ਬਲਾਤਕਾਰੀ ‘ਪਾਪਾ ਦੀ ਪਰੀ ਨੇ ਪੰਚਕੂਲਾ ‘ਚ ਪੇਸ਼ੀ ਭੁਗਤੀ

ਬਲਾਤਕਾਰੀ ‘ਪਾਪਾ ਦੀ ਪਰੀ ਨੇ ਪੰਚਕੂਲਾ ‘ਚ ਪੇਸ਼ੀ ਭੁਗਤੀ

ਪੰਚਕੂਲਾ/ਬਿਊਰੋ ਨਿਊਜ਼
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਹੋਈ ਧੀ ਹਨੀਪ੍ਰੀਤ, ਜਿਸ ਖ਼ਿਲਾਫ਼ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੈ, ਨੂੰ ਅੱਜ ਅੰਬਾਲਾ ਜੇਲ੍ਹ ਤੋਂ ਪੰਚਕੂਲਾ ਜ਼ਿਲ੍ਹਾ ਅਦਾਲਤ ਦੀ ਸੀਜੇਐਮ ਕੋਰਟ ਵਿੱਚ ਲਿਆਂਦਾ ਗਿਆ। ਇੱਥੇ ਉਸ ਨੂੰ ਦਿੱਤੀ ਚਾਰਜਸ਼ੀਟ ‘ਤੇ ਬਹਿਸ ਹੋਈ।
ਹਨੀਪ੍ਰੀਤ ਨੂੰ ਅੱਜ ਸਵੇਰੇ ਪੁਲੀਸ ਭਾਰੀ ਸੁਰੱਖਿਆ ਪ੍ਰਬੰਧ ਹੇਠ ਸਾਢੇ ਦਸ ਵਜੇ ਲੈ ਕੇ ਆਈ ਅਤੇ 11:50 ਮਿੰਟ ‘ਤੇ ਸੁਣਵਾਈ ਤੋਂ ਬਾਅਦ ਉਸ ਨੂੰ ਵਾਪਸ ਲੈ ਗਈ। ਹਨੀਪ੍ਰੀਤ ਦੀ ਅਗਲੀ ਪੇਸ਼ੀ ਹੁਣ 21 ਦਸੰਬਰ ਨੂੰ ਰੱਖੀ ਗਈ ਹੈ। ਅੱਜ ਉਸ ਦੇ ਹੋਰ ਵੀ ਕਈ ਸਾਥੀ ਕੋਰਟ ਵਿੱਚ ਪੇਸ਼ ਹੋਏ।  ਇਸ ਕੇਸ ਨਾਲ ਸਬੰਧਤ ਇੱਕ ਹੋਰ ਮੁਲਜ਼ਮ ਦੇ ਕੇਸ ਦੀ ਪੈਰਵੀ ਕਰ ਰਹੇ ਵਕੀਲ ਸੁਰੇਸ਼ ਰੋਹਿਲਾ ਨੇ ਦੱਸਿਆ ਕਿ ਅਗਲੀ ਵਾਰ ਹਨੀਪ੍ਰੀਤ ਨੂੰ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਅੱਜ ਹਨੀਪ੍ਰੀਤ ਦੇ ਹੋਰ ਵੀ ਕਈ ਸਾਥੀ ਸੀਜੇਐਮ ਕੋਰਟ ਪੰਚਕੂਲਾ ਵਿੱਚ ਪੇਸ਼ ਕੀਤੇ ਗਏ, ਜਿਨ੍ਹਾਂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਹੈ। ਮੁਲਜ਼ਮਾਂ ਵਿੱਚ ਚਮਕੌਰ ਸਿੰਘ, ਸੁਰਿੰਦਰ ਧੀਮਾਨ, ਸੀਪੀ ਅਰੋੜਾ ਅਤੇ ਹੋਰ ਸ਼ਾਮਲ ਹਨ। ਦੱਸਣਯੋਗ ਹੈ ਕਿ ਪੁਲੀਸ ਨੇ ਹਨੀਪ੍ਰੀਤ ਤੇ ਸਾਥੀਆਂ ‘ਤੇ ਦੰਗਾ ਭੜਕਾਉਣ ਅਤੇ ਦੇਸ਼ ਧ੍ਰੋਹ ਦੇ ਮਾਮਲਿਆਂ ਵਿੱਚ ਚਾਰਜਸ਼ੀਟ ਪੇਸ਼ ਕੀਤੀ ਸੀ।
ਡੇਰੇ ਦਾ ਇੱਕ ਪ੍ਰੇਮੀ ਪੁਲੀਸ ਨੇ ਕੀਤਾ ਕਾਬੂ
ਪੁਲੀਸ ਨੇ 25 ਅਗਸਤ ਨੂੰ ਹੋਈ ਹਿੰਸਾ ਦੇ ਮਾਮਲੇ ਵਿੱਚ ਡੇਰਾ ਸਿਰਸਾ ਦੇ ਪ੍ਰੇਮੀ ਹਰੀਕੇਸ਼ ਨੂੰ ਕੈਥਲ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਖ਼ਿਲਾਫ਼ ਵੀ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਕਈ ਦਿਨਾਂ ਤੋਂ ਇਸ ਨੂੰ ਫੜਨ ਲਈ ਛਾਪੇ ਮਾਰ ਰਹੀ ਸੀ ਅਤੇ ਇਹ ਕਈ ਦਿਨਾਂ ਤੋਂ ਫਰਾਰ ਸੀ।  ਦੇਸ਼ ਧ੍ਰੋਹ ਦੇ ਮਾਮਲੇ ਵਿੱਚ ਪੁਲੀਸ ਨੇ 15 ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਸਬੰਧੀ ਹਨੀਪ੍ਰੀਤ ਨੇ ਦੰਗਾ ਭੜਕਾਉਣ, ਮੀਟਿੰਗਾਂ ਕਰਨ ਅਤੇ ਹੋਰ ਕਈ ਗੱਲਾਂ ਕਬੂਲੀਆਂ ਸਨ।