ਭੁੱਖਿਆ ਦਾ ਢਿੱਡ ਭਰਦਾ ਹੈ ਮੁੰਬਈ ਦਾ ਵਿਲੱਖਣ ਕਿਸਮ ਦਾ ‘ਰੋਟੀ ਬੈਂਕ’
ਰੋਟੀ ਬੈਂਕ ਬਾਰੇ ਜਾਗਰੂਕ ਕਰਦੇ ਹੋਏ ਡੀ ਸ਼ਿਵਾਨੰਦਨ ਤੇ ਹੋਰ
ਮੁੰਬਈ/ਬਿਊਰੋ ਨਿਊਜ਼ :
ਦੇਸ਼ ਭਰ ਵਿਚ ਲੱਖਾਂ ਦੀ ਤਦਾਦ ‘ਚ ਲੋਕੀਂ ਹਰ ਰੋਜ਼ ਭੁੱਖੇ ਪੇਟ ਸੌਂਦੇ ਹਨ ਪਰ ਹੁਣ ਇਕ ਸਾਬਕਾ ਪੁਲੀਸ ਅਫ਼ਸਰ ਨੇ ਲੋੜਵੰਦਾਂ ਦਾ ਪੇਟ ਭਰਨ ਦੀ ਇਕ ਨਿਰਾਲੀ ਪਹਿਲਕਦਮੀ ਕੀਤੀ ਹੈ।ਇਸ ਨੂੰ ‘ਰੋਟੀ ਬੈਂਕ’ ਕਹਿੰਦੇ ਹਨ ਜੋ ਮੁੰਬਈ ਦੇ ਰੈਸਤਰਾਂ, ਕਲੱਬਾਂ ਤੇ ਆਮ ਦਾਅਵਤਾਂ ਵਿਚ ਬਚਿਆ ਵਾਧੂ ਖਾਣਾ ਇਕੱਤਰ ਕਰਦੀ ਹੈ ਤੇ ਵੈਨਾਂ ਰਾਹੀਂ ਗ਼ਰੀਬਾਂ ਤੱਕ ਪਹੁੰਚਾਉਂਦੀ ਹੈ। ਇਸ ਦੀ ਸ਼ੁਰੂਆਤ ਪਿਛਲੇ ਦਸੰਬਰ ਮਹੀਨੇ ਮਹਾਰਾਸ਼ਟਰ ਦੇ ਸਾਬਕਾ ਡੀਜੀਪੀ ਡੀ ਸਿਵਾਨੰਦਨ ਨੇ ਮੁੰਬਈ ਦੇ ਮਸ਼ਹੂਰ ਟਿਫਿਨ ਕੈਰੀਅਰਜ਼ ‘ਡੱਬਾਵਾਲੇ’ ਨਾਲ ਮਿਲ ਕੇ ਕੀਤੀ ਸੀ। ਮੁੰਬਈ ਦੇ ਜੰਮ-ਪਲ ਤੇ ਲੰਡਨ ਅਧਾਰਤ ਕਾਰੋਬਾਰੀ ਨਿਤਿਨ ਖਾਨਾਪੁਰਕਰ ਨੇ ਇਸ ਮੰਤਵ ਲਈ ਇਕ ਚੌਵੀ ਘੰਟੇ ਚੱਲਣ ਵਾਲੀ ਹੈਲਪਲਾਈਨ ਨੰਬਰ ਸ਼ੁਰੂ ਕਰਵਾ ਕੇ ਮਦਦ ਕੀਤੀ ਹੈ। ਸਿਵਾਨੰਦਨ ਨੇ ਪੀਟੀਆਈ ਨੂੰ ਦੱਸਿਆ ਕਿ ਭਾਰਤ ਵਿੱਚ ਹਰ ਰੋਜ਼ ਕਰੀਬ 1.8 ਲੱਖ ਟਨ ਖਾਣਾ ਬਰਬਾਦ ਹੋ ਜਾਂਦਾ ਹੈ ਜਦਕਿ ਕਰੀਬ 20 ਕਰੋੜ ਲੋਕ ਭੁੱਖੇ ਰਹਿੰਦੇ ਹਨ ਜਿਨ੍ਹਾਂ ‘ਚੋਂ ਕਾਫ਼ੀ ਵੱਡੀ ਗਿਣਤੀ ਮੁੰਬਈ ‘ਚ ਹੈ।
ਉਨ੍ਹਾਂ ਦੱਸਿਆ ” ਕੁਝ ਕਾਨੂੰਨੀ ਪੇਚੀਦਗੀਆਂ ਕਰ ਕੇ ਹੋਟਲ ਤੇ ਰੈਸਤਰਾਂ ਵਾਲਿਆਂ ਲਈ ਬਚਿਆ ਹੋਇਆ ਖਾਣਾ ਵੰਡਣ ਵਿੱਚ ਦਿੱਕਤ ਆਉਂਦੀ ਹੈ ਤੇ ਅਸੀਂ ਇਕ ਗ਼ੈਰ ਸਰਕਾਰੀ ਜਥੇਬੰਦੀ ਦੇ ਤੌਰ ‘ਤੇ ਇਹ ਕੰਮ ਸ਼ੁਰੂ ਕਰਨ ਬਾਰੇ ਸੋਚਿਆ ਤੇ ਜਦੋਂ ਸ਼ੁਰੂ ਕੀਤਾ ਗਿਆ ਤਾਂ ਇਸ ਨੂੰ ਬਹੁਤ ਜ਼ਬਰਦਸਤ ਹੁੰਗਾਰਾ ਮਿਲਿਆ।”
” ਸਾਡੀ ਸੰਸਥਾ ਖਾਣਾ ਬਚਾਉਣ ਵਾਲੀ ਸੰਸਥਾ ਹੈ। ਅਸੀਂ ਹੋਟਲਾਂ ਤੇ ਕੈਫੇਟੇਰੀਆ ਆਦਿ ਤੋਂ ਖਾਣਾ ਇਕੱਤਰ ਕਰਦੇ ਹਾਂ ਤੇ ਭੁੱਖੇ ਲੋਕਾਂ ਨੂੰ ਛਕਾਉਂਦੇ ਹਾਂ।” ਜੀਪੀਆਰਐਸ ਨਾਲ ਯੁਕਤ ਦੋ ਵੈਨਾਂ ਹਸਪਤਾਲਾਂ ਤੇ ਝੋਂਪੜ ਪੱਟੀ ਨੇੜੇ ਚੱਕਰ ਲਾਉਂਦੀਆਂ ਰਹਿੰਦੀਆਂ ਹਨ ਤਾਂ ਕਿ ਲੋੜਵੰਦਾਂ ਨੂੰ ਰੋਟੀ ਖੁਆਈ ਜਾ ਸਕੇ। ਸਿਵਾਨੰਦਨ ਜੋ 2011 ਵਿੱਚ ਸੇਵਾਮੁਕਤ ਹੋਏ ਸਨ, ਨੇ ਦੱਸਿਆ ਕਿ ”ਅਸੀਂ ਹੁਣ ਤੱਕ 75000 ਲੋੜਵੰਦਾਂ ਤੱਕ ਪਹੁੰਚ ਕਰ ਚੁੱਕੇ ਹਾਂ। ਲੋੜਵੰਦ ਲੋਕ ਜਦੋਂ ਵੀ ਇਹ ਵੈਨ ਦੇਖਦੇ ਹਨ ਤਾਂ ਉਨ੍ਹਾਂ ਨੂੰ ਆਸ ਬੱਝ ਜਾਂਂਦੀ ਹੈ।” ਇਹ ਸੰਸਥਾ ਮੁੱਖ ਤੌਰ ‘ਤੇ ਰੋਟੀ, ਚੌਲ, ਸਬਜ਼ੀ ਤੇ ਦਾਲ ਆਦਿ ਇਕੱਤਰ ਕਰਦੀ ਹੈ ਤੇ ਘੰਟੇ ਤੋਂ ਡੇਢ ਘੰਟੇ ਦੇ ਅੰਦਰ ਅੰਦਰ ਇਸ ਨੂੰ ਵੰਡ ਦਿੰਦੀ ਹੈ।
Comments (0)