ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਟੈਂਕੀ ਤੋਂ ਛਾਲ ਮਾਰਨ ਕਾਰਨ ਮੌਤ

ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਟੈਂਕੀ ਤੋਂ ਛਾਲ ਮਾਰਨ ਕਾਰਨ ਮੌਤ

ਕੁਰੂਕਸ਼ੇਤਰ/ਬਿਊਰੋ ਨਿਊਜ਼:
ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨਸ਼ੀਲ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਫਿਰ ਤੋਂ ਅੰਦੋਲਨ ਸ਼ੁਰੂ ਕਰਦੇ ਹੋਏ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਪਿੰਡ ਤੋਂ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।  ਖ਼ਾਲਸਾ ਦੀ ਮੌਤ ਤੋਂ ਬਾਅਦ ਸਿੱਖ ਸੰਗਤ ਐਲ. ਐਨ.ਜੇ.ਪੀ. ਹਸਪਤਾਲ ‘ਚ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਖ਼ਬਰ ਲਿਖੇ ਜਾਣ ਤੱਕ ਡੀਐਸਪੀ ਧੀਰਜ ਕੁਮਾਰ ਅਤੇ ਗੁਰਮੇਲ ਸਿੰਘ ਹਸਪਤਾਲ ‘ਚ ਹਾਲਾਤ ‘ਤੇ ਨਜ਼ਰ ਰੱਖੇ ਹੋਏ ਸਨ। ਜਾਣਕਾਰੀ ਮੁਤਾਬਿਕ ਭਾਈ ਖ਼ਾਲਸਾ ਨੇ ਮੰਗਲਵਾਰ ਦੁਪਹਿਰ ਕਰੀਬ ਇਕ ਵਜੇ ਆਪਣੇ ਜੱਦੀ ਪਿੰਡ ਠਸਕਾ ਅਲੀ ਜ਼ਿਲ੍ਹਾ ਕੁਰੂਕਸ਼ੇਤਰ ‘ਚ ਪਾਣੀ ਦੀ ਟੈਂਕੀ ‘ਤੇ ਚੜ੍ਹ ਕੇ ਬੇਮਿਆਦੀ  ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਵਿਭਾਗ ਦੀ ਗੱਡੀ ਮੌਕੇ ‘ਤੇ ਪੁੱਜ ਗਈ। ਪਰਿਵਾਰ ਮੁਤਾਬਿਕ ਮੌਕੇ ‘ਤੇ ਪੁੱਜੇ ਡੀਐਸਪੀ ਧੀਰਜ ਕੁਮਾਰ ਨੇ ਟੈਂਕੀ ਤੋਂ ਹੇਠਾਂ ਉਤਰਨ ਲਈ ਉਨ੍ਹਾਂ ‘ਤੇ ਦਬਾਅ ਬਣਾਇਆ ਸੀ। ਵਾਰ-ਵਾਰ ਕਹਿਣ ‘ਤੇ ਵੀ ਪੁਲੀਸ ਅਧਿਕਾਰੀ ਨਹੀਂ ਮੰਨੇ ਤੇ ਦੇਰ ਸ਼ਾਮ 7.15 ਵਜੇ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਟੈਂਕੀ ਤੋਂ ਛਾਲ ਲਗਾ ਦਿੱਤੀ। ਇਸ ਤੋਂ ਬਾਅਦ ਡੀ.ਐਸ.ਪੀ. ਧੀਰਜ ਕੁਮਾਰ ਨੇ ਕਰਮਚਾਰੀਆਂ ਦੀ ਮਦਦ ਨਾਲ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੂੰ ਗੱਡੀ ‘ਚ ਪਾਇਆ ਅਤੇ ਕੁਰੂਕਸ਼ੇਤਰ ਦੇ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਲਿਆਂਦਾ। ਇੱਥੇ ਪੁੱਜਣ ‘ਤੇ ਡਾਕਟਰਾਂ ਨੇ ਭਾਈ ਖ਼ਾਲਸਾ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਸਰਕਾਰੀ ਹਸਪਤਾਲ ‘ਚ ਪੁਲੀਸ ਬਲ ਤੈਨਾਤ ਕਰ ਦਿੱਤਾ। ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੂੰ ਬੁੜੈਲ ਜੇਲ੍ਹ ‘ਚ ਬੰਦ ਭਾਈ ਗੁਰਮੀਤ ਸਿੰਘ ਦੀ ਮਾਤਾ ਸੁਰਜੀਤ ਕੌਰ ਅਤੇ ਭਾਈ ਸ਼ਮਸ਼ੇਰ ਸਿੰਘ ਦੀ ਪਤਨੀ ਬੀਬੀ ਬਲਜਿੰਦਰ ਕੌਰ ਅਤੇ ਭਾਈ ਸ਼ਮਸ਼ੇਰ ਸਿੰਘ ਦੇ ਭਰਾ ਭਗਵੰਤ ਸਿੰਘ ਨੇ ਸਿਰੋਪਾ ਪਹਿਨਾਇਆ। ਕਰੀਬ 3 ਸਾਲ ਲੰਘਣ ‘ਤੇ ਵੀ ਜਦੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਕੋਈ ਠੋਸ ਉਪਰਾਲਾ ਨਹੀਂ ਹੋਇਆ ਤਾਂ ਅੱਜ ਉਹ ਮੁੜ ਭੁੱਖ ਹੜਤਾਲ ‘ਤੇ ਬੈਠ ਗਏ ਸਨ।