ਫਰਿਜ਼ਨੋ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 27ਵੀਂ ਬਰਸੀ ਮੌਕੇ ਵਿਸ਼ੇਸ਼ ਸਮਾਗਮ

ਫਰਿਜ਼ਨੋ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 27ਵੀਂ ਬਰਸੀ ਮੌਕੇ ਵਿਸ਼ੇਸ਼ ਸਮਾਗਮ

ਅੰਮ੍ਰਿਤਸਰ ਟਾਈਮਜ਼

ਫਰਿਜ਼ਨੋ (ਕੈਲੀਫੋਰਨੀਆਂ)ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ : ਸਥਾਨਿਕ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਬਣੇ ਖਾਲੜਾ ਪਾਰਕ ਵਿੱਚ ਲੰਘੇ ਸ਼ਨੀਵਾਰ ਇੰਡੋ-ਯੂ.ਐਸ. ਹੈਰੀਟੇਜ਼ ਫਰਿਜ਼ਨੋ ਵੱਲੋਂ ਬਾਬਿਆਂ ਵਾਲੀ ਪਾਰਕ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ‘ਤੇ ਜੈਕਾਰਾ ਮੂਵਮਿੰਟ ਦੇ ਨੌਜਵਾਨਾਂ ਦੇ ਉੱਦਮ ਸਦਕੇ ਇੱਕ ਵਿਸ਼ੇਸ਼ ਸਮਾਗਮ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 27ਵੀਂ ਬਰਸੀ ਨੂੰ ਮੁੱਖ ਰੱਖਕੇ ਕਰਵਾਇਆ ਗਿਆ। ਇਸ ਮੌਕੇ ਜਿੱਥੇ ਸ਼ਹੀਦ  ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਗਿਆ, ਓਥੇ ਹੀ 9/11 ਦੀ 21ਵੀ ਬਰਸੀ ਮੌਕੇ ਅਮਰੀਕਾ ਵਿੱਚ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਤਿੰਨ ਹਜ਼ਾਰ ਤੋਂ ਵੱਧ ਨਿਰਦੋਸ਼ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ।

ਇਸ ਮੌਕੇ ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ 700 ਤੋਂ ਵੱਧ ਕਿਸਾਨਾਂ ਨੂੰ ਵੀ ਨਮਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਗਿਆਨੀ ਜੀ ਨੇ ਜਪੁਜੀ ਸਹਿਬ ਜੀ ਦਾ ਪਾਠ ਕਰਕੇ ਅਰਦਾਸ ਉਪਰੰਤ ਕੀਤੀ। ਸਟੇਜ ਦੀ ਸ਼ੁਰੂਆਤ ਰਾਜ ਕਿਸ਼ਨਪੁਰਾ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਇਸ ਪਿੱਛੋਂ ਗਾਇਕ ਕਮਲਜੀਤ ਬੈਨੀਪਾਲ ਅਤੇ ਸ਼ਾਇਰ ਰਣਜੀਤ ਗਿੱਲ (ਜੱਗਾ ਸਧਾਰ) ਨੇ ਕਵਿਸ਼ਰੀ ਗਾਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਪੰਛੀ ਝਾਤ ਪਵਾਈ। ਯਮਲੇ ਜੱਟ  ਦੇ ਲਾਡਲੇ ਸ਼ਗਿਰਦ ਰਾਜ ਬਰਾੜ ਨੇ ਇਨਕਲਾਬੀ ਗੀਤਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਨਿਰਮਲ ਸਿੰਘ ਧਨੌਲਾ, ਸਾਧੂ ਸਿੰਘ ਸੰਘਾ, ਰਣਜੀਤ ਗਿੱਲ, ਗੁਰਦੀਪ ਸ਼ੇਰਗਿੱਲ, ਕਮਲਜੀਤ ਕੌਰ ਮਾਨ, ਮਹਿੰਦਰ ਸਿੰਘ ਸੰਧਾਵਾਲੀਆ, ਸੁਖਦੇਵ ਸਿੰਘ ਚੀਮਾ, ਸੁਖਦੇਵ ਸਿੰਘ ਸਿੱਧੂ, ਨੈਂਣਦੀਪ ਸਿੰਘ ਚੰਨ, ਜੋਤ ਰਣਜੀਤ ਕੌਰ, ਹਰਦੇਵ ਸਿੰਘ ਰਸੂਲਪੁਰ, ਮਲਕੀਤ ਸਿੰਘ ਕਿੰਗਰਾ, ਹਰਨੇਕ ਸਿੰਘ ਲੋਹਗੜ, ਆਦਿ ਨੇ ਇਨਕਲਾਬੀ  ਕਵਿਤਾਵਾਂ ਅਤੇ ਤਕਰੀਰਾਂ ਨਾਲ ਹਾਜ਼ਰੀ ਭਰੀ। ਇਸ ਮੌਕੇ ਬੌਬ ਕਾਂਨ੍ਹ,ਮਿਗਓਲ ਅਰੀਸ (ਕੌਂਸਲ ਮੈਂਬਰ) ਨੇ ਸਿਟੀ ਵੱਲੋ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ। ਇਸ ਮੌਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਉਹਨਾਂ ਦੀ ਧੀ ਬੀਬੀ ਨਵਕਿਰਨ ਕੌਰ ਖਾਲੜਾ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ।

ਇਸ ਮੌਕੇ ਬਾਬਿਆ ਦੀ ਪਾਰਕ ਕਮੇਟੀ ਵੱਲੋਂ ਉਹਨਾਂ ਨੂੰ ਸ਼ਾਲ ਦੇਕੇ ਨਿਵਾਜਿਆ ਗਿਆ। ਇਸ ਮੌਕੇ ਸਿੱਖ ਮੋਟਰਸਾਈਕਲ ਕਲੱਬ ਸਟਾਕਟਨ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਗੁਰਦਵਾਰਾ ਸਹਿਬ ਮਡੇਰਾ ਦੀ ਕਮੇਟੀ ਨੇ ਸ਼ਾਨਦਾਰ ਪ੍ਰਦਰਸ਼ਨੀ ਵੀ ਲਾਈ, ਜੋ ਕਿ ਲੋਕਾਂ ਲਈ ਖ਼ਾਸ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਚਾਹ ਪਕੌੜਿਆ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਪਰ ਲਿਖੀ ਪੁਸਤਕ ਮਰਜੀਵੜਾ ਵੀ ਵੰਡੀ ਗਈ। ਇਸ ਮੌਕੇ ਖਾਲੜਾ ਸਾਬ੍ਹ ਦੇ ਕੁੜਮ ਸ. ਅਮਰੀਕ ਸਿੰਘ ਗਿੱਲ, ਦਵਾਈ ਦਲਬੀਰ ਸਿੰਘ ਗਿੱਲ ਨੂੰ ਵੀ ਸਿਰੋਪਾਓ ਨਾਲ ਨਿਵਾਜਿਆ ਗਿਆ। ਖਾਲੜਾ ਸਾਬ੍ਹ ਦੇ ਦੋਹਤਰੇ ਨੂੰ ਵੀ ਬਾਬਿਆ ਦੀ ਕਮੇਟੀ ਵੱਲੋ ਸ਼ਗਨ ਦਿੱਤਾ ਗਿਆ। ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਿਹਰਾ ਸਮੂਹ ਇੰਡੋ-ਯੂ. ਐਸ. ਹੈਰੀਟੇਜ਼ , ਸਮੂਹ ਬਾਬਿਆ ਦੀ ਪਾਰਕ ਕਮੇਟੀ ਮੈਂਬਰ ਅਤੇ ਜੈਕਾਰਾ ਮੂਵਮਿੰਟ ਦੇ ਅਣਥੱਕ ਮੈਂਬਰਾਂ ਸਿਰ ਬੱਝਦਾ  ਹੈ। ਇਸ ਮੌਕੇ ਇੰਡੋ - ਯੂ. ਐਸ. ਹੈਰੀਟੇਜ਼ ਅਤੇ ਬਾਬਿਆਂ ਦੀ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਸਤੰਬਰ ਦੇ ਤੀਸਰੇ ਸ਼ਨੀਵਾਰ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਬਰਸੀ ਹਰੇਕ ਸਾਲ ਮਨਾਈ ਜਾਇਆ ਕਰੇਗੀ ਅਤੇ ਸੰਗਤ ਦੇ ਸਹਿਯੋਗ  ਲਈ ਅਤੇ ਵਲੰਟੀਅਰ ਵੀਰਾ ਦੀ ਮਿਹਨਤ ਲਈ ਉਹਨਾਂ ਦਾ ਸ਼ਪੈਸ਼ਲ ਧੰਨਵਾਦ ਕੀਤਾ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਪੂਰੇ ਸਮਾਗਮ ਦੌਰਾਨ ਸਟੇਜ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਬਾਖੂਬੀ ਕੀਤਾ। ਸ਼ਾਮ ਨੂੰ ਗਿੱਲ ਟਰੱਕਿੰਗ ਵਾਲੇ ਜੰਗੀਰ ਸਿੰਘ ਗਿੱਲ ਨੇ ਪ੍ਰਬੰਧਕਾਂ ਲਈ ਪ੍ਰੀਤੀ ਭੋਜਨ ਦਾ ਪ੍ਰਬੰਧ ਕੀਤਾ।