ਸਿੱਖਾਂ ਨੂੰ ਸਪੈਨਿਸ਼ ਪਾਸਪੋਰਟ ਲੈਣ ਸਮੇ ਦਸਤਾਰ ਵਾਲੀ ਤਸਵੀਰ ‘ਤੇ ਨਹੀਂ ਹੋਵੇਗਾ ਇਤਰਾਜ਼

ਸਿੱਖਾਂ ਨੂੰ ਸਪੈਨਿਸ਼ ਪਾਸਪੋਰਟ ਲੈਣ ਸਮੇ ਦਸਤਾਰ ਵਾਲੀ ਤਸਵੀਰ ‘ਤੇ ਨਹੀਂ ਹੋਵੇਗਾ ਇਤਰਾਜ਼

ਬਾਰਸੀਲੋਨਾ (ਸਪੇਨ)/ਬਿਊਰੋ ਨਿਊਜ਼ :

ਸਪੇਨ ਚ ਸ਼ਨਾਖਤੀ ਕਾਰਡ ਅਤੇ ਸਪੈਨਿਸ਼ ਪਾਸਪੋਰਟ ਲੈਣ ਸਮੇ ਦਸਤਾਰ ਵਾਲੀ ਤਸਵੀਰ ਲਾਉਣ ਬਦਲੇ ਹੁਣ ਸਪੇਨ ਦੀ ਪੁਲਿਸ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਤੰਗ ਨਹੀਂ ਕਰੇਗੀ। ਇਹ ਭਰੋਸਾ ਸਪੇਨ ਦੀ ਨੈਸ਼ਨਲ ਪੁਲਿਸ ਦੇ ਡਾਇਰੈਕਟਰ ਜਨਰਲ ਜਰਮਨ ਲੋਪੇਜ਼ ਇਲੇਸੀਅਸ ਨੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਸਪੇਨ ਦੇ ਸੈਨੇਟਰ ਰਾਬਰਟ ਮਸੀਹ ਨਾਹਰ ਦੀ ਅਗਵਾਈ ਵਿਚ ਪੰਜਾਬੀ ਭਾਈਚਾਰੇ ਦੇ ਵਫ਼ਦ ਨੂੰ ਦਿੱਤਾ ਜਿਸ ਨੇ ਉਨ੍ਹਾਂ ਨਾਲ ਸਪੇਨ ਦੀ ਰਾਜਧਾਨੀ ਮੈਡਰਿਡ ‘ਚ ਮੁਲਾਕਾਤ ਕੀਤੀ ਸੀ। ਸਪੇਨ ਦੇ ਕਈ ਪੁਲਿਸ ਥਾਣਿਆਂ ਵਲੋਂ ਦਸਤਾਰ ਵਾਲੀ ਤਸਵੀਰ ‘ਤੇ ਇਤਰਾਜ਼ ਕੀਤਾ ਜਾਂਦਾ ਸੀ ਜਿਸ ਨੂੰ ਲੈ ਕੇ ਸਿੱਖ ਭਾਈਚਾਰਾ ਦੁਚਿੱਤੀ ‘ਚ ਫਸਿਆ ਹੋਇਆ ਸੀ।
ਇੰਡੀਅਨ ਕਲਚਰਲ ਸੈਂਟਰ ਬਾਰਸੀਲੋਨਾ ਵਿਖੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਨੇਟਰ ਬਾਰਸੀਲੋਨਾ ਰਾਬਰਟ ਮਸੀਹ ਨਾਹਰ ਨੇ ਦੱਸਿਆ ਕਿ ਉਨਾਂ ਦੀ ਕਾਫੀ ਲੰਬੇ ਸਮੇ ਤੋਂ ਇਥੋਂ ਦੀ ਸਰਕਾਰ ਨਾਲ ਗੱੱਲਬਾਤ ਚੱੱਲ ਰਹੀ ਸੀ। ਉਨ੍ਹਾਂ ਨੇ ਸਰਕਾਰ ਨੂੰ ਸਿੱਖ ਭਾਈਚਾਰੇ ‘ਚ ਦਸਤਾਰ ਦੀ ਮਹੱਤਤਾ ਬਾਰੇ ਲਿਖਤੀ ਰੂਪ ‘ਚ ਜਾਣੂੰ ਕਰਵਾਇਆ ਸੀ। ਇਸੇ ਸਬੰਧ ‘ਚ ਸਪੇਨ ਦੀ ਨੈਸ਼ਨਲ ਪੁਲਿਸ ਦੇ ਡੀਜੀ. ਨਾਲ ਮੈਡਰਿਡ ਵਿਖੇ ਉਨ੍ਹਾਂ ਨੇ ਆਪਣੀ ਪਾਰਟੀ ਦੇ ਮੈਬਰਾਂ ਜਿਨ੍ਹਾਂ ਵਿਚ ਨੂਰੀਆ ਕੰਪਸ ਸ਼ਾਮਿਲ ਸੀ ਤੇ ਪੰਜਾਬੀ ਭਾਈਚਾਰੇ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਮੁਲਾਕਾਤ ਕੀਤੀ ਤੇ ਪੁਲਿਸ ਮੁਖੀ ਨੂੰ ਇਸ ਮੁਸ਼ਕਿਲ ਸਬੰਧੀ ਜਾਣੂ ਕਰਵਾਇਆ। ਉਸ ਸਮੇ ਡੀ.ਜੀ.ਪੀ. ਨੇ ਵਫ਼ਦ ਨੂੰ ਭਰੋਸਾ ਦਿੱੱਤਾ ਕਿ ਇਸ ਸਬੰਧੀ ਸਪੇਨ ਦੇ ਸਾਰੇ ਥਾਣਿਆ ਨੂੰ ਜਲਦੀ ਹੀ ਪੱਤਰ ਜਾਰੀ ਕੀਤਾ ਜਾਵੇਗਾ। ਅੱਗੇ ਤੋਂ ਇਸ ਸਬੰਧੀ ਕਦੀ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀ ਆਵੇਗੀ। ਪੁਲਿਸ ਦੇ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਸਪੇਨ ਦੇ ਕਾਨੂੰਨ ਮੁਤਾਬਿਕ ਦਸਤਾਰ ‘ਤੇ ਕੋਈ ਪਾਬੰਦੀ ਨਹੀ ਪਰ ਕਈ ਥਾਣਿਆਂ ਵਾਲੇ ਤਸਵੀਰ ‘ਤੇ ਚਿਹਰੇ ਉਤੇ ਕੰਨ ਨੰਗੇ ਹੋਣ ਦੀ ਮੰਗ ਕਰਦੇ ਹਨ। ਇਸੇ ਕਾਰਨ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ। ਉਨ੍ਹਾਂ ਦੱਸਿਆ ਕਿ ਅਸੀਂ ਇਸ ਸਬੰਧੀ ਸਪੇਨ ਦੇ ਸਾਰੇ ਥਾਣਿਆਂ ਨੂੰ ਪੱੱਤਰ ਜਾਰੀ ਕਰ ਰਹੇ ਹਾਂ।
ਇਸ ਮੌਕੇ ਬਾਬਾ ਸੁਲੱਖਣ ਸਿੰਘ, ਸਮਸ਼ੇਰ ਸਿੰਘ, ਪਰਮਜੀਤ ਸਿੰਘ ਕਾਲੜਾ, ਜਸਵਿੰਦਰ ਕੁਮਾਰ ਦਿੱਲੀ, ਲਖਵਿੰਦਰ ਸਿੰਘ ਸ਼ਾਹੀ, ਰਾਜ ਕੁਮਾਰ ਚੰਡੀਗੜ,ਪਰਮਜੀਤ ਸਿੰਘ ਪਠਾਨਕੋਟ, ਪਿੰਦੂ ਔਜਲਾ, ਗੁਰਮੀਤ ਸਿੰਘ ਆਦਿ ਤੋ ਇਲਾਵਾਂ ਹੋਰ ਵੀ ਪਤਵੰਤੇ ਸੱਜਣ ਪਹੁੰਚੇ ਹੋਏ ਸਨ