ਬਾਦਲਾਂ ਨੇ ਫਰੀਦਕੋਟ ਰੈਲੀ ‘ਚ ਮਾਰੇ ਦਬਕੇ, ਮਾਹੌਲ ਖਰਾਬ ਹੋਣ ਦੀਆਂ ਦਿੱਤੀਆਂ ਧਮਕੀਆਂ

ਬਾਦਲਾਂ ਨੇ ਫਰੀਦਕੋਟ ਰੈਲੀ ‘ਚ ਮਾਰੇ ਦਬਕੇ, ਮਾਹੌਲ ਖਰਾਬ ਹੋਣ ਦੀਆਂ ਦਿੱਤੀਆਂ ਧਮਕੀਆਂ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਰੀਦਕੋਟ ਵਿਚ ਰੈਲੀ ਦੌਰਾਨ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨਾਲ ਕੋਈ ਨੁਕਤਾ ਸਾਂਝਾ ਕਰਦੇ ਹੋਏ।

ਫ਼ਰੀਦਕੋਟ/ਬਿਊਰੋ ਨਿਊਜ਼ :
ਬਾਦਲ ਦਲ ਵੱਲੋਂ ਫਰੀਦਕੋਟ ਵਿਚ ਭਾੜੇ ਦੇ ਬੰਦੇ ਢੋਹ ਕੇ ਰੈਲੀ ਕੀਤੀ ਗਈ ਜਿਸ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸਮੁੱਚੀ ਸੀਨੀਅਰ ਲੀਡਰਸ਼ਿਪ ਹਾਜ਼ਰ ਰਹੀ। ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਤੇ ਪੰਥਕ ਧਿਰਾਂ ਵੱਲੋਂ ਬਰਗਾੜੀ ਵਿਚ ਗੋਲੀ ਕਿਸ ਨੇ ਚਲਾਈ ਅਤੇ ਗੁਰੂ ਗੰ੍ਰਥ ਦੀ ਬੇਅਦਬੀ ਦੇ ਦੋਸ਼ੀ ਸਿਰਸੇ ਵਾਲਿਆਂ ਦੀ ਬਾਦਲਾਂ ਨੇ ਪੁਸ਼ਤ ਪਨਾਹੀ ਕਿਉਂ ਕੀਤੀ ਆਦਿ ਸਵਾਲਾਂ ਦੇ ਜਵਾਬ ਦੇਣ ਦੀ ਥਾਂ ‘ਸ਼ਹਾਦਤ’ ਦੇਣ ਦੀਆਂ ਫੋਕੀਆਂ ਫੜ੍ਹਾਂ ਮਾਰੀਆਂ ਗਈਆਂ। ਉਨ੍ਹਾਂ ਕਿਹਾ ਕਿ ਉਹ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਭਾਈਚਾਰੇ ਨੂੰ ਬਚਾਈ ਰੱਖਣ ਲਈ ਆਪਣੀ ਅਤੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ ਜਾਨ ਕੁਰਬਾਨ ਕਰਨ ਲਈ ਤਿਆਰ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੋਈ ਉਨ੍ਹਾਂ ਨੂੰ ਰੈਲੀ ਵਿਚ ਮਾਰਨ ਲਈ ਅਇਆ ਸੀ ਅਤੇ ਇਕ ਵਿਅਕਤੀ ਨੂੰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਥਕ ਆਗੂਆਂ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਨੂੰ ਕਾਂਗਰਸ ਦੀਆਂ ‘ਕਠਪੁਤਲੀਆਂ’ ਕਰਾਰ ਦਿੱਤਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸੱਤਾ ‘ਚ ਆਉਣ ਮਗਰੋਂ ਬੇਅਦਬੀ ਦੀਆਂ 73 ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਪਾਰਟੀ ਵੱਲੋਂ ਸਿੱਖ ਗੁਰਧਾਮਾਂ ਅਤੇ ਸ੍ਰੋਮਣੀ ਕਮੇਟੀ ‘ਤੇ ਕਬਜ਼ੇ ਲਈ ‘ਪਾੜੋ ਅਤੇ ਰਾਜ ਕਰੋ’ ਦਾ ਪੁਰਾਣਾ ਫਾਰਮੂਲਾ ਅਪਣਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੇਦਅਬੀ ਕਾਂਡ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੀ ਜਾਂਚ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਦੋਸ਼ਾਂ ‘ਚ ਘਿਰੇ ਬਾਦਲ ਦਲ ਨੇ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਫਰੀਦਕੋਟ ਵਿਚ ਰੈਲੀ ਰੱਖੀ ਸੀ।
ਦੂਜੇ ਅਕਾਲੀ ਆਗੂਆਂ ਨੇ ਵੀ ਬੇਅਦਬੀ ਕਾਂਡ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਬੋਲਣ ਦੀ ਥਾਂ ਸਾਕਾ ਨੀਲਾ ਤਾਰਾ ਅਤੇ ’84 ਦੇ ਦੰਗਿਆਂ ਬਾਰੇ ਬੋਲਣ ਨੂੰ ਹੀ ਪਹਿਲ ਦਿੱਤੀ। ਕਰੀਬ ਤਿੰਨ ਘੰਟੇ ਚੱਲੀ ਇਸ ਰੈਲੀ ਨੂੰ ਬਲਵਿੰਦਰ ਸਿੰਘ ਭੂੰਦੜ, ਬਿਕਰਮਜੀਤ ਸਿੰਘ ਮਜੀਠੀਆ, ਵਿਰਸਾ ਸਿੰਘ ਵਲਟੋਹਾ, ਬੀਬੀ ਜੰਗੀਰ ਕੌਰ, ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਮਨਤਾਰ ਸਿੰਘ ਬਰਾੜ ਨੇ ਸੰਬੋਧਨ ਕੀਤਾ। ਅਕਾਲੀ ਦਲ ਨੇ ਦਾਅਵਾ ਕੀਤਾ ਕਿ ਇਸ ਰੈਲੀ ਵਿੱਚ ਰੋਕਾਂ ਦੇ ਬਾਵਜੂਦ ਰਿਕਾਰਡ ਤੋੜ ਇਕੱਠ ਹੋਇਆ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰੈਲੀ ਦੀ ਸਫ਼ਲਤਾ ਲਈ ਵਰਕਰ ਗੋਲਡ ਮੈਡਲ ਦੇ ਹੱਕਦਾਰ ਹਨ। ਇਸ ਰੈਲੀ ਨੂੰ ਭਾਜਪਾ ਆਗੂ ਰਜਿੰਦਰ ਕੁਮਾਰ ਭੰਡਾਰੀ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ, ਲਖਵੀਰ ਸਿੰਘ ਅਰਾਈਆਂਵਾਲਾ, ਨਵਦੀਪ ਸਿੰਘ ਬੱਬੂ ਬਰਾੜ, ਦਲਜੀਤ ਸਿੰਘ, ਚਰਨਜੀਤ ਸਿੰਘ ਅਟਵਾਲਾ, ਸਿਕੰਦਰ ਸਿੰਘ ਮਲੂਕਾ ਆਦਿ ਨੇ ਵੀ ਸੰਬੋਧਨ ਕੀਤਾ।

ਇਸ ਦੌਰਾਨ ਪੰਥਕ ਧੜੇ ਦੇ ਤਿੰਨ ਸੌ ਤੋਂ ਵੱਧ ਸਿੱਖ ਆਗੂਆਂ ਤੇ ਵਰਕਰਾਂ ਨੇ ਕਾਲੇ ਝੰਡਿਆਂ ਨਾਲ ਬਰਗਾੜੀ ਤੋਂ ਲੈ ਕੇ ਫਰੀਦਕੋਟ ਤੱਕ ਵਿਸ਼ਾਲ ਰੋਸ ਮਾਰਚ ਕੀਤਾ। ਹਜ਼ਾਰ ਦੇ ਕਰੀਬ ਪੁਲੀਸ ਮੁਲਾਜ਼ਮਾਂ ਨੇ ਪੰਥਕ ਧਿਰਾਂ ਨੂੰ ਕਰੀਬ ਦੋ ਘੰਟੇ ਤੱਕ ਰੋਕੀ ਰੱਖਿਆ। ਜਦੋਂ ਸੁਖਬੀਰ ਸਿੰਘ ਬਾਦਲ ਰੈਲੀ ਨੂੰ ਸੰਬੋਧਨ ਕਰਨ ਲੱਗੇ ਤਾਂ ਪੰਥਕ ਧਿਰਾਂ ਨੇ ਆਖਰੀ ਬੈਰੀਕੇਡ ਵੀ ਪੁੱਟ ਦਿੱਤਾ ਅਤੇ ਰੈਲੀ ਵੱਲ ਵਧਣ ਵਧਣ ਲੱਗੇ। ਹਥਿਆਰਾਂ ਨਾਲ ਲੈਸ ਸਿੱਖ ਆਗੂਆਂ ਨੇ ਅਕਾਲੀ ਆਗੂਆਂ ਦੇ ਸ਼ਹਿਰ ਵਿੱਚ ਲੱਗੇ ਫਲੈਕਸ ਬੋਰਡ ਫਾੜ ਦਿੱਤੇ। ਰੈਲੀ ਖਤਮ ਹੋਣ ਤੋਂ ਬਾਅਦ ਅਕਾਲੀ ਵਰਕਰਾਂ ਤੇ ਆਗੂਆਂ ਦੇ ਵਾਹਨ ਜਦੋਂ ਵਾਪਸ ਜਾਣ ਲੱਗੇ ਤਾਂ ਗਰਮ ਦਲੀਆਂ ਨੇ ਜੁਬਲੀ ਸਿਨੇਮਾ ਚੌਕ ਅਤੇ ਰੇਲਵੇ ਸਟੇਸ਼ਨ ਨੇੜੇ ਦੋ ਬੱਸਾਂ ਨੂੰ ਭੰਨ ਦਿੱਤਾ ਜਦੋਂ ਕਿ ਕੋਤਵਾਲੀ ਸਾਹਮਣੇ ਇੱਕ ਕਾਰ ਤੋੜ ਦਿੱਤੀ। ਆਈ.ਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਨੈਸ਼ਨਲ ਹਾਈਵੇ ਰੋਕਣ ਅਤੇ ਭੰਨ ਤੋੜ ਕਰਨ ਦੇ ਦੋਸ਼ੀਆਂ ਖਿਲਾਫ਼ ਪਰਚੇ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਰੀਦਕੋਟ ਵਿੱਚ ਰੈਲੀ ਦੌਰਾਨ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨਾਲ ਕੋਈ ਨੁਕਤਾ ਸਾਂਝਾ ਕਰਦੇ ਹੋਏ।

ਪੰਥਕ ਧਿਰਾਂ ਵੱਲੋਂ ਅਕਾਲੀ ਦਲ ਦੀ ਰੈਲੀ ਦਾ ਜ਼ਬਰਦਸਤ ਵਿਰੋਧ
ਫ਼ਰੀਦਕੋਟ/ਬਿਊਰੋ ਨਿਊਜ਼ :
ਬਾਦਲਕਿਆਂ ਲਈ ਵਕਾਰ ਦਾ ਸੁਆਲ ਬਣੀ ਫ਼ਰੀਦਕੋਟ ਰੈਲੀ ਦਾ ਪੰਥਕ ਧਿਰਾਂ ਵੱਲੋਂ ਜ਼ਬਰਤਸਤ ਵਿਰੋਧ ਕੀਤਾ ਗਿਆ। 300 ਤੋਂ ਵੱਧ ਹਥਿਆਰਬੰਦ ਸਿੱਖ ਆਗੂਆਂ ਤੇ ਵਰਕਰਾਂ ਨੇ ਕਾਲੇ ਝੰਡਿਆਂ ਨਾਲ ਬਰਗਾੜੀ ਤੋਂ ਲੈ ਕੇ ਫ਼ਰੀਦਕੋਟ ਤੱਕ ਵਿਸ਼ਾਲ ਰੋਸ ਮਾਰਚ ਕੀਤਾ। ਪੁਲੀਸ ਨੇ ਇਨ੍ਹਾਂ ਪੰਥਕ ਆਗੂਆਂ ਨੂੰ ਰੋਕਣ ਲਈ ਕੋਟਕਪੂਰਾ, ਸੰਧਵਾਂ ਤੇ ਮਾਈ ਗੋਦੜੀ ਸਾਹਿਬ ਨਜ਼ਦੀਕ ਬੈਰੀਕੇਡ ਲਾਏ ਹੋਏ ਸਨ। ਇਨ੍ਹਾਂ ਆਗੂਆਂ ਨੇ ਪੁਲੀਸ ਦੇ ਲਾਏ ਬੈਰੀਗੇਡ ਪੁੱਟ ਦਿੱਤੇ ਤੇ ਬਾਅਦ ਵਿਚ ਭਾਰੀ ਸੁਰੱਖਿਆ ਬਲਾਂ ਨੇ ਪੰਥਕ ਧਿਰਾਂ ਨੂੰ ਨਹਿਰਾਂ ਵਾਲੇ ਪੁਲ ‘ਤੇ ਰੋਕ ਲਿਆ।
ਇਸ ਮੌਕੇ ਸਥਿਤੀ ਗੰਭੀਰ ਹੋਣ ਕਾਰਨ ਆਈਜੀ. ਮੁਖਵਿੰਦਰ ਸਿੰਘ ਛੀਨਾ ਅਤੇ ਜ਼ਿਲ੍ਹਾ ਪੁਲੀਸ ਮੁਖੀ ਰਾਜ ਬਚਨ ਸਿੰਘ ਨੂੰ ਖ਼ੁਦ ਮੋਰਚਾ ਸੰਭਾਲਣਾ ਪਿਆ। ਇਕ ਹਜ਼ਾਰ ਦੇ ਕਰੀਬ ਪੁਲੀਸ ਮੁਲਾਜ਼ਮਾਂ ਨੇ ਪੰਥਕ ਧਿਰਾਂ ਨੂੰ ਕਰੀਬ ਦੋ ਘੰਟੇ ਤਕ ਰੋਕੀ ਰੱਖਿਆ। ਸੁਖਬੀਰ ਸਿੰਘ ਬਾਦਲ ਰੈਲੀ ਨੂੰ ਸੰਬੋਧਨ ਕਰਨ ਲੱਗੇ ਤਾਂ ਪੰਥਕ ਧਿਰਾਂ ਨੇ ਆਖਰੀ ਬੈਰੀਕੇਡ ਵੀ ਪੁੱਟ ਦਿੱਤਾ ਅਤੇ ਰੈਲੀ ਵੱਲ ਵਧਣ ਲੱਗੇ। ਹਥਿਆਰਾਂ ਨਾਲ ਲੈਸ ਸਿੱਖ ਆਗੂਆਂ ਨੇ ਅਕਾਲੀ ਆਗੂਆਂ ਦੇ ਸ਼ਹਿਰ ਵਿਚ ਲੱਗੇ ਫਲੈਕਸ ਵੀ ਪਾੜ ਦਿੱਤੇ। ਪੁਲੀਸ ਨੇ ਜੁਬਲੀ ਸਿਨੇਮਾ ਚੌਕ ਵਿੱਚ ਇਨ੍ਹਾਂ ਆਗੂਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਰੈਲੀ ਖਤਮ ਹੋਣ ਤੋਂ ਬਾਅਦ ਅਕਾਲੀ ਵਰਕਰਾਂ ਤੇ ਆਗੂਆਂ ਦੇ ਵਾਹਨ ਜਦੋਂ ਵਾਪਸ ਜਾਣ ਲੱਗੇ ਤਾਂ ਗਰਮਦਲੀਆਂ ਨੇ ਜੁਬਲੀ ਸਿਨੇਮਾ ਚੌਕ ਅਤੇ ਰੇਲਵੇ ਸਟੇਸ਼ਨ ਨੇੜੇ ਦੋ ਬੱਸਾਂ ਭੰਨ ਦਿੱਤੀਆਂ, ਜਦੋਂਕਿ ਕੋਤਵਾਲੀ ਸਾਹਮਣੇ ਇਕ ਆਲਟੋ ਕਾਰ ਤੋੜ ਦਿਤੀ। ਇਸ ਸਾਰੇ ਵਾਹਨ ਅਕਾਲੀ ਦਲ ਦੀ ਰੈਲੀ ਵਿਚ ਆਏ ਸਨ।
ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਕੌਮੀ ਸ਼ਾਹਰਾਹ ਰੋਕਣ ਅਤੇ ਭੰਨ-ਤੋੜ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਭੰਨ-ਤੋੜ ਦੇ ਮਾਮਲੇ ਵਿਚ ਚਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਮੁਖ ਮੰਤਰੀ ਨੂੰ ਫ਼ਰੀਦਕੋਟ ਆਉਣ ‘ਤੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਇਕ ਵਿਅਕਤੀ ਨੂੰ ਪੁਲੀਸ ਨੇ ਰਿਵਾਲਵਰ ਸਮੇਤ ਹਿਰਾਸਤ ਵਿਚ ਲਿਆ ਹੈ। ਸਾਬਕਾ ਮੁੱਖ ਮੰਤਰੀ ਨੇ ਖ਼ੁਦ ਮੰਨਿਆ ਕਿ ਉਨ੍ਹਾਂ ਨੂੰ ਫ਼ਰੀਦਕੋਟ ਆਉਣ ‘ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਪਰ ਪੁਲੀਸ ਨੇ ਹਾਲ ਦੀ ਘੜੀ ਧਮਕੀ ਦੇਣ ਵਾਲੇ ਨੂੰ ਹਿਰਾਸਤ ਵਿਚ ਲੈਣ ਬਾਰੇ ਪੁਸ਼ਟੀ ਨਹੀਂ ਕੀਤੀ। ਉਂਜ, ਪੁਲੀਸ ਸੂਤਰਾਂ ਅਨੁਸਾਰ ਸੋਸ਼ਲ ਮੀਡੀਆ ‘ਤੇ ਸ੍ਰੀ ਬਾਦਲ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਸਵੇਰੇ ਹੀ ਪੁਲੀਸ ਨੇ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਹਿਰਾਸਤ ਵਿਚ ਲੈ ਲਿਆ ਸੀ।