ਸੱਜਣ ਸਿੰਘ ਰੰਗਰੂਟ: ਸੁਪਨੇ ਦੇਖਣ ਦੀ ਤਾਕਤ ਦਾ ਹੁਨਰ

ਸੱਜਣ ਸਿੰਘ ਰੰਗਰੂਟ: ਸੁਪਨੇ ਦੇਖਣ ਦੀ ਤਾਕਤ ਦਾ ਹੁਨਰ

ਗੁਰਮੁਖ ਸਿੰਘ (ਡਾ.) ਫੋਨ : 9872009726
ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਉਣ ਵਾਲ਼ਾ ਕੱਲ੍ਹ ਇਹ ਘੋਖ ਜ਼ਰੂਰ ਕਰੇਗਾ ਕਿ ਇੱਕੀਵੀਂ ਸਦੀ ਦੇ ਮੁਢਲੇ ਦਹਾਕਿਆਂ ਵਿਚ ਪੰਜਾਬ ਜਦੋਂ ਸੰਕਟਾਂ ‘ਚ ਘਿਰਿਆ ਹੋਇਆ ਸੀ, ਉਦੋਂ ਕੌਣ ਕੀ ਕਰ ਰਿਹਾ ਸੀ? ਜਦੋਂ ਕਿਸਾਨੀ ਮਰ ਰਹੀ ਸੀ, ਪੰਜਾਬ ਦਾ ਨੌਜਵਾਨ ਪੰਜਾਬ ਦੀ ਧਰਤੀ ਨੂੰ ਅਲਵਿਦਾ ਆਖ ਰਿਹਾ ਸੀ, ਆਰਥਿਕ ਅਤੇ ਸਭਿਆਚਾਰਕ ਪੱਖੋਂ ਪੰਜਾਬ ਖਾਲੀ ਹੋ ਰਿਹਾ ਸੀ, ਜਦੋਂ ਪੰਜਾਬ ਕੋਲ਼ੋਂ ਸੁਪਨੇ ਦੇਖਣ ਅਤੇ ਸੁਪਨੇ ਸਾਕਾਰ ਕਰਨ ਦੀ ਤਾਕਤ ਗੁਆਚ ਰਹੀ ਸੀ, ਉਦੋਂ ਪੰਜਾਬ ਦੇ ਰਾਜਨੀਤਕ/ਧਾਰਮਿਕ ਆਗੂ, ਪੰਜਾਬ ਦੇ ਲਿਖਾਰੀ ਅਤੇ ਪੰਜਾਬ ਦੇ ਫ਼ਿਲਮਕਾਰ ਕੀ ਕਰ ਹਰੇ ਸਨ? ਪੰਜਾਬ ਦੀਆਂ ਮੂਹਰਲੀਆਂ ਸਫ਼ਾਂ ਵਾਲੀਆਂ ਇਹ ਤਮਾਮ ਧਿਰਾਂ ਉਦੋਂ ਕਟਹਿਰੇ ਵਿਚ ਹੋਣਗੀਆਂ। ਕਟਹਿਰੇ ਵਿਚ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਵੀ ਹੋਵੇਗਾ।
ਦਿਲਜੀਤ ਦੁਸਾਂਝ ਇਸ ਕਾਰਨ ਕਿ ਪੰਜਾਬ ਦੀ ਧਰਤੀ ਨੇ ਉਸ ਜਿਹਾ ਜ਼ਰਖੇਜ਼, ਲੋਹੜੇ ਦੀ ਸਮਰੱਥਾ ਵਾਲਾ ਗੱਭਰੂ ਵਾਰ-ਵਾਰ ਤਾਂ ਪੈਦਾ ਨਹੀਂ ਕਰਨਾ। ਉਸ ਦੇ ਤਾਣ ਨੂੰ ਪੰਜਾਬ ਦੀ ਲੋਕਾਈ ਨੇ ਹਿੱਕ ਨਾਲ ਲਾ ਕੇ ਸ਼ਾਬਾਸ਼ ਦਿੱਤੀ ਹੈ। ਅੱਜ ਉਸ ਸਿਰ ਵੱਡੀ ਜ਼ਿੰਮੇਵਾਰੀ ਹੈ। ਉਹ ਕੀ ਕਰਦਾ ਹੈ ਅਤੇ ਕਿਵੇਂ ਕਰਦਾ ਹੈ, ਇਸ ਨਾਲ ਪੰਜਾਬ ਦਾ ਅੱਜ ਅਤੇ ਕੱਲ੍ਹ ਪ੍ਰਭਾਵਿਤ ਹੁੰਦਾ ਹੈ। ਉਸ ਨੇ ਹੁਣ ਤੱਕ ਜੋ ਕੀਤਾ ਹੈ, ਉਹ ਕਿੰਤੂਆਂ ਪ੍ਰਤੂੰਆਂ ਤੋਂ ਮੁਕਤ ਨਹੀਂ। ਪਰ ਹੁਣ ਇਸ ਨਵੀਂ ਫ਼ਿਲਮ ਨਾਲ ਉਸ ਵੱਲੋਂ ਪੰਜਾਬੀ ਨੂੰ ਸੁਹਾਵੀਂ ਠੰਢੀ ਵਾਅ ਆਈ ਹੈ। ਜੇ ਉਹ ‘ਸੱਜਣ ਸਿੰਘ ਰੰਗਰੂਟ’ ਨਾ ਬਣਾਉਂਦਾ ਤੇ ‘ਜੱਟ ਐਂਡ ਜੂਲੀਅਟ 3′ ਬਣਾ ਲੈਂਦਾ ਤਾਂ ਵਰਤਾਮਨ ਅਤੇ ਭਵਿੱਖ ਦੋਵਾਂ ਨੇ ਯਕੀਨਨ ਉਸ ਨੂੰ ਮਿਹਣਾ ਦੇਣਾ ਸੀ। ਪਤਾ ਕਿ ‘ਸੱਜਣ ਸਿੰਘ ਰੰਗਰੂਟ’ ਇਕੱਲੇ ਦਿਲਜੀਤ ਨੇ ਨਹੀਂ ਬਣਾਈ, ਪਰ ਜੇ ਇਕੱਲਾ ਦਿਲਜੀਤ ਇਸ ਦਾ ਸੁਪਨਾ ਨਾ ਲੈਂਦਾ, ਇਸ ਫ਼ਿਲਮ ਨੇ ਕਦੇ ਨਹੀਂ ਸੀ ਬਣਨਾ। ਸਾਡੇ ਸਮਿਆਂ ਵਿਚ ਅਜਿਹੀਆਂ ਹੋਰ ਫ਼ਿਲਮਾਂ ਬਣਨ, ਇਸ ਕਾਰਨ ਇਸ ਫ਼ਿਲਮ ਬਾਬਤ ਗੱਲ ਕਰਨੀ ਲਾਜ਼ਮੀ ਹੈ।
‘ਸੱਜਣ ਸਿੰਘ ਰੰਗਰੂਟ’ ਇਤਿਹਾਸ ਨਾਲ ਸੰਵਾਦ ਕਰਦੀ ਫ਼ਿਲਮ ਹੈ। ਇਹ ਬੀਤੇ ਨੂੰ ਅਕੀਦਤ ਪੇਸ਼ ਕਰਦੀ ਹੈ ਅਤੇ ਸਮਕਾਲ ਨੂੰ ਜਿਉਣਯੋਗਾ ਕਰਦੀ ਹੈ। ਇਹ ਉਸ ਇਤਿਹਾਸ ਨੂੰ ਯਾਦ ਰੱਖਣ ਦੀ ਕੋਸ਼ਿਸ਼ ਹੈ, ਜਿਹੜਾ ਸਾਨੂੰ ਭੁੱਲ ਗਿਆ ਹੈ ਜਾਂ ਸਾਡੇ ਤੋਂ ਉਹਲੇ ਰੱਖਿਆ ਹੈ। ਇਹ ਭੁੱਲ-ਭੁਲਾ ਚੁੱਕੇ ਇਤਿਹਾਸ ਨੂੰ ਗਲਪਕਾਰੀ ਦੇ ਆਸਰੇ ਜਿਉਂਦਾ ਕਰਦੀ ਹੈ। ਇਹ ਉਨ੍ਹਾਂ ਖਾਲੀ ਥਾਵਾਂ ਅਤੇ ਖੱਪਿਆਂ ਨੂੰ ਪੂਰਦੀ ਹੈ, ਜਿਹੜੇ ਇਤਿਹਾਸਕਾਰੀ ਨੇ ਛੱਡ ਦਿੱਤੇ ਸਨ। ਅੱਜ ਤੋਂ ਤਕਰੀਬਨ ਸੌ ਸਾਲ ਪਹਿਲਾਂ ਜਦੋਂ ਪੰਜਾਬ ਦੇ ਸਿੱਖ ਅੰਗਰੇਜ਼ਾਂ ਦੀ ਫ਼ੌਜ ਵਿਚ ਭਰਤੀ ਹੋਏ ਸਨ ਤਾਂ ਆਪਣੀ ਭੌਇੰ ਤੋਦੋ ਦੂਰ ਬਿਗਾਨੀਆਂ/ਵਿਰੋਧੀ ਧਰਤੀਆਂ ‘ਤੇ ਲੜ੍ਹਦੇ ਉਹ ਕਿਸ ਤਰ੍ਹਾਂ ਜਿਉਂਏ ਹੋਣਗੇ, ਸਾਡੇ ਚਿੱਤ ਚੇਤਿਆਂ ਵਿਚ ਵੀ ਨਹੀਂ। ਇੰਝ ਫ਼ਿਲਮ ਜਦੋਂ ਉਨ੍ਹਾਂ ਨੂੰ ਯਾਦ ਕਰਦੀ ਹੈ ਤਾਂ ਉਨ੍ਹਾਂ ਦੁਆਰਾ ਹੰਢਾਈ ਅੰਤਾਂ ਦੀ ਤਕਲੀਫ਼ ਦੇ ਕੁਝ ਛਿਣਾਂ ਨੂੰ ਫ਼ੜਦੀ ਹੈ।
ਇਹ ਫ਼ਿਲਮ ਸਿੱਖ ਫ਼ੌਜੀਆਂ ਦੇ ਜਜ਼ਬੇ ਅਤੇ ਦਵੰਦ ਨੂੰ ਵੀ ਜ਼ੁਬਾਨ ਦਿੰਦੀ ਹੈ। ਜਿਸ ਨੇ ਗੁਲਾਮ ਬਣਾਇਆ ਹੋਵੇ, ਉਸ ਲਈ ਲੜ੍ਹਨਾ ਅਤੇ ਲੜ੍ਹਨ ਦੇ ਤਰਕ ਲੱਭਣੇ ਆਸਾਨ ਨਹੀਂ ਹੁੰਦੇ। ਵਕਤ ਦੇ ਇਸ ਮੋੜ ‘ਤੇ ਕਹਿਣ ਵਾਲੇ ਸੌਖਿਆਂ ਹੀ ਕਹਿ ਦਿੰਦੇ ਨੇ ਕਿ ਸਿੱਖ ਫ਼ੌਜੀਆਂ ਦਾ ਅੰਗਰੇਜ਼ਾਂ ਲਈ ਲੜ੍ਹਨਾ ਗੁਲਾਮ ਅਤੇ ਸਵਾਰਥੀ ਮਾਨਸਿਕਤਾ ਸੀ। ਇਸ ਤਰ੍ਹਾਂ ਕਹਿਣ ਵਾਲ਼ੇ ਵਿਰਾਸਤ ਨੂੰ ਛੁਟਿਆਉਂਦੇ ਹਨ। ਇਹ ਪੰਜਾਬ ਨੂੰ ਉਸ ਦੀ ਵਿਰਾਸਤ ਤੋਂ ਨਿਖੇੜ ਕੇ ਨਿਤਾਣਾ ਕਰਦੇ ਹਨ। ਤਰਕ ਅਤੇ ਸੱਚ ਦਾ ਸਾਹਮਣਾ ਕਰਨ ਦੀਆਂ ਗੱਲਾਂ ਉਹਲੇ ਇਹ ਪੰਜਾਬ ਦੇ ਮਾਣ ਨੂੰ ਖੋਰਾ ਲਾਉਂਦੇ ਹਨ ਤੇ ਜਦੋਂ ਬੰਦਾ ਮਾਣ ਤੋਂ ਵਿਰਵਾ ਹੋ ਜਾਵੇ ਤਾਂ ਉਸ ਦਾ ਸੁਪਨੇ ਦੇਖਣਾ ਵੀ ਨਾਲ ਹੀ ਬੰਦ ਹੋ ਜਾਂਦਾ ਹੈ।
‘ਸੱਜਣ ਸਿੰਘ ਰੰਗਰੂਟ’ ਫ਼ਿਲਮ ਦਾ ਸਤਿਕਾਰ ਇਸ ਕਾਰਨ ਹੈ ਕਿ ਇਹ ਫ਼ਿਲਮ ਫ਼ਿਕਰਾਂ ਮਾਰੇ ਪੰਜਾਬੀ ਬੰਦੇ ਨੂੰ ਸੁਪਨੇ ਲੈਣ ਜੋਗਾ ਕਰਦੀ ਹੈ। ਇਹ ਵਿਰਸੇ ਨੂੰ ਮਾਣ-ਮੱਤਾ ਬਣਾਉਂਦੀ ਹੈ। ਇਸ ਫ਼ਿਲਮ ਨੂੰ ਦੇਖਦਿਆਂ ਪੰਜਾਬੀ ਬੰਦਾ ਆਪਣੇ ਆਪ ਨੂੰ ਕੁਝ ਸਮਝਦਾ ਹੈ। ਉਸ ਨੂੰ ਵਿਚਾਰਧਾਰਕ ਅਤੇ ਜਿਸਮਾਨੀ ਤਾਕਤ ਦਾ ਅਹਿਸਾਸ ਹੁੰਦਾ ਹੈ। ਉਸ ਨੂੰ ਲੱਗਦਾ ਹੈ, ਉਹ ਕੋਈ ਐਵੇਂ ਨਹੀਂ। ਉਹ ਉਸ ਵਿਰਾਸਤ ਦਾ ਚਿਰਾਗ ਹੈ, ਜਿਸ ਨੇ ਹਜ਼ਾਰਾਂ ਮੁਸੀਬਤਾਂ ਨਾਲ ਲੋਹਾ ਲੈ ਕੇ ਵੀ ਚੰਗਿਆਈ, ਸੱਚਾਈ ਅਤੇ ਨੈਤਿਕਤਾ ਨੂੰ ਬੁਲੰਦ ਕੀਤਾ ਹੈ। ਇਹ ਸੱਚਾਈ ਉਸ ਨੂੰ ਮੁਸੀਬਤਾਂ ਸਾਹਵੇਂ ਗੋਡੇ ਟੇਕਣ ਤੋਂ ਰੋਕਣ ਦਾ ਤਾਣ ਦਿੰਦੀ ਹੈ। ਫ਼ਿਲਮਕਾਰੀ ਨੇ ਆਪਣੇ ਸਮਿਆਂ ਨੂੰ ਸਿੱਧਾ ਕਰਨ ਵਿਚ ਜਿੰਨੀ ਕੁ ਭੂਮਿਕਾ ਅਦਾ ਕਰਨੀ ਹੁੰਦੀ ਹੈ, ਇਹ ਫ਼ਿਲਮ ਉਸ ਤੋਂ ਕੁਝ ਜ਼ਿਆਦਾ ਹੀ ਕਰਦੀ ਹੈ।
ਫ਼ਿਲਮ ਵਿਚ ਸੱਜਣ ਸਿੰਘ ਦਾ ਚਰਿੱਤਰ ਚੰਗਿਆਈ, ਸੱਚਾਈ ਅਤੇ ਨੈਤਿਕਤਾ ਦਾ ਜ਼ਾਹਰਾ ਪ੍ਰਮਾਣ ਹੈ। ਉਹ ਸਿੱਖ ਫ਼ੌਜ ਵਿਚ ਭਰਤੀ ਹੁੰਦਾ ਹੈ, ਕਿਉਂਕਿ ਉਸ ਨੇ ਆਜ਼ਾਦੀ ਹਾਸਿਲ ਕਰਨੀ ਹੈ। ਉਹ ਲੜ੍ਹਦਾ ਹੈ, ਕਿਉਂਕਿ ਉਸ ਨੂੰ ਪਿੱਠ ਦਿਖਾਉਣ ਦੀ ਜਾਚ ਨਹੀਂ। ਉਹ ਸੱਚਾ ਹੈ, ਕਿਉਂਕਿ ਉਸ ਨੂੰ ਝੂਠ ਬੋਲਣਾ ਨਹੀਂ ਆਉਂਦਾ। ਉਹ ਬੇਖੌਫ਼ ਹੈ, ਕਿਉਂਕਿ ਉਸ ਦੇ ਵਿਰਸੇ ਵਿਚ ਮੌਤ ਖੇਡ ਹੈ। ਉਹ ਬੇਹੱਦ ਨਰਮ, ਦਿਆਲੂ ਅਤੇ ਕੋਮਲ ਹੈ, ਕਿਉਂਕਿ ਉਸ ਦੇ ਸਭਿਆਚਾਰ ਵਿਚ ਰਿਸ਼ਤਿਆਂ ਦਾ ਨਿੱਘ ਹੈ। ਫ਼ਿਲਮ ਵਿਚ ਸੱਜਣ ਸਿੰਘ ਦੇ ਕਈ ਰੰਗ ਹਨ ਅਤੇ ਹਰ ਰੰਗ ਆਕਰਸ਼ਕ ਹੈ। ਦਿਲਜੀਤ ਦੁਸਾਂਝ ਦੀ ਅਦਾਕਾਰੀ ਧੂਹ ਪਾਉਂਦੀ ਹੈ। ਇਸ ਫ਼ਿਲਮ ਵਿਚ ਉਹ ਕਾਮੇਡੀ ਅਤੇ ਸੰਜੀਦਗੀ ਦੇ ਸੀਨ ਇੱਕੋ ਜਿੰਨੀ ਮੁਹਾਰਤ ਨਾਲ ਕਰਦਾ ਹੈ। ਐਕਸ਼ਨ ਦੇ ਦ੍ਰਿਸ਼ਾਂ ਵਿਚ ਉਸ ਦੇ ਚਿਹਰੇ ਦਾ ਜਲੌਅ ਦਰਸ਼ਕ ਨੂੰ ਊਰਜਤ ਕਰਦਾ ਹੈ। ਪੰਜਾਬੀ ਸ਼ਬਦਾਂ ਦਾ ਸ਼ੁੱਧ ਉਚਾਰਨ ਉਸ ਦੀ ਸੰਵਾਦ-ਅਦਾਇਗੀ ਨੂੰ ਸਮਰੱਥ ਕਰਦਾ ਹੈ। ਸਿਰ ‘ਤੇ ਬੰਨੀ ਸੋਹਣੀ ਪੱਗ ਉਸ ਨੂੰ ਮਾਣ-ਮੱਤਾ ਬਣਾਉਂਦੀ ਹੈ।
‘ਸੱਜਣ ਸਿੰਘ ਰੰਗਰੂਟ’ ਪਾਪੂਲਰ/ਮਨੋਰੰਜਨ ਫ਼ਿਲਮ ਦੇ ਚੌਖਟੇ ਵਿਚ ਬਣੀ ਫ਼ਿਲਮ ਹੈ। ਇਸ ਤੋਂ ਸਮਾਨਾਂਤਰ ਸਿਨਮੇ ਵਰਗੀ ਜਾਂ ਸਾਹਿਤ ਵਰਗੀ ਗਹਿਰ-ਗੰਭੀਰਤਾ ਦੀ ਆਸ ਨਹੀਂ ਕੀਤੀ ਜਾ ਸਕਦੀ। ਫ਼ਿਲਮ ਨੂੰ ਮਨੋਰੰਜਨ ਭਰਪੂਰ ਬਣਾਉਣ ਲਈ ਇਸ ਵਿਚ ਕਾਮੇਡੀ ਅਤੇ ਰੁਮਾਂਸ ਦਾ ਰੰਗ ਪਾਇਆ ਹੈ। ਉਂਝ ਕਾਮੇਡੀ ਵਾਲੇ ਸੀਨ ਇਸ ਫ਼ਿਲਮ ਦੇ ਵਿਚਾਰਧਾਰਕ ਸਾਰ ਨੂੰ ਕਮਜ਼ੋਰ ਨਹੀਂ ਕਰਦੇ, ਸਗੋਂ ਪੰਜਾਬੀ ਬੰਦੇ ਦੀ ਔਖੇ ਸਮਿਆਂ ਵਿਚ ਹਾਸਾ-ਠੱਠਾ ਕਰਨ ਦੀ ਤਾਕਤ ਨੂੰ ਚਿੰਨ੍ਹਤ ਕਰਦੇ ਹਨ। ਘਾੜਤ ਪੱਖੋਂ ਕਾਮੇਡੀ ਸੀਨ ਬਹੁਤ ਆਕਰਸ਼ਕ ਹਨ। ਫ਼ਿਲਮ ਦੇ ਇਕ ਦ੍ਰਿਸ਼ ਵਿਚ ਬੈਕੀ (ਅੰਗਰੇਜ਼ ਕੁੜੀ) ਦਾ ਸੱਜਣ ਸਿੰਘ ਵੱਲ ਦੋਸਤੀ ਦਾ ਹੱਥ ਵਧਾਉਣ ਵਾਲਾ ਸੀਨ ਦਰਸ਼ਕ ਦੇ ਕੁਤਕੁਤਾੜੀਆਂ ਕੱਢ ਜਾਂਦਾ ਹੈ।
ਪਾਪੂਲਰ ਫ਼ਿਲਮ ਦੀ ਬਣਤਰ ਅਨੁਸਾਰ ਫ਼ਿਲਮ ਨੂੰ ਭਾਵੁਕ ਰੰਗ ਵਿਚ ਰੰਗਿਆ ਗਿਆ ਹੈ। ਭਾਵੁਕ ਰੰਗ ਰਿਸ਼ਤਿਆਂ ਦੇ ਨਿੱਘ, ਧਰਤੀ ਤੋਂ ਦੂਰੀ ਅਤੇ ਧਰਮ ਨਾਲ ਨੇੜਤਾ ਦੇ ਪ੍ਰਸੰਗਾਂ ਵਿੱਚੋਂ ਉਜਾਗਰ ਹੁੰਦਾ ਹੈ। ਇਕ ਦ੍ਰਿਸ਼ ਵਿਚ ਅੰਗਰੇਜ਼ ਫ਼ੌਜੀ ਸੱਜਣ ਸਿੰਘ ਦੀ ਪੱਗ ਨੂੰ ਹੱਥ ਪਾ ਲੈਂਦਾ ਹੈ ਤੇ ਸੱਜਣ ਸਿੰਘ ਦਾ ਦੇਹਿਕ ਪ੍ਰਤਿਕਰਮ ਅਤੇ ਮੌਖਿਕ ਉਚਾਰ (ਜਿਨ੍ਹਾਂ ਨੂੰ ਪੱਗਾਂ ਬੰਨਣੀਆਂ ਆਉਂਦੀਆਂ ਨਾ, ਉਨ੍ਹਾਂ ਨੂੰ ਪੱਗਾਂ ਸਾਂਭਣੀਆਂ ਵੀ ਆਉਂਦੀਆਂ) ਦਰਸ਼ਕ ਦੀ ਸੰਵੇਦਨਾ ਨੂੰ ਝੰਜੋੜ ਦਿੰਦਾ ਹੈ। ਸਾਰਾ ਸਿਨਮਾ ਹਾਲ ਤਾੜੀਆਂ ਨਾਲ ਗੂੰਜ ਉੱਠਦਾ ਹੈ।
‘ਸੱਜਣ ਸਿੰਘ ਰੰਗਰੂਟ’ ਫ਼ਿਲਮ ਦੀ ਸਮਰੱਥਾ ਬੀਤੇ ਜ਼ਮਾਨੇ ਨੂੰ ਪਰਦੇ ‘ਤੇ ਜਿਉਂਦਾ ਕਰਨ ਵਿਚ ਹੈ। ਪੰਜਾਬੀ ਸਿਨਮਾ ਵਿਚ ਪੀਰੀਅਡ ਫ਼ਿਲਮ ਬਣਾਉਣਾ ਆਸਾਨ ਕੰਮ ਨਹੀਂ ਹੈ। ਫ਼ਿਲਮ ਦਾ ਇੱਕ ਇੱਕ ਫ਼ਰੇਮ ਬੀਤੇ ਦਾ ਅਹਿਸਾਸ ਦਿੰਦਾ ਹੈ। ਰੰਗਾਂ ਦਾ ਪ੍ਰਯੋਗ ਅਤੇ ਥਾਵਾਂ ਦੀ ਚੋਣ ਫ਼ਿਲਮ ਨੂੰ ਪੁਰਾਣੀ ਦਿੱਖ ਦੇਣ ਵਿਚ ਵਿਸ਼ੇਸ਼ ਭੂਮਿਕਾ ਅਦਾ ਕਰਦੇ ਹਨ। ਇਹ ਪੰਜਾਬੀ ਦੀ ਪਹਿਲੀ ‘ਵਾਰ ਫ਼ਿਲਮ’ ਹੈ। ‘ਵਾਰ ਫ਼ਿਲਮ’ ਲਈ ਵਿਸ਼ੇਸ਼ ਕਿਸਮ ਦੀ ਤਕਨੀਕੀ ਮੁਹਾਰਤ ਲੋੜੀਂਦੀ ਹੁੰਦੀ ਹੈ। ਸ਼ਾਮ ਕੌਸ਼ਿਲ ਇਸ ਫ਼ਿਲਮ ਵਿਚ ਯੁੱਧ ਦੇ ਦ੍ਰਿਸ਼ਾਂ ਦੇ ਨਿਰਦੇਸ਼ਕ ਹਨ; ਉਨ੍ਹਾਂ ਦੀ ਮੁਹਾਰਤ ਇਸ ਫ਼ਿਲਮ ਨੂੰ ਕਿਸੇ ਵੀ ਭਾਸ਼ਾ ਵਿਚ ਬਣੀ ‘ਵਾਰ ਫ਼ਿਲਮ’ ਦੇ ਬਰਾਬਰ ਖੜ੍ਹਾ ਕਰਦੀ ਹੈ। ਅਦਾਕਾਰੀ ਪੱਖੋਂ ਦਿਲਜੀਤ ਦੁਸਾਂਝ ਤੋਂ ਬਾਅਦ ਯੋਗਰਾਜ ਸਿੰਘ ਦਾ ਕੰਮ ਸਲਾਹੁਣਯੋਗ ਹੈ। ਯੋਗਰਾਜ ਸਿੰਘ ਦੀ ਸਖ਼ਸ਼ੀਅਤ ਵਿਚ ਵਿਚ ਇਕ ਖਾਸ ਕਿਸਮ ਦਾ ਰੋਹਬ ਹੈ, ਇਸ ਰੋਹਬ ਵਿੱਚੋਂ ਪੰਜਾਬੀਆਂ ਦੀ ਅਣਖ਼, ਬਹਾਦਰੀ ਤੇ ਜ਼ਿੱਦ ਝਲਕਦੀ ਹੈ। ਫ਼ਿਲਮ ਦੇ ਨਿਰਦੇਸ਼ਕ ਨੇ ਯੋਗਰਾਜ ਸਿੰਘ ਦੀ ਵਿਲੱਖਣਤਾ ਨੂੰ ਸੂਬੇਦਾਰ ਜ਼ੋਰਾਵਰ ਸਿੰਘ ਦੇ ਚਰਿੱਤਰ ਲਈ ਬਾਖ਼ੂਬੀ ਵਰਤਿਆ ਹੈ। ਫ਼ਿਲਮ ਵਿਚ ਸੁਨੰਦਾ ਸ਼ਰਮਾ, ਧੀਰਜ ਕੁਮਾਰ, ਜਗਜੀਤ ਸੰਧੂ ਅਤੇ ਜਰਨੈਲ ਸਿੰਘ ਦੀ ਅਦਾਕਾਰੀ ਵੀ ਦੋਸ਼-ਮੁਕਤ ਹੈ।
ਸਮਕਾਲ ਦੀਆਂ ਬਹੁਤੀਆਂ ਪੰਜਾਬੀ ਫ਼ਿਲਮਾਂ ਵਿਚ ਪਾਤਰ ਬਹੁਤ ਬੋਲਦੇ ਹਨ। ਫ਼ਿਲਮ ਵਿਚ ਦ੍ਰਿਸ਼ਾਂ ਦੇ ਬੋਲ ਲਈ ਨਾ ਕੋਈ ਜਗ੍ਹਾ ਹੁੰਦੀ ਹੈ ਤੇ ਨਾ ਕੋਈ ਕੋਸ਼ਿਸ਼। ਇਸ ਫ਼ਿਲਮ ਵਿਚ ਪਾਤਰ ਬਹੁਤ ਘੱਟ ਬੋਲਦੇ ਹਨ, ਫ਼ਿਲਮ ਦੇ ਦ੍ਰਿਸ਼ ਆਪਣੀ ਗੱਲ ਦ੍ਰਿਸ਼-ਭਾਸ਼ਾ ਰਾਹੀਂ ਕਹਿੰਦੇ ਹਨ। ਯੁੱਧ ਦੇ ਦ੍ਰਿਸ਼ਾਂ ਵਿਚ ਤਾਂ ਇਹ ਗੱਲ ਖਾਸ ਤੌਰ ‘ਤੇ ਦੇਖੀ ਜਾ ਸਕਦੀ ਹੈ। ਇਸ ਫ਼ਿਲਮ ਵਿਚ ਮੌਖਿਕ-ਭਾਸ਼ਾ ਦੇ ਬਰਾਬਾਰ ਦ੍ਰਿਸ਼-ਭਾਸ਼ਾ ਨੂੰ ਥਾਂ ਦਿੱਤੀ ਗਈ ਹੈ। ਇਸ ਲਈ ਫ਼ਿਲਮ ਦੇ ਹਦਾਇਤਕਾਰ ਪੰਕਜ ਬਤਰਾ ਵਿਸ਼ੇਸ਼ ਰੂਪ ਵਿਚ ਤਾਰੀਫ਼ ਦੇ ਹੱਕਦਾਰ ਹਨ। ਫ਼ਿਲਮ ਵਿਚ ਸੰਵਾਦ ਮੁਕਾਬਲਤਨ ਘੱਟ ਹਨ, ਪਰ ਜਿੰਨੇ ਹਨ, ਆਹਲਾ ਦਰਜੇ ਦੇ ਹਨ। ਦਿਲਜੀਤ ਦੁਸਾਂਝ ਦੀ ਅਦਾਕਾਰੀ ਤੋਂ ਬਾਅਦ ਇਸ ਫ਼ਿਲਮ ਦੇ ਸੰਵਾਦ ਫ਼ਿਲਮ ਦੀ ਸਭ ਤੋਂ ਵੱਡੀ ਤਾਕਤ ਹਨ। ਜਤਿੰਦਰ ਲੱਲ ਦੀ ਕਲਮ ਤੋਂ ਨਿਕਲੇ ਸੰਵਾਦਾਂ ਵਿਚ ਬੀਤੇ ਦੀ ਖੁਸ਼ਬੋ ਅਤੇ ਪੰਜਾਬੀਅਤ ਦਾ ਰੰਗ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਜਦੋਂ ਇਕ ਦ੍ਰਿਸ਼ ਵਿਚ ਸੱਜਣ ਕਹਿੰਦਾ ਹੈ ਕਿ, ”ਮੈਂ ਬੰਨ੍ਹਿਆ ਹੋਇਆਂ ਜੀ” ਤਾਂ ਬੰਨ੍ਹਿਆ ਸ਼ਬਦ ਦਾ ਪ੍ਰਯੋਗ ਦੇਖ ਕੇ ਲੇਖਕ ਦੀ ਸਿਰਜਣਾਤਮਕਤਾ ਮੱਲੋ-ਮੱਲੀ ਸਤਿਕਾਰ ਲੈ ਜਾਂਦੀ ਹੈ।
ਫ਼ਿਲਮ ਵਿਚ ਇਕ ਹੋਰ ਦ੍ਰਿਸ਼ ਸੱਜਣ ਸਿੰਘ ਦੇ ਜੰਗ ਨੂੰ ਜਾਣ ਦਾ ਹੈ। ਸੱਜਣ ਸਿੰਘ ਦਾ ਬਾਪੂ ਉਸ ਨੂੰ ਜੰਗ ਵਿਚ ਜਾਣ ਤੋਂ ਰੋਕਦਾ ਹੈ। ਉਹ ਆਪਣੀ ਪਤਨੀ ਅਤੇ ਸੱਜਣ ਦੀ ਮਾਂ ਨੂੰ ਕਹਿੰਦਾ ਹੈ ਕਿ ਉਹ ਸੱਜਣ ਨੂੰ ਰੋਕੇ। ਮਾਂ ਦਾ ਇਸ ਜਗ੍ਹਾ ਉਚਾਰ ਹੈ: ”ਜਾਣ ਲੈਣ ਦਿਓ ਜੀ ਇਹਨੂੰ। ਮੈਂ ਪੁੱਤ ਜੰਮਿਆ, ਇਹਨੂੰ ਦਰਵਾਜ਼ਿਆਂ ‘ਚ ਬੰਦ ਕਰਕੇ ਨੀ ਰੱਖ ਸਕਦੀ। ਮੈਂ ਇਹਨੂੰ ਨਿੱਕੇ ਹੁੰਦੇ ਤੋਂ ਹੀ ਸਮਝਾਉਂਦੀ ਆਈ ਹਾਂ ਕਿ ਕਦੇ ਨੀ ਡਰਨਾ। ਜਿਹੜਾ ਕੰਮ ਸ਼ੁਰੂ ਕਰਨਾ ਉਹਨੂੰ ਸਿਰੇ ਚਾੜ੍ਹਨਾ, ਭਾਵੇਂ ਲੱਖ ਔਕੜਾਂ ਆਉਣ। ਤੇ ਆਪਣੇ ਬੋਲਾਂ ‘ਤੇ ਖੜ੍ਹਨਾ, ਤੇ ਅੱਜ, ਅੱਜ ਕਿਵੇਂ ਕਹਿੰਦਿਆਂ ਕਿ ਉਹ ਸਾਰੀਆਂ ਗੱਲਾਂ ਝੂਠ ਸਨ।” ਇਸੇ ਤਰ੍ਹਾਂ ਦੇ ਤਾਕਤਵਰ ਸੰਵਾਦ ਫ਼ਿਲਮ ਵਿਚ ਥਾਂ-ਪੁਰ-ਥਾਂ ਹਨ। ਫ਼ਿਲਮ ਦਾ ਪਿਛੋਕੜੀ ਸੰਗੀਤ ਫ਼ਿਲਮ ਦੀ ਇਕ ਹੋਰ ਤਾਕਤ ਹੈ। ਕਿਉਂਕ ਪਾਤਰ ਘੱਟ ਬੋਲਦੇ ਹਨ, ਇਸ ਕਾਰਨ ਦ੍ਰਿਸ਼ ਬੋਲਦੇ ਹਨ ਤੇ ਦ੍ਰਿਸ਼ਾਂ ਨੂੰ ਬੋਲਣ ਲਾਉਣ ਵਿਚ ਪਿਛੋਕੜੀ ਸੰਗੀਤ ਦੀ ਬਹੁਤ ਭੂਮਿਕਾ ਹੈ।
ਇਹ ਨਹੀਂ ਕਿ ਫ਼ਿਲਮ ਵਿਚ ਕੋਈ ਝੋਲ ਨਹੀਂ। ਕੁਝ ਨੁਕਸ ਤਾਂ ਅਸਾਨੀ ਨਾਲ ਕੱਢੇ ਜਾ ਸਕਦੇ ਹਨ। ਪਰ ਜਿਸ ਤਰ੍ਹਾਂ ਦੇ ਵਿਸ਼ੇ ਅਤੇ ਵਿਚਾਰਧਾਰਾ ਨੂੰ ਇਹ ਫ਼ਿਲਮ ਪੇਸ਼ ਕਰਦੀ ਹੈ, ਉਸ ਸਾਹਮਣੇ ਮੌਜੂਦ ਨੁਕਸਾਂ ਨੂੰ ਅੱਖੋਂ ਉਹਲੇ ਕਰਨਾ ਮੁਸ਼ਕਲਾਂ ਨਹੀਂ। ਇਹ ਫ਼ਿਲਮ ਪੰਜਾਬੀ ਸਿਨਮਾ ਦੇ ਇਤਿਹਾਸ ਵਿਚ ਵਿਸ਼ੇ, ਵਿਚਾਰਧਾਰਾ ਅਤੇ ਦਿਲਜੀਤ ਦੁਸਾਂਝ ਦੀ ਸ਼ਾਨਦਾਰ ਅਦਾਕਾਰੀ ਕਾਰਨ ਹਮੇਸ਼ਾਂ ਯਾਦ ਕੀਤੀ ਜਾਂਦੀ ਰਹੇਗੀ। ਆਉਣ ਵਾਲ਼ੀਆਂ ਪੀੜ੍ਹੀਆਂ ਜਦੋਂ ਸਾਡੇ ਸਮਿਆਂ ਦਾ ਲੇਖਾ-ਜੋਖਾ ਕਰਨਗੀਆਂ ਤਾਂ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਦਾ ਜ਼ਿਕਰ ਨਿਸ਼ਚੇ ਹੀ ਉਨ੍ਹਾਂ ਨੂੰ ਨਿੱਘਾ ਅਹਿਸਾਸ ਦੇਵੇਗਾ।