ਅਮਰੀਕੀ ਮਿਸ਼ਨਰੀ ਜੋੜੇ ਸਮੇਤ 3 ਅਮਰੀਕੀਆਂ ਦੀ ਬਦਮਾਸ਼ਾਂ ਵੱਲੋਂ ਹੈਤੀ ਵਿਚ ਹੱਤਿਆ

ਅਮਰੀਕੀ ਮਿਸ਼ਨਰੀ ਜੋੜੇ ਸਮੇਤ 3 ਅਮਰੀਕੀਆਂ ਦੀ ਬਦਮਾਸ਼ਾਂ ਵੱਲੋਂ ਹੈਤੀ ਵਿਚ ਹੱਤਿਆ

ਮਿਸ਼ਨਰੀ ਜੋੜਾ ਰਿਪਬਲੀਕਨ ਆਗੂ ਬੇਨ ਬੇਕਰ ਦੇ ਧੀ ਜਵਾਈ ਸਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕੀ ਮਿਸ਼ਨਰੀ ਜੋੜੇ ਸਮੇਤ 3 ਅਮਰੀਕੀ ਮਿਸ਼ਨਰੀਆਂ ਦੀ ਹੈਤੀ ਦੀ ਰਾਜਧਾਨੀ ਪੋਰਟ- ਔ-ਪ੍ਰਿੰਸ ਵਿਖੇ ਹੱਤਿਆ ਕਰ ਦੇਣ ਦੀ ਖਬਰ ਹੈ। ਅਮਰੀਕੀ ਜੋੜੇ ਦੀ ਪਛਾਣ ਡੇਵੀ ਤੇ ਨਟਾਲੀ ਲੋਇਡ ਵਜੋਂ ਹੋਈ ਹੈ ਜੋ ਅਮਰੀਕੀ ਰਾਜ ਮਿਸੂਰੀ ਦੇ ਰਿਪਬਲੀਕਨ ਆਗੂ ਦੀ ਧੀ ਤੇ ਜਵਾਈ ਸਨ। ਇਹ ਜਾਣਕਾਰੀ ਨਟਾਲੀ ਲੋਇਡ ਦੇ ਪਿਤਾ ਰਿਪਬਲੀਕਨ ਆਗੂ ਬੇਨ ਬੇਕਰ ਨੇ ਆਪਣੀ ਫੇਸਬੁੱਕ 'ਤੇ ਪਾਈ ਇਕ ਪੋਸਟ ਵਿਚ ਦਿੱਤੀ ਹੈ। ਬੇਨ ਬੇਕਰ ਨੇ ਕਿਹਾ ਹੈ ਕਿ ਡੇਵੀ ਲਾਇਡ ਤੇ ਨਟਾਲੀ ਲਾਇਡ ਉਪਰ ਬਦਮਾਸ਼ਾਂ ਨੇ ਹਮਲਾ ਕੀਤਾ ਤੇ ਇਸ ਹਮਲੇ ਵਿਚ ਦੋਨਾਂ ਦੀ ਮੌਤ ਹੋ ਗਈ। ਉਸ ਨੇ ਕਿਹਾ ਹੈ '' ਉਸ ਦਾ ਦਿੱਲ ਟੁੱਟ ਗਿਆ ਹੈ ਤੇ ਉਸ ਨੇ ਕਦੀ ਵੀ ਏਨਾ ਦੁੱਖ ਮਹਿਸੂਸ ਨਹੀਂ ਕੀਤਾ। ਉਸ ਨੇ ਕਿਹਾ ਹੈ ਮੇਰੀ ਧੀ ਤੇ ਜਵਾਈ ਹੈਤੀ ਵਿਚ ਕੁਲਵਕਤੀ ਮਿਸ਼ਨਰੀ ਸਨ। ਬੇਕਰ ਨਿਊਟੋਨ ਕਾਊਂਟੀ (ਡਿਸਟ੍ਰਿਕਟ 160) ਤੋਂ ਰਿਪਬਲੀਕਨ ਪ੍ਰਤੀਨਿੱਧ ਹਨ। ਇਸ ਹਮਲੇ ਵਿਚ ਮਿਸ਼ਨ ਦੇ ਡਾਇਰੈਕਟਰ ਜਿਊਡ ਮੋਨਟਿਸ (45) ਦੀ ਵੀ ਮੌਤ ਹੋ ਗਈ। ਇਹ ਤਿੰਨੇ ਹੈਤੀ ਇੰਕ ਵਿਚ ਮਿਸ਼ਨ ਤਹਿਤ ਕੰਮ ਕਰਦੇ ਸਨ ਜਿਸ ਨੂੰ ਡੇਵੀ ਲਾਇਡ ਦੇ ਮਾਪਿਆਂ ਵੱਲੋਂ ਪਿਛਲੇ 2 ਦਹਾਕਿਆਂ ਦੇ ਵੀ ਵਧ ਸਮੇ ਤੋਂ ਚਲਾਇਆ ਜਾ ਰਿਹਾ ਹੈ। ਡੇਵੀ ਲਾਇਡ ਦੇ ਪਿਤਾ ਡੇਵਿਡ ਲਾਇਡ ਨੇ ਕਿਹਾ ਹੈ ਕਿ ਉਸ ਦੇ ਪੁੱਤਰ ਨੂੰ ਹੈਤੀ ਨਾਲ ਪਿਆਰ ਸੀ। ਉਨਾਂ ਕਿਹਾ ਕਿ ਉਹ ਤੇ ਨਟਾਲੀ ਲਾਇਡ (21) ਉਪਰ ਬੀਤੇ ਦਿਨ ਉਸ ਵੇਲੇ ਘਾਤ ਲਾ ਕੇ ਹਮਲਾ ਕੀਤਾ ਗਿਆ ਜਦੋਂ ਉਹ ਪੋਰਟ-ਔ-ਪ੍ਰਿੰਸ ਵਿਚ ਚਰਚ ਵਿਚੋਂ ਨਿਕਲ ਰਹੇ ਸਨ। ਮਿਸ਼ਨ ਵੱਲੋਂ ਫੇਸਬੁੱਕ 'ਤੇ ਪਾਈ ਇਕ ਪੋਸਟ ਅਨੁਸਾਰ ਹਮਲਾਵਰ ਡੇਵੀ ਲਾਇਡ ਨੂੰ ਅਗਵਾ ਕਰਕੇ ਇਕ ਘਰ ਵਿਚ ਲੈ ਗਏ ਜਿਥੇ ਉਸ ਨੂੰ ਬੰਨ ਕੇ ਕੁੱਟਿਆ ਮਾਰਿਆ ਗਿਆ। ਉਪਰੰਤ ਹਮਲਾਵਰ ਮਿਸ਼ਨ ਦਾ ਸਮਾਨ ਨਾਲ ਭਰਿਆ ਟਰੱਕ ਲੈ ਕੇ ਉਥੋਂ ਚਲੇ ਗਏ। ਮਿਸ਼ਨ ਨੇ ਕਿਹਾ ਹੈ ਕਿ ਇਸ ਘਟਨਾ ਨੇ ਉਨਾਂ ਨੂੰ ਬੁਰੀ ਤਰਾਂ ਝੰਝੋੜ ਦਿੱਤਾ ਹੈ।