੀਂ ਹੈ। ਸੋਮਵਾਰ ਦੀ ਸ਼ਾਮ 6 ਕੁ ਵਜੇ ਬਰੈਂਪਟਨ ਦੇ ਸਪਰਿੰਗਡੇਲ ਇਲਾਕੇ ਵਿੱਚ ਸੈਂਡਲਵੁੱਡ ਸੈਕੰਡਰੀ ਸਕੂਲ ਨੇੜੇ ਪਵਿੱਤਰ ਬਾਸੀ ‘ਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਡਾਂਗਾਂ-ਸੋਟੀਆਂ ਨਾਲ ਹਮਲਾ ਕੀਤਾ ਗਿਆ ਪਰ ਪੁਲੀਸ ਦੇ ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਕਾਰ ਵਿੱਚ ਫਰਾਰ ਹੋ ਗਏ ਸਨ। ਘਟਨਾ ਵਾਲੀ ਜਗ੍ਹਾ ਤੋਂ ਮ੍ਰਿਤਕ ਦੇ ਘਰ ਦਾ ਫਾਸਲਾ ਕਿਲੋਮੀਟਰ ਦਾ ਹੀ ਹੈ।
ਪੀੜਤ ਨੂੰ ਗੰਭੀਰ ਹਾਲਤ ਵਿੱਚ ਟੋਰਾਂਟੋ ਦੇ ਟਰੌਮਾ ਸੈਂਟਰ ਵਿੱਚ ਲਿਜਾਇਆ ਗਿਆ ਪਰ ਮੰਗਲਵਾਰ ਦੀ ਸਵੇਰ ਅੰਦਰੂਨੀ ਸੱਟਾਂ ਦੀ ਤਾਬ ਨਾ ਝੱਲਦਿਆਂ ਉਹ ਹਸਪਤਾਲ ਵਿੱਚ ਦਮ ਤੋੜ ਗਿਆ। ਪਵਿੱਤਰ ਕੈਨੇਡਾ ਦਾ ਹੀ ਜੰਮਪਲ ਸੀ। ਪੁਲੀਸ ਵੱਲੋਂ ਮਾਮਲੇ ਦੀ ਅਜੇ ਹੋਰ ਜਾਂਚ ਕੀਤੀ ਜਾ ਰਹੀ ਹੈ। ਇਸ ਲੜਾਈ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਪਰ ਇਸ ਘਟਨਾ ਕਾਰਨ ਸਮੁੱਚਾ ਪੰਜਾਬੀ ਭਾਈਚਾਰਾ ਚਿੰਤਤ ਹੈ।