ਟਰੂਡੋ ਤੇ ਕੈਪਟਨ ਵਿਚਾਲੇ ਮੁਲਾਕਾਤ ਦਾ ਫੈਸਲਾ ਵਿਦੇਸ਼ ਮੰਤਰਾਲੇ ਦੇ ਹੱਥ

ਟਰੂਡੋ ਤੇ ਕੈਪਟਨ ਵਿਚਾਲੇ ਮੁਲਾਕਾਤ ਦਾ ਫੈਸਲਾ ਵਿਦੇਸ਼ ਮੰਤਰਾਲੇ ਦੇ ਹੱਥ

ਚੰਡੀਗੜ੍ਹ/ਬਿਊਰੋ ਨਿਊਜ਼:
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਪੱਤਰ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਵਾਉਣ ਦੇ ਯਤਨ ਚਲ ਰਹੇ ਹਨ। ਸ੍ਰੀ ਟਰੂਡੋ ਨੇ 21 ਫਰਵਰੀ ਨੂੰ ਅੰਮ੍ਰਿਤਸਰ ਦੀ ਫੇਰੀ ‘ਤੇ ਆਉਣਾ ਹੈ। ਚਰਚਾ ਹੈ ਕਿ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਫੇਰੀ ਸਮੇਂ ਮੁੱਖ ਮੰਤਰੀ ਕੈਪਟਨ ਨੇ ਉਨ੍ਹਾਂ ਨਾਲ ਮੁਲਾਕਾਤ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਕੈਪਟਨ ਸਰਕਾਰ ਨੇ ਅਤਿਵਾਦੀਆਂ ਦੇ ਮਾਮਲੇ ਨੂੰ ਲੈ ਕੇ ਵੱਖਰਾ ਸਟੈਂਡ ਲਿਆ ਸੀ। ਹੁਣ ਹਾਲਾਤ ਬਿਲਕੁਲ ਵੱਖਰੇ ਹਨ ਅਤੇ ਮੁੱਖ ਮੰਤਰੀ ਨੇ ਜਨਤਕ ਤੌਰ ‘ਤੇ ਕਿਹਾ ਹੈ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਅੰਮ੍ਰਿਤਸਰ ਦੀ ਫੇਰੀ ਸਮੇਂ ਸਵਾਗਤ ਕਰਨ ਲਈ ਤਿਆਰ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਵਪਾਰ ਤੇ ਕਾਰੋਬਾਰ ਦੇ ਖੇਤਰ ਵਿੱਚ ਹੋਰ ਪਹਿਲਕਦਮੀਆਂ ਲਈ ਕੀਤੀ ਜਾ ਰਹੀ  ਹੈ।
ਇਸ ਸੰਦਰਭ ਵਿੱਚ ਪੰਜਾਬ ਵਿਸ਼ੇਸ਼ ਸਥਾਨ ਰੱਖਦਾ ਹੈ ਕਿਉਂਕਿ ਕੈਨੇਡਾ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਵਸੇ ਹੋਏ ਹਨ। ਇਸੇ ਨੁਕਤਾ ਨਿਗਾਹ ਤੋਂ ਮੀਟਿੰਗ ਲਈ ਯਤਨ ਚਲ ਰਹੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਕੈਪਟਨ ਅਤੇ ਟਰੂਡੋ ਵਿਚਾਲੇ ਮੀਟਿੰਗ ਹੋਣ ਦੇ ਕਾਫੀ ਜ਼ਿਆਦਾ ਆਸਾਰ ਹਨ। ਉਨ੍ਹਾਂ ਮੁਤਾਬਕ ਕੇਂਦਰ ਸਰਕਾਰ ਵੀ ਇਸ ਮਾਮਲੇ ਵਿੱਚ ਆਪਣੀ ਭੂਮਿਕਾ ਨਿਭਾਏਗੀ। ਪੰਜਾਬ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਤੋਂ ਜਦੋਂ ਇਸ ਬਾਬਤ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਵਿਦੇਸ਼ ਮੰਤਰਾਲੇ ਦੇ ਪੱਤਰ ਦੀ ਉਡੀਕ ਕਰ ਰਹੇ ਹਨ ਅਤੇ ਸੁਰੱਖਿਆ ਕਾਰਨਾਂ ਕਰਕੇ ਵੀ ਕੁਝ ਦੇਰੀ ਹੋ ਸਕਦੀ ਹੈ। ਉਂਜ ਉਹ ਪੱਤਰ ਮਿਲਣ ਤੋਂ ਬਾਅਦ ਹੀ ਕੁਝ ਕਹਿਣ ਦੀ ਸਥਿਤੀ ਵਿੱਚ ਹੋਣਗੇ।