ਸਿੰਗਾਪੁਰੋਂ ਆਏ ਵਿਦਿਆਰਥੀਆਂ ਦਾ ਸ਼ਾਹਾਨਾ ਸਵਾਗਤ
ਪਿੰਡ ਰੱਤੋਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਨੂੰ ਰੰਗ ਰੋਗਨ ਕਰਨ ਤੋਂ ਪਹਿਲਾਂ ਤਿਆਰ ਕਰਨ ਵਿੱਚ ਜੁਟੇ ਸਿੰਗਾਪੁਰ ਦੇ ਵਿਦਿਆਰਥੀ।
ਸੰਗਰੂਰ/ਬਿਊਰੋ ਨਿਊਜ਼:
ਪਿੰਡ ਰੱਤੋਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਨੁਹਾਰ ਬਦਲਣ ਲਈ ਸਿੰਗਾਪੁਰ ਤੋਂ 20 ਵਿਦਿਆਰਥੀਆਂ ਦੀ ਟੀਮ ਬੀਤੀ ਅੱਧੀ ਰਾਤ ਪਿੰਡ ਰੱਤੋਕੇ ਪੁੱਜ ਗਈ ਹੈ। ਇਸ ਮੌਕੇ ਪਿੰਡ ਰੱਤੋਕੇ ਦੀ ਪੰਚਾਇਤ, ਪਿੰਡ ਵਾਸੀਆਂ ਅਤੇ ਸਕੂਲ ਸਟਾਫ਼ ਵੱਲੋਂ ਢੋਲ ਢਮੱਕੇ ਨਾਲ ਟੀਮ ਦਾ ਸਵਾਗਤ ਕੀਤਾ ਗਿਆ। ‘ਯੰਗ ਸਿੱਖ ਐਸੋਸੀਏਸ਼ਨ’ ਦੇ ਪ੍ਰਮੁੱਖ ਐਡਵੋਕੇਟ ਸਤਵੰਤ ਸਿੰਘ ਦੀ ਅਗਵਾਈ ਹੇਠ ਪੁੱਜੀ ਟੀਮ ਵਿੱਚ ਸਿੰਗਾਪੁਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰ ਰਹੇ ਭਾਰਤੀ ਮੂਲ ਦੇ 10 ਲੜਕੇ ਅਤੇ 10 ਲੜਕੀਆਂ ਸ਼ਾਮਲ ਹਨ। ਇਸ ਟੀਮ ਨੇ ਅੱਜ ਸਵੇਰੇ 9 ਵਜੇ ਹੀ ਸਮਾਜ ਸੇਵਾ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ। ਕਰੀਬ 14 ਦਿਨਾਂ ‘ਚ ਟੀਮ ਸਕੂਲ ਨੂੰ ਨਵੀਂ ਦਿੱਖ ਦੇਵੇਗੀ। ਇਹ ਟੀਮ ਕਰੀਬ 17 ਦਿਨ ਪਿੰਡ ਰੱਤੋਕੇ ਵਿੱਚ ਠਹਿਰੇਗੀ ਅਤੇ ਪੰਜਾਬ ਦੀ ਪੇਂਡੂ ਜੀਵਨ ਸ਼ੈਲੀ ਨੂੰ ਵੀ ਵੇਖੇਗੀ। ਅੱਜ, ਇਹ ਵਿਦਿਆਰਥੀ ਸਕੂਲ ਵਿੱਚ ਆਪਣੇ ਕਾਰਜ ਨੂੰ ਅੰਜਾਮ ਦੇਣ ਵਿੱਚ ਜੁਟੇ ਹੋਏ ਸਨ।
‘ਯੰਗ ਸਿੱਖ ਐਸੋਸੀਏਸ਼ਨ’ ਦੇ ਪ੍ਰਮੁੱਖ ਐਡਵੋਕੇਟ ਸਤਵੰਤ ਸਿੰਘ ਨੇ ਦੱਸਿਆ ਕਿ ਇਹ ਵਿਦਿਆਰਥੀ ਸਿੰਗਾਪੁਰ ਦੇ ਜੰਮਪਲ ਹਨ ਜਿੱਥੇ ਪੜ੍ਹਾਈ ਦੌਰਾਨ ਸਮਾਜ ਸੇਵਾ ਵੀ ਇੱਕ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੀ ਮੰਗ ਅਨੁਸਾਰ ਵਿਦਿਆਰਥੀ ਫਾਰਮ ਭਰ ਕੇ ਅਪਲਾਈ ਕਰਦੇ ਹਨ ਜਿਨ੍ਹਾਂ ਦੀ ਚੋਣ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰੱਤੋਕੇ ਦਾ ਸਰਕਾਰੀ ਪ੍ਰਾਇਮਰੀ ਸਕੂਲ ਪੰਜਾਬ ਦਾ 17ਵਾਂ ਸਕੂਲ ਹੈ ਜਿਸਦੀ ਐਸੋਸੀਏਸ਼ਨ ਦੇ ‘ਖਾਹਿਸ਼’ ਪ੍ਰਾਜੈਕਟ ਤਹਿਤ ਚੋਣ ਕੀਤੀ ਗਈ ਹੈ।
ਅੱਜ ਸਵੇਰੇ ਵਿਦਿਆਰਥੀਆਂ ਨੇ ਪੇਂਡੂ ਔਰਤਾਂ ਨੂੰ ਮੱਝਾਂ ਦੀਆਂ ਧਾਰਾਂ ਕੱਢਦਿਆਂ, ਪਾਥੀਆਂ ਪੱਥਦਿਆਂ, ਦੁੱਧ ਰਿੜਕਦਿਆਂ ਅਤੇ ਮੱਖਣ ਕੱਢਦਿਆਂ ਵੇਖਿਆ ਜਿਸ ਤੋਂ ਉਹ ਬੇਹੱਦ ਪ੍ਰਭਾਵਿਤ ਹੋਏ। ਇਸ ਮੌਕੇ ਸਿੰਗਾਪੁਰ ‘ਚ ਜੰਮੀ-ਪਲੀ ਵਿਦਿਆਰਥਣ ਰਾਜਵਿਨ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕ ਖੁੱਲ੍ਹੇ ਦਿਲ ਵਾਲੇ ਹਨ। ਇੱਥੋਂ ਦਾ ਖਾਣਾ ਬਹੁਤ ਸੁਆਦਲਾ ਹੈ। ਸਾਨੀਆ ਅਤੇ ਕਿਰਨਪ੍ਰੀਤ ਨੇ ਕਿਹਾ ਕਿ ਦੌਰੇ ਦੌਰਾਨ ਸਮਾਜ ਸੇਵਾ ਤੋਂ ਇਲਾਵਾ ਪੰਜਾਬ ਦੇ ਪੇਂਡੂ ਲੋਕਾਂ ਦੀ ਜੀਵਨ ਸ਼ੈਲੀ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲੇਗਾ। ਇਸ ਮੌਕੇ ਰੱਤੋਕੇ ਸਕੂਲ ਦੀ ਵੱਖਰੀ ਪਛਾਣ ਬਣਾਉਣ ਵਾਲੇ ਸਟੇਟ ਐਵਾਰਡੀ ਅਧਿਆਪਕ ਸੁਰਿੰਦਰ ਸਿੰਘ, ਸਰਪੰਚ ਗੁਰਚਰਨ ਸਿੰਘ ਅਤੇ ਸਕੂਲ ਕਮੇਟੀ ਦੇ ਚੇਅਰਮੈਨ ਸਾਹਿਬ ਸਿੰਘ ਨੇ ਕਿਹਾ ਕਿ 17 ਦਿਨ ਸਮੁੱਚਾ ਪਿੰਡ ਟੀਮ ਦੀ ਮਹਿਮਾਨਨਿਵਾਜੀ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ। ਜ਼ਿਕਰਯੋਗ ਹੈ ਕਿ ਯੰਗ ਸਿੱਖ ਐਸੋਸੀਏਸ਼ਨ ਵੱਲੋਂ ਪ੍ਰਾਜੈਕਟ ‘ਖਾਹਿਸ਼’ ਤਹਿਤ ਸਕੂਲ ਵਿੱਚ ਲਾਇਬਰੇਰੀ, ਮੁੱਖ ਅਧਿਆਪਕ ਦਫ਼ਤਰ ਅਤੇ ਪਖਾਨੇ ਬਣਵਾਏ ਗਏ ਹਨ ਜਿਨ੍ਹਾਂ ਨੂੰ ਰੰਗ ਰੋਗਨ ਨਾਲ ਅੰਤਿਮ ਰੂਪ ਇਹ ਟੀਮ ਖ਼ੁਦ ਦੇਵੇਗੀ ਅਤੇ ਸਮੁੱਚੇ ਸਕੂਲ ਨੂੰ 24 ਦਸੰਬਰ ਤੱਕ ਨਵੀਂ ਦਿੱਖ ਪ੍ਰਦਾਨ ਕਰੇਗੀ। ਇਸ ਪ੍ਰਾਜੈਕਟ ਤਹਿਤ ਕਰੀਬ 15 ਲੱਖ ਰੁਪਏ ਖ਼ਰਚ ਹੋਣ ਦੀ ਉਮੀਦ ਹੈ।
Comments (0)