ਰਾਜ-ਮਾਤਾ ਦੇ ਭੋਗ ਮੌਕੇ ਖਹਿਰਾ ਵਲੋਂ ਕੈਪਟਨ ਦੀਆਂ ਸਿਫ਼ਤਾਂ

ਰਾਜ-ਮਾਤਾ ਦੇ ਭੋਗ ਮੌਕੇ ਖਹਿਰਾ ਵਲੋਂ ਕੈਪਟਨ ਦੀਆਂ ਸਿਫ਼ਤਾਂ

ਕੈਪਸ਼ਨ: ਕੈਪਟਨ ਅਮਰਿੰਦਰ ਸਿੰਘ ਤੇ ਸੁਖਪਾਲ ਖਹਿਰਾ ਦੀ ਇੱਕ ਪੁਰਾਣੀ ਤਸਵੀਰ।

ਸੰਵੇਦਨਾਮਈ ਸ਼ਬਦਾਂ ਨਾਲ ਸਿਆਸੀ ਪਹੁੰਚ ਨੂੰ ਲੱਗਾ ਸੇਕ

ਸੂਬਾਈ ਪ੍ਰਧਾਨ ਭਗਵੰਤ ਮਾਨ ਨੇ ਤੁਰੰਤ ਦਾਗਿਆ ਸਿਆਸੀ ਗੋਲਾ
ਚੰਡੀਗੜ/ਬਿਊਰੋ ਨਿਊਜ਼:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਭੋਗ ਵੀ ਸਿਆਸਤ ਤੋਂ ਵਾਂਝਾ ਨਹੀਂ ਰਹਿ ਸਕਿਆ । ਰਾਜ-ਮਾਤਾ ਦੇ ਭੋਗ ਤੇ ਸਿਆਸੀ ਸਖਸ਼ੀਅਤਾਂ ਵੱਡੀ ਗਿਣਤੀ ਵਿਚ ਪਹੁੰਚੀਆਂ ਤਾਂ ਸਿਆਸਤ ਹੋਣੀ ਸੁਭਾਵਿਕ ਹੀ ਸੀ ਪਰ ਇਸ ਸਿਆਸਤ ਦਾ ਸਭ ਤੋਂ ਵੱਧ ਸੇਕ ਵਿਰੋਧੀ ਧਿਰ  ਭਾਵ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਤੱਕ ਜਾਂ ਪੁੱਜਾ।
ਰਾਜ-ਮਾਤਾ ਮਹਿੰਦਰ ਕੌਰ ਦੇ ਭੋਗ ਤੋਂ ਬਾਅਦ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਮੌਕੇ ਵਿਰੋਧੀ ਧਿਰ ਦੇ ਆਗੂ ਤੇ ‘ਆਪ’ ਵਿਧਾਇਕ ਸੁਖਪਾਲ ਖਹਿਰਾ ਇਸ ਕਦਰ ਭਾਵੁਕ ਹੋਏ ਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ‘ਸੰਤ ਸਿਆਸਤਦਾਨ’ ਦਾ ਖ਼ਿਤਾਬ ਦੇ ਦਿੱਤਾ।
ਸਿਰਫ਼ ਇੱਥੇ ਹੀ ਨਹੀਂ , ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਪੰਜਾਬ ਦੇ ਪਾਣੀਆਂ ਬਾਰੇ ਜੋ ਸਟੈਂਡ ਲਿਆ ਉਹ ਸ਼ਲਾਘਾਯੋਗ ਸੀ ਤੇ ਹੁਣ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਕੈਪਟਨ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਚ ਸਫਲ ਹੋਣਗੇ .ਖਹਿਰਾ ਦੇ ਇਸ ਬਿਆਨ ਨੂੰ ਪੰਜਾਬ ਦੇ ਲੋਕ ਸੰਪਰਕ ਮਹਿਕਮੇ ਵੱਲੋਂ ਸਰਕਾਰੀ ਤੌਰ ਤੇ ਜਾਰੀ ਕੀਤਾ ਗਿਆ . ਇਹ ਬਿਆਨ ਨਸ਼ਰ ਹੁੰਦੇ  ਹੀ ਆਮ ਆਦਮੀ ਪਾਰਟੀ ਡੀ ਲੀਡਰਸ਼ਿਪ ਅੰਦਰ ਭੁਚਾਲ ਵਰਗੀ ਹਿਲਜੁਲ ਸ਼ੁਰੂ ਹੋ ਗਈ . ਪਤਾ ਲੱਗਾ ਹੈ ਕਿ ਕੁੱਝ ਸੀਨੀਅਰ ਨੇਤਾਵਾਂ ਦੀਆਂ ਭਵਾਂ ਤਣ ਗਈਆਂ।
ਸਰਕਾਰ ਵੱਲੋਂ ਖਹਿਰਾ ਦੇ ਬਿਆਨ ਦਾ ਵੱਖਰੇ ਤੌਰ ਤੇ ਪ੍ਰੈਸ ਨੋਟ ਜਾਰੀ ਹੋ ਗਿਆ ਤਾਂ ‘ਆਪ’ ਦੇ ਸੀਨੀਅਰ ਆਗੂਆਂ ਨੂੰ ਵੀ ਖ਼ਤਰਾ ਹੋ ਗਿਆ ਕਿ ਕਿਤੇ ਕਾਂਗਰਸ ਨਾਲ ਮਿਲੀਭੁਗਤ ਦੇ ਦੋਸ਼ ਹੀ ਨਾਂ ਲੱਗ ਜਾਣ ।
ਵਿਜੈਪਾਲ ਬਰਾੜ ਦੀ ਰਿਪੋਰਟ ਅਨੁਸਾਰ ਤੁਰੰਤ ‘ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਹਰਕਤ ਚ ਆਏ ਤੇ ਉਨ੍ਹਾਂ ਵੱਲੋਂ ਕੈਪਟਨ ਸਰਕਾਰ ਨੂੰ ਜਾਬਰ ਕਰਾਰ ਦਿੰਦੇ ਹੋਏ ਬਹੁਤ ਸਖ਼ਤ ਬਿਆਨ ਜਾਰੀ ਕੀਤਾ। ਬਿਆਨ ਵਿਚ ਕਿਹਾ ਗਿਆ ਕਿ ਕੈਪਟਨ ਸਰਕਾਰ ਦੇ ਰਾਜ ‘ ਚ ਅਮਨ-ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ ਤੇ ‘ਆਪ’ ਵਿਧਾਇਕਾਂ ਦੇ ਖ਼ਿਲਾਫ਼ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਜਿਸ ਦਾ ਉਨ੍ਹਾਂ ਦੀ ਪਾਰਟੀ ਡਟ ਕੇ ਵਿਰੋਧ ਕਰੇਗੀ । ਭਗਵੰਤ ਮਾਨ ਦੇ ਇਸ ਬਿਆਨ ਨੂੰ ਮੀਡੀਆ ਸਫ਼ਾਂ ਵਿਚ ‘ਡੈਮੇਜ ਕੰਟਰੋਲ’ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ । ਹੁਣ ਸਵਾਲ ਇਹ ਹੈ ਕਿ ਖਹਿਰਾ ਭਾਵਨਾਵਾਂ ਚ ਵਹਿ ਗਏ ਜਾਂ ਉਨ੍ਹਾਂ ਦਾ ਪੁਰਾਣਾ ‘ਕੈਪਟਨ ਪ੍ਰੇਮ’ ਜਾਗ ਪਿਆ ਪਰ ਖਹਿਰਾ ਦੇ ਬਿਆਨਾਂ ਨੇ ਸੋਸ਼ਲ ਮੀਡੀਆ ਤੇ ਬਹਿਸ ਤਾਂ ਛੇੜ ਹੀ ਦਿੱਤੀ ਹੈ ।
ਇਹ ਵੀ ਹੋ ਸਕਦੈ ਕਿ ਇਸ ਮਾਮਲੇ ਤੇ ਆਪ ਦੀ ਲੀਡਰਸ਼ਿਪ ਵਿਚਕਾਰ ਸਿਆਸੀ ਖਿੱਚੋਤਾਣ ਵੀ ਸ਼ੁਰੂ ਹੋ ਜਾਵੇ ਅਤੇ ਪਾਰਟੀ ਅੰਦਰਲੇ ਖ਼ੈਰ ਵਿਰੋਧੀਆਂ ਨੂੰ ਮੁੱਦਾ ਮਿਲ ਜਾਵੇ।